ਭਾਰਤ ’ਚ ਬੀਤੇ ਦਹਾਕੇ ਦੌਰਾਨ ਕਈ ਵਿਲੱਖਣ ਬਦਲਾਅ ਦੇਖਣ ਨੂੰ ਮਿਲੇ: ਯਾਂਗ
ਸੰਯੁਕਤ ਰਾਸ਼ਟਰ, 2 ਫਰਵਰੀ
ਸੰਯੁਕਤ ਰਾਸ਼ਟਰ ਮਹਾਸਭਾ ਦੇ ਮੁਖੀ ਫਿਲੇਮੋਨ ਯਾਂਗ ਨੇ ਕਿਹਾ ਹੈ ਕਿ ਭਾਰਤ ’ਚ ਪਿਛਲੇ ਇਕ ਦਹਾਕੇ ਦੌਰਾਨ ਕਈ ਵਿਲੱਖਣ ਬਦਲਾਅ ਦੇਖਣ ਨੂੰ ਮਿਲੇ ਹਨ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਇਹ ਦੇਖਣ ਦਾ ਮੌਕਾ ਮਿਲੇਗਾ ਕਿ ਕਿਵੇਂ ਡਿਜੀਟਲ ਅਤੇ ਤਕਨੀਕ ਰਾਹੀਂ ਬਦਲਾਅ ਸੰਭਵ ਹੋ ਸਕਿਆ ਹੈ। ਯਾਂਗ 4 ਤੋਂ 8 ਫਰਵਰੀ ਤੱਕ ਭਾਰਤ ਦੇ ਦੌਰੇ ’ਤੇ ਆਉਣਗੇ ਜੋ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੇ ਪ੍ਰਧਾਨ ਵਜੋਂ ਉਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਹੋਵੇਗਾ। ਦੌਰੇ ਤੋਂ ਪਹਿਲਾਂ ਯਾਂਗ ਨੇ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਕਿਹਾ, ‘‘ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ, ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਅਤੇ ਦੁਨੀਆ ਦੀ 20 ਫ਼ੀਸਦ ਆਬਾਦੀ ਵਾਲਾ ਮੁਲਕ ਹੋਣ ਦੇ ਨਾਤੇ ਭਾਰਤ ਸੰਯੁਕਤ ਰਾਸ਼ਟਰ ਦਾ ਇਕ ਅਹਿਮ ਮੈਂਬਰ ਹੈ।’’ ਦੌਰੇ ਦੇ ਉਦੇਸ਼ ਨਾਲ ਜੁੜੇ ਇਕ ਸਵਾਲ ਦਾ ਜਵਾਬ ਦਿੰਦਿਆਂ ਯਾਂਗ ਨੇ ਕਿਹਾ ਕਿ ਉਹ ਬਹੁਧਿਰਵਾਦ ਦੇ ਭਵਿੱਖ ਲਈ ਭਾਰਤ ਦੀਆਂ ਤਰਜੀਹਾਂ ਅਤੇ ਨਜ਼ਰੀਏ ਨੂੰ ਹੋਰ ਡੂੰਘਾਈ ਨਾਲ ਸਮਝਣਾ ਚਾਹੁੰਦੇ ਹਨ। ਭਾਰਤ ਦੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਵਿਦੇਸ਼ ਮੰਤਰੀ ਡਾਕਟਰ ਐੱਸ ਜੈਸ਼ੰਕਰ ਸਮੇਤ ਹੋਰ ਆਗੂਆਂ ਨਾਲ ਵੀ ਮੀਟਿੰਗਾਂ ਕਰਨਗੇ। ਮੱਧ ਅਫ਼ਰੀਕੀ ਮੁਲਕ ਕੈਮਰੂਨ ਦੇ ਪ੍ਰਧਾਨ ਮੰਤਰੀ ਵਜੋਂ ਆਪਣੇ ਭਾਰਤ ਦੌਰੇ ਨੂੰ ਵੀ ਉਨ੍ਹਾਂ ਯਾਦ ਕੀਤਾ। ਯਾਂਗ ਨੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਦੇ ਜ਼ਿਲ੍ਹਾ ਟੀਕਾਕਰਨ ਕੇਂਦਰ ਦਾ ਦੌਰਾ ਕਰਕੇ ਸਿਹਤ ਵਰਕਰਾਂ ਨੂੰ ਮਿਲਣਗੇ ਤੇ ਉਨ੍ਹਾਂ ਤੋਂ ਡਿਜੀਟਲ ਪਬਲਿਕ ਇੰਫਰਾਸਟ੍ਰੱਕਚਰ ਦੀ ਭੂਮਿਕਾ ਬਾਰੇ ਜਾਣਕਾਰੀ ਹਾਸਲ ਕਰਨਗੇ। -ਪੀਟੀਆਈ