ਕੈਨੇਡੀਅਨਾਂ ’ਤੇ ਡਿਪਲੋਮੈਟਾਂ ਰਾਹੀਂ ਹਮਲੇ ਕਰਵਾ ਰਿਹੈ ਭਾਰਤ: ਟਰੂਡੋ
ਵਾਸ਼ਿੰਗਟਨ, 15 ਅਕਤੂਬਰ
ਭਾਰਤ ਤੇ ਕੈਨੇਡਾ ਵਿਚਾਲੇ ਜਾਰੀ ਸਫ਼ਾਰਤੀ ਤਣਾਅ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਏ ਹਨ ਕਿ ਕੈਨੇਡੀਅਨ ਨਾਗਰਿਕਾਂ ਉਤੇ ਉਨ੍ਹਾਂ ਦੇ ਆਪਣੇ ਮੁਲਕ ਵਿਚ ਹਮਲੇ ਕਰਨ ਲਈ ਭਾਰਤ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਅਪਰਾਧ (ਨੂੰ ਅੰਜਾਮ ਦੇਣ ਵਾਲਿਆਂ) ਦੀ ਵਰਤੋਂ ਕਰ ਰਿਹਾ ਹੈ ਅਤੇ ਕੈਨੇਡਾ ਦੇ ਨਾਗਰਿਕ ਆਪਣੀ ਹੀ ਧਰਤੀ ਉੱਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਨੂੰ ਨਵੀਂ ਦਿੱਲੀ ਦੀ ‘ਮਿਸਾਲੀ ਗ਼ਲਤੀ’ ਕਰਾਰ ਦਿੱਤਾ ਹੈ।
ਟਰੂਡੋ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਭਾਰਤ ਵੱਲੋਂ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਕੈਨੇਡਾ ਵਿਚਲੇ ਭਾਰਤੀ ਹਾਈ ਕਮਿਸ਼ਨਰ ਅਤੇ ‘ਨਿਸ਼ਾਨਾ ਬਣਾਏ ਗਏ’ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੀਤੀਆਂ ਹਨ। ਭਾਰਤ ਨੇ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਨਾਲ ਭਾਰਤੀ ਸਫ਼ੀਰਾਂ ਦਾ ਨਾਂ ਜੋੜਦਿਆਂ ਓਟਵਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਨੇ ਵੀ ਛੇ ਭਾਰਤੀ ਡਿਪਲੋਮੈਟਾਂ ਨੂੰ ਮੁਲਕ ਵਿਚੋਂ ਬਰਤਰਫ਼ ਕਰ ਦਿੱਤਾ ਸੀ। ਭਾਰਤ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਮਾਮਲੇ ਵਿਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਕੈਨੇਡਾ ਦੇ ਦੋਸ਼ਾਂ ਦਾ ਲਗਾਤਾਰ ਜ਼ੋਰਦਾਰ ਖੰਡਨ ਕਰਦਾ ਆ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਸਾਲ ਸਤੰਬਰ ਵਿਚ ਨਿੱਝਰ ਦੇ ਕਤਲ ਕੇਸ ਵਿਚ ਭਾਰਤੀ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਤਣਾਅ ਬਣਿਆ ਹੋਇਆ ਹੈ।
ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੇ ਬੀਤੇ ਦਿਨੀਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿਚ ‘ਵੱਡੇ ਪੱਧਰ ’ਤੇ ਹਿੰਸਾ’ ਫੈਲਾਉਣ ਵਿਚ ਸ਼ਾਮਲ ਹਨ, ਜਿਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਬਦ ਤੋਂ ਬਦਤਰ ਹੋ ਗਏ। ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਮੁਤਾਬਕ ਆਰਸੀਐੱਮਪੀ ਨੇ ਕਿਹਾ ਸੀ ਕਿ ਇਸ ਨਾਲ ‘ਕੈਨੇਡਾ ਵਿਚ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ’ ਪੈਦਾ ਹੁੰਦਾ ਹੈ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਭਾਰਤ ਨੇ ਆਪਣੇ ਡਿਪਲੋਮੈਟਾਂ ਅਤੇ ਜਥੇਬੰਦ ਅਪਰਾਧੀਆਂ ਦੀ ਚੋਣ, ਕੈਨੇਡੀਅਨਾਂ ਉਤੇ ਹਮਲੇ ਕਰਨ ਅਤੇ ਉਨ੍ਹਾਂ ਨੂੰ ਇਥੇ (ਉਨ੍ਹਾਂ ਦੇ) ਘਰ ਵਿਚ ਹੀ ਅਸੁਰੱਖਿਅਤ ਮਹਿਸੂਸ ਕਰਾਉਣ, ਅਤੇ ਇੰਨਾ ਹੀ ਨਹੀਂ ਸਗੋਂ ਹਿੰਸਕ ਕਾਰਵਾਈਆਂ ਤੇ ਕਤਲ ਤੱਕ ਕਰਨ ਲਈ, ਕਰ ਕੇ ਮਿਸਾਲੀ ਗ਼ਲਤੀ ਕੀਤੀ ਹੈ। ਅਜਿਹਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ।’’ ਟਰੂਡੋ ਨੇ ਕਿਹਾ, ‘‘ਅਸੀਂ ਸ਼ੁਰੂਆਤ ਤੋਂ ਹੀ ਸਾਡੇ ਫਾਈਵ ਆਈਜ਼ ਪਾਰਟਨਰਾਂ ਖਾਸ ਕਰਕੇ ਅਮਰੀਕਾ ਨਾਲ ਨੇੜੇ ਹੋ ਕੇ ਕੰਮ ਕਰ ਰਹੇ ਹਾਂ। ਕਾਨੂੰਨ ਦੇ ਰਾਜ ਲਈ ਅਸੀਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਦੇ ਰਹਾਂਗੇ।’’ ਉਧਰ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੋ ਨੇੜਲੇ ਭਾਈਵਾਲਾਂ (ਭਾਰਤ ਤੇ ਕੈਨੇਡਾ) ਦਰਮਿਆਨ ਬਣੇ ਕੂਟਨੀਤਕ ਸੰਕਟ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। -ਪੀਟੀਆਈ
ਸਭ ਕੁਝ ਤੁਹਾਡੇ ਸਾਹਮਣੇ ਹੈ: ਮੇਲਾਨੀ ਜੌਲੀ
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਪੱਤਰਕਾਰਾਂ ਨਾਲ ਇਕ ਵੱਖਰੀ ਮਿਲਣੀ ਦੌਰਾਨ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਕ ਟਕਰਾਅ ਨਹੀਂ ਚਾਹੁੰਦੀ ਪਰ ਬਾਹਰਲੇ ਦੇਸ਼ ਦੇ ਏਜੰਟਾਂ ਵਲੋਂ ਇਥੋਂ ਦੇ ਲੋਕਾਂ ਨੂੰ ਡਰਾਉਣਾ, ਧਮਕਾਉਣਾ, ਤੰਗ ਪ੍ਰੇਸ਼ਾਨ ਕਰਨਾ ਜਾਂ ਮਾਰਨ ਦੇ ਯਤਨ ਕਰਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤੀ ਡਿਪਲੋਮੈਟਾਂ ਨੂੰ ਇੱਥੋਂ ਭੇਜਣ ਦਾ ਔਖਾ ਫੈਸਲਾ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਲਈ ਕੀਤਾ ਗਿਆ ਹੈ। ਜੌਲੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਮੁਲਕਾਂ ਦੇ ਪਰਸਪਰ ਹਿੱਤਾਂ ਲਈ ਨਿੱਝਰ ਮਾਮਲੇ ਦੀ ਜਾਂਚ ਵਿਚ ਸਹਿਯੋਗ ਦੇਵੇ। ਕੈਨੇਡਾ ਵੱਲੋਂ ਭਾਰਤ ’ਤੇ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਲਾਉਣ ਬਾਰੇ ਸਵਾਲ ਦੇ ਜਵਾਬ ਵਿਚ ਜੌਲੀ ਨੇ ਕਿਹਾ ਕਿ ਡਿਪਲੋਮੈਟਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਸਖ਼ਤ ਸੀ, ਜੋ ਵੀਏਨਾ ਕਨਵੈਨਸ਼ਨ ਤਹਿਤ ਲਿਆ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਸਹਿਯੋਗ ਲਈ ਭਾਰਤ ’ਤੇ ਦਬਾਅ ਪਾਉਂਦੇ ਰਹਾਂਗੇ। ਅਸੀਂ ਆਪਣੇ ਫਾਈਵ ਆਈਜ਼ ਪਾਰਟਨਰਾਂ ਤੇ ਜੀ7 ਭਾਈਵਾਲਾਂ ਨਾਲ ਵੀ ਰਾਬਤਾ ਜਾਰੀ ਰੱਖਾਂਗੇ। ਸਭ ਕੁਝ ਸਾਹਮਣੇ ਹੈ।’’
