17 ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਰਿਹਾਈ ਲਈ ਇਰਾਨ ਦੇ ਸੰਪਰਕ ’ਚ ਭਾਰਤ
ਨਵੀਂ ਦਿੱਲੀ, 13 ਅਪਰੈਲ
ਇਰਾਨ ਵੱਲੋਂ ਬੇੜੇ ’ਤੇ ਕੀਤੇ ਗਏ ਕਬਜ਼ੇ ਮਗਰੋਂ ਉਸ ’ਤੇ ਸਵਾਰ 17 ਭਾਰਤੀਆਂ ਦੀ ਸੁਰੱਖਿਅਤ ਰਿਹਾਈ ਲਈ ਮੋਦੀ ਸਰਕਾਰ ਸਰਗਰਮ ਹੋ ਗਈ ਹੈ। ਜਾਣਕਾਰੀ ਮੁਤਾਬਕ ਇਰਾਨ ਵੱਲੋਂ ਜ਼ਬਤ ਕੀਤੇ ਗਏ ਜਹਾਜ਼ ’ਤੇ ਸਵਾਰ ਅਮਲੇ ਦੇ 25 ਮੈਂਬਰਾਂ ਵਿੱਚੋਂ 17 ਭਾਰਤੀ ਮੱਲਾਹ ਹਨ। ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਭਾਰਤ ਸਰਕਾਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ। ਸੂਤਰਾਂ ਨੇ ਕਿਹਾ ਕਿ ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਅਤ ਅਤੇ ਫੌਰੀ ਰਿਹਾਈ ਲਈ ਤਹਿਰਾਨ ਅਤੇ ਦਿੱਲੀ ਸਥਿਤ ਡਿਪਲੋਮੈਟਿਕ ਚੈਨਲਾਂ ਰਾਹੀਂ ਇਰਾਨੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਕ ਸੂਤਰ ਨੇ ਕਿਹਾ ਕਿ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਮਾਲਵਾਹਕ ਜਹਾਜ਼ ਐੱਮਐੱਸਸੀ ਏਰੀਜ਼ ’ਤੇ ਇਰਾਨ ਨੇ ਕਬਜ਼ਾ ਕਰ ਲਿਆ ਹੈ। ‘ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਉਸ ’ਤੇ 17 ਭਾਰਤੀ ਨਾਗਰਿਕ ਸਵਾਰ ਹਨ। ਅਸੀਂ ਇਰਾਨ ਦੇ ਅਧਿਕਾਰੀਆਂ ਦੇ ਸੰਪਰਕ ’ਚ ਹਾਂ।’ ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਫੌਰੀ ਰਿਹਾਈ ਦੇ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