‘ਇੰਡੀਆ’ ਮੁੜ ਪੈਰਾਂ ’ਤੇ
ਕੌਮੀ ਪੱਧਰ ’ਤੇ ਵਿਰੋਧੀ ਪਾਰਟੀਆਂ ਦੇ ਸਾਂਝੇ ਗੱਠਜੋੜ ‘ਇੰਡੀਆ’ ਦੇ ਪ੍ਰਮੁੱਖ ਭਿਆਲਾਂ ਨੇ ਆਖਿ਼ਰ ਲੋਕ ਸਭਾ ਚੋਣਾਂ ਲਈ ਮੁੱਢਲੀ ਤਿਆਰੀ ਵਿੱਢ ਦਿੱਤੀ ਹੈ। ਦਿੱਲੀ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਸੀਟਾਂ ਦੀ ਵੰਡ ਬਾਰੇ ਸਮਝੌਤਾ ਸਿਰੇ ਚੜ੍ਹਾਉਣ ਦੇ ਨੇੜੇ ਹਨ। ਰਾਜਧਾਨੀ ਦੀਆਂ ਸੱਤ ਸੀਟਾਂ ਵਿੱਚੋਂ ‘ਆਪ’ ਚਾਰ ਉੱਤੇ ਚੋਣ ਲੜੇਗੀ ਅਤੇ ਬਾਕੀ ਤਿੰਨ ਸੀਟਾਂ ਕਾਂਗਰਸ ਲਈ ਛੱਡਣ ਦੇ ਆਸਾਰ ਹਨ। ਸੀਨੀਅਰ ‘ਆਪ’ ਆਗੂਆਂ ਦੇ ਕੇਂਦਰੀ ਜਾਂਚ ਏਜੰਸੀਆਂ ਦੇ ਘੇਰੇ ’ਚ ਆਉਣ ਦੇ ਮੱਦੇਨਜ਼ਰ ਪਾਰਟੀ ਭਾਜਪਾ ਨੂੰ ਜੜ੍ਹੋਂ ਪੁੱਟਣ ਲਈ ਕਾਂਗਰਸ ’ਤੇ ਭਰੋਸਾ ਕਰ ਰਹੀ ਹੈ। ‘ਆਪ’ ਨੇ ਭਾਵੇਂ 2015 ਤੇ 2019 ਦੀਆਂ ਦੋਵੇਂ ਵਿਧਾਨ ਸਭਾ ਚੋਣਾਂ ਵੱਡੇ ਫ਼ਰਕ ਨਾਲ ਜਿੱਤੀਆਂ ਸਨ ਪਰ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ 2014 ’ਚ ਵੀ ਅਤੇ 2019 ’ਚ ਵੀ ਭਾਜਪਾ ਦੇ ਹਿੱਸੇ ਆਈਆਂ ਸਨ। ‘ਆਪ’ ਨੂੰ ਇਸ ਵਾਰ ਪਾਸਾ ਪਲਟਣ ਦੀ ਆਸ ਹੈ ਤੇ ਨਾਲ ਹੀ ਕਾਂਗਰਸ ਵੀ ਆਪਣੀ ਸੁੱਤੀ ਕਲਾ ਜਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਪਿਛਲੇ ਇਕ ਦਹਾਕੇ ਦੌਰਾਨ ਕੌਮੀ ਰਾਜਧਾਨੀ ਵਿਚ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਹੈ। ਜਾਪਦਾ ਹੈ ਕਿ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿਚ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ ਜਿੱਤ ਮਿਲਣ ਮਗਰੋਂ ਦੋਵੇਂ ਪਾਰਟੀਆਂ ਹੁਣ ਆਪਣੇ ਮੱਤਭੇਦ ਤੇ ਵਖਰੇਵਿਆਂ ਨੂੰ ਪਾਸੇ ਰੱਖਣ ਦੇ ਰਾਹ ਪਈਆਂ ਹਨ। ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਇਨ੍ਹਾਂ ਦੋਵਾਂ ਦਾ ਸੀਟਾਂ ਦੀ ਵੰਡ ਬਾਰੇ ਸਮਝੌਤਾ ਲਗਭਗ ਮੁਕੰਮਲ ਮੰਨਿਆ ਜਾ ਰਿਹਾ ਹੈ ਹਾਲਾਂਕਿ ਪੰਜਾਬ ਵਿਚ ਦੋਹਾਂ ਪਾਰਟੀਆਂ ਵਿਚਕਾਰ ਸਹਿਮਤੀ ਬਣਨ ਬਾਰੇ ਭੇਤ ਅਜੇ ਬਰਕਰਾਰ ਹੈ।
ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਸਿਰੇ ਚਾੜ੍ਹ ਲਿਆ ਹੈ। ਸਮਾਜਵਾਦੀ ਪਾਰਟੀ 63 ਅਤੇ ਕਾਂਗਰਸ 17 ਸੀਟਾਂ ’ਤੇ ਚੋਣਾਂ ਲੜੇਗੀ। ‘ਇੰਡੀਆ’ ਗੱਠਜੋੜ ਦੇ ਭਿਆਲਾਂ ਵਿਚਕਾਰ ਇਹ ਪਹਿਲਾ ਵੱਡਾ ਸਮਝੌਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਦੋਵਾਂ ਪਾਰਟੀਆਂ ਨੇ ਮੱਧ ਪ੍ਰਦੇਸ਼ ਵਿਚ ਵੀ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਪਹਿਲਾਂ ਅਸੈਂਬਲੀ ਚੋਣਾਂ ਵੇਲੇ ਇਨ੍ਹਾਂ ਵਿਚਕਾਰ ਸਮਝੌਤਾ ਨਹੀਂ ਹੋ ਸਕਿਆ ਸੀ। ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਉਹ ਦੇਸ਼ ਦੇ ਵੱਖ ਵੱਖ ਸੂਬਿਆਂ ਅੰਦਰ ਆਪਣੇ ਦਮ ’ਤੇ ਭਾਜਪਾ ਦਾ ਟਾਕਰਾ ਨਹੀਂ ਕਰ ਸਕਦੀਆਂ
ਹਾਲਾਂਕਿ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਚ ਇਕੱਲਿਆਂ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਜਨਤਾ ਦਲ (ਯੂ) ਦੇ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਪਲਟੀ ਮਾਰ ਕੇ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨਾਲ ਹੱਥ ਮਿਲਾ ਲਏ ਹਨ ਅਤੇ ਅਸ਼ੋਕ ਚਵਾਨ ਵਰਗੇ ਕੁਝ ਆਗੂਆਂ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਨੇ ਆਪਣੇ ਕੁਲੀਸ਼ਨ ਭਿਆਲਾਂ ਨੂੰ ਨਾਲ ਰੱਖਣ ਲਈ ਨਰਮ ਸੁਰ ਅਪਣਾ ਲਈ ਹੈ। ‘ਇੰਡੀਆ’ ਗੱਠਜੋੜ ਨੂੰ ਕਈ ਝਟਕੇ ਲੱਗਣ ਤੋਂ ਬਾਅਦ ਹੁਣ ਇਕ ਵਾਰ ਫਿਰ ਇਹ ਆਪਣੇ ਪੈਰਾਂ ’ਤੇ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਆਉਣ ਵਾਲੇ ਦਿਨਾਂ ਦੌਰਾਨ ਜੇਕਰ ਕਾਂਗਰਸ ਦਾ ਵਿਰੋਧੀ ਧਿਰ ਵਾਲੀਆਂ ਹੋਰ ਪਾਰਟੀਆਂ ਨਾਲ ਚੁਣਾਵੀ ਤਾਲਮੇਲ ਬੈਠ ਜਾਂਦਾ ਹੈ ਤਾਂ ‘ਇੰਡੀਆ’ ਗੱਠਜੋੜ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਟੱਕਰ ਦੇ ਸਕਦਾ ਹੈ।