ਭਾਰਤ ਨੇ ਡਬਲਿਊਟੀਸੀ ਸੂਚੀ ’ਚ ਸਿਖ਼ਰ ’ਤੇ ਸਥਿਤੀ ਕੀਤੀ ਮਜ਼ਬੂਤ
ਦੁਬਈ, 23 ਸਤੰਬਰ
ਭਾਰਤ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਦੇ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ, ਜਦਕਿ ਸ੍ਰੀਲੰਕਾ ਨੇ ਵੀ ਨਿਊਜ਼ੀਲੈਂਡ ਨੂੰ ਹਰਾ ਕੇ ਅਗਲੇ ਸਾਲ ਲਾਰਡਜ਼ ਵਿੱਚ ਖੇਡੇ ਜਾਣ ਵਾਲੇ ਫਾਈਨਲ ਲਈ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਨਿਊਜ਼ੀਲੈਂਡ ਨੂੰ ਹਰਾ ਕੇ ਸ੍ਰੀਲੰਕਾ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਚੇਨੱਈ ਵਿੱਚ ਜਿੱਤ ਅਤੇ 12 ਡਬਲਿਊਟੀਸੀ ਅੰਕਾਂ ਨਾਲ ਭਾਰਤ ਨੇ 71.67 ਫੀਸਦ ਅੰਕਾਂ ਨਾਲ ਸੂਚੀ ਵਿੱਚ ਸਿਖ਼ਰ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਆਸਟਰੇਲੀਆ 62.50 ਫੀਸਦ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ, ਜਦਕਿ ਪਾਕਿਸਤਾਨ ਖ਼ਿਲਾਫ਼ ਲੜੀ 2-0 ਨਾਲ ਜਿੱਤ ਕੇ ਚੌਥੇ ਸਥਾਨ ’ਤੇ ਪਹੁੰਚੀ ਬੰਗਲਾਦੇਸ਼ ਦੀ ਟੀਮ ਇਸ ਹਾਰ ਤੋਂ ਬਾਅਦ 39.29 ਫੀਸਦ ਅੰਕਾਂ ਨਾਲ ਛੇਵੇਂ ਸਥਾਨ ’ਤੇ ਖਿਸਕ ਗਈ ਹੈ। ਨਿਊਜ਼ੀਲੈਂਡ ਖ਼ਿਲਾਫ਼ ਜਿੱਤ ਤੋਂ ਬਾਅਦ ਤੀਜੇ ਸਥਾਨ ’ਤੇ ਪਹੁੰਚੀ ਸ੍ਰੀਲੰਕਾ ਦੀ ਟੀਮ ਕੋਲ 2025 ਦੇ ਫਾਈਨਲ ’ਚ ਜਗ੍ਹਾ ਬਣਾਉਣ ਲਈ 2023 ਡਬਲਿਊਟੀਸੀ ਫਾਈਨਲਿਸਟ ਭਾਰਤ ਅਤੇ ਆਸਟਰੇਲੀਆ ਨੂੰ ਚੁਣੌਤੀ ਦੇਣ ਦਾ ਸਭ ਤੋਂ ਵਧੀਆ ਮੌਕਾ ਹੈ। ਨਿਊਜ਼ੀਲੈਂਡ ’ਤੇ 63 ਦੌੜਾਂ ਦੀ ਜਿੱਤ ਸ੍ਰੀਲੰਕਾ ਦੀ ਅੱਠ ਮੈਚਾਂ ’ਚ ਚੌਥੀ ਜਿੱਤ ਸੀ, ਜਿਸ ਨਾਲ ਉਸ ਦੇ ਅੰਕ 50 ਫੀਸਦ ਹੋ ਗਏ ਹਨ। ਸ੍ਰੀਲੰਕਾ ਦੀ ਟੀਮ ਮੌਜੂਦਾ ਗੇੜ ’ਚ ਵੱਧ ਤੋਂ ਵੱਧ 69.23 ਫੀਸਦ ਅੰਕ ਹਾਸਲ ਕਰ ਸਕਦੀ ਹੈ, ਜੋ ਉਸ ਨੂੰ ਅਗਲੇ ਸਾਲ ਲਾਰਡਸ ’ਚ ਹੋਣ ਵਾਲੇ ਫਾਈਨਲ ’ਚ ਜਗ੍ਹਾ ਦਿਵਾਉਣ ਲਈ ਕਾਫੀ ਹੋਵੇਗੀ। ਹਾਲਾਂਕਿ ਅਜਿਹਾ ਕਰਨ ਲਈ ਟੀਮ ਨੂੰ ਇਕ ਵਾਰ ਫਿਰ ਨਿਊਜ਼ੀਲੈਂਡ ਨੂੰ ਹਰਾਉਣਾ ਪਵੇਗਾ ਅਤੇ ਮਗਰੋਂ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਨੂੰ ਵੀ ਮਾਤ ਦੇਣੀ ਪਵੇਗੀ। ਭਾਰਤ ਨੇ ਡਬਲਿਊਟੀਸੀ ਦੇ ਮੌਜੂਦਾ ਗੇੜ ਵਿੱਚ ਹਾਲੇ ਨੌਂ ਹੋਰ ਟੈਸਟ ਖੇਡਣੇ ਹਨ ਅਤੇ ਉਸ ਦੀ ਨਜ਼ਰ ਲਗਾਤਾਰ ਤੀਜੀ ਵਾਰ ਡਬਲਿਊਟੀਸੀ ਫਾਈਨਲ ਵਿੱਚ ਜਗ੍ਹਾ ਬਣਾਉਣ ’ਤੇ ਹੈ। ਭਾਰਤ ਇਸ ਤੋਂ ਪਹਿਲਾਂ ਦੋ ਵਾਰ ਉਪ ਜੇਤੂ ਰਹਿ ਚੁੱਕਾ ਹੈ। -ਪੀਟੀਆਈ