ਕੈਨੇਡੀਅਨ ਪੁਲੀਸ ਨੇ ਬਿਸ਼ਨੋਈ ਗਰੋਹ ਦਾ ਨਾਮ ਲਿਆ
ਓਟਵਾ:
ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਦੋਸ਼ ਲਾਏ ਹਨ ਕਿ ਭਾਰਤ ਸਰਕਾਰ ਦੇ ‘ਏਜੰਟਾਂ’ ਦੇ ਕੈਨੇਡਾ ਵਿਚ ਦੱਖਣ ਏਸ਼ਿਆਈ ਭਾਈਚਾਰੇ ਖ਼ਾਸਕਰ ‘ਖ਼ਾਲਿਸਤਾਨ ਪੱਖੀ ਅਨਸਰਾਂ’ ਉਤੇ ਹਮਲੇ ਕਰਨ ਵਾਲੇ ਬਿਸ਼ਨੋਈ ਗਰੋਹ ਨਾਲ ਸਬੰਧ ਹਨ। ਆਰਸੀਐੱਮਪੀ ਦੇ ਕਮਿਸ਼ਨਰ ਮਾਈਕ ਡੂਹੈਨ ਅਤੇ ਉਨ੍ਹਾਂ ਦੀ ਦੂਜੇ ਨੰਬਰ ਦੀ ਅਧਿਕਾਰੀ ਬ੍ਰੀਗਿਟ ਗੌਵਿਨ ਨੇ ਸੋਮਵਾਰ ਨੂੰ ਓਟਵਾ ਵਿਚ ਪ੍ਰੈਸ ਕਾਨਫ਼ਰੰਸ ਦੌਰਾਨ ਇਹ ਦਾਅਵਾ ਕੀਤਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ, ‘‘ਭਾਰਤ ਵੱਲੋਂ ਕੈਨੇਡਾ ਵਿਚ ਦੱਖਣ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ...ਪਰ ਉਹ ਖ਼ਾਸ ਤੌਰ ’ਤੇ ਕੈਨੇਡਾ ਵਿਚਲੇ ਖ਼ਾਲਿਸਤਾਨ ਪੱਖੀ ਅਨਸਰਾਂ ਤੇ ਖ਼ਾਲਿਸਤਾਨੀ ਲਹਿਰ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।’’ ਬੀਬੀ ਗੌਵਿਨ ਨੇ ਕਿਹਾ, ‘‘ਅਸੀਂ ਜੋ ਆਰਸੀਐੱਮਪੀ ਦੇ ਨਜ਼ਰੀਏ ਤੋਂ ਦੇਖਿਆ, ਉਹ ਇਹ ਹੈ ਕਿ ਉਹ ਜਥੇਬੰਦਕ ਜੁਰਮਾਂ ਨਾਲ ਸਬੰਧਤ ਅਨਸਰਾਂ ਦਾ ਇਸਤੇਮਾਲ ਕਰਦੇ ਹਨ।’’ -ਪੀਟੀਆਈ
‘ਨਿੱਝਰ ਕੇਸ ’ਚ ਸਬੂਤ ਸਾਂਝੇ ਕਰਨ ਦੇ ਕੈਨੇਡੀਅਨ ਦਾਅਵਿਆਂ ’ਚ ਕੋਈ ਸੱਚਾਈ ਨਹੀਂ’
ਨਵੀਂ ਦਿੱਲੀ:
ਭਾਰਤੀ ਏਜੰਟਾਂ ਨੂੰ ਕੈਨੇਡਾ ਵਿਚ ਅਪਰਾਧਕ ਗਰੋਹਾਂ ਨਾਲ ਜੋੜਨ ਦੀਆਂ ਕੈਨੇਡੀਅਨ ਅਥਾਰਿਟੀਜ਼ ਦੀਆਂ ਕੋਸ਼ਿਸ਼ਾਂ ਨੂੰ ਭਾਰਤ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤ ਸਰਕਾਰ ਵਿਚਲੇ ਸੂਤਰ ਨੇ ਕਿਹਾ, ‘‘ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਸੋਮਵਾਰ ਦੀ ਪ੍ਰੈੱਸ ਕਾਨਫਰੰਸ ਵਿੱਚ ਉਹੀ ਪੁਰਾਣੇ ਕਾਰਨਾਂ ਕਰਕੇ ਉਹੀ ਪੁਰਾਣੀਆਂ ਗੱਲਾਂ ਕਹੀਆਂ ਸਨ।’’ ਸੂਤਰ ਨੇ ਕਿਹਾ, ‘‘ਭਾਰਤ ਨੂੰ ਪੁਖਤਾ ਸਬੂਤ ਮੁਹੱਈਆ ਕਰਵਾਉਣ ਦੇ ਦਾਅਵਿਆਂ ਵਿਚ ਕੋਈ ਸੱਚਾਈ ਨਹੀਂ ਹੈ। ਸ਼ੁਰੂਆਤ ਤੋਂ ਹੀ ਕੈਨੇਡਾ ਦੀ ਪਹੁੰਚ ਅਸਪਸ਼ਟ ਦੋਸ਼ ਲਾਉਣ ਤੇ ਦੋਸ਼ਾਂ ਤੋਂ ਇਨਕਾਰ ਦਾ ਸਾਰਾ ਠੀਕਰਾ ਭਾਰਤ ਸਿਰ ਭੰਨ ਦੀ ਰਹੀ ਹੈ।’’