ਮੇਰਾ ਬਦਲ ਲੱਭਣ ਲਈ ਭਾਰਤ ਕੋਲ ਕਈ ਹੋਣਹਾਰ ਖਿਡਾਰੀ: ਸ੍ਰੀਜੇਸ਼
ਪੈਰਿਸ, 11 ਅਗਸਤ
ਭਾਰਤੀ ਹਾਕੀ ਟੀਮ ਵੱਲੋਂ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਸੰਨਿਆਸ ਲੈਣ ਵਾਲੇ ਗੋਲਕੀਪਰ ਪੀਆਰ ਸ੍ਰੀਜੇਸ਼ ਦਾ ਮੰਨਣਾ ਹੈ ਕਿ ਭਾਰਤ ਕੋਲ ਉਸ ਦਾ ਬਦਲ ਲੱਭਣ ਲਈ ਕਈ ਹੋਣਹਾਰ ਖਿਡਾਰੀ ਮੌਜੂਦ ਹਨ। ਸ੍ਰੀਜੇਸ਼ (36) ਨੇ ਪੈਰਿਸ ਓਲੰਪਿਕ ’ਚ ਭਾਰਤੀ ਟੀਮ ਦੇ ਸਾਰੇ ਮੈਚਾਂ ਤੇ ਖਾਸਕਰ ਸਪੇਨ ਖਿਲਾਫ਼ ਕਾਂਸੀ ਦੇ ਤਗ਼ਮੇ ਲਈ ਮੈਚ ਦੌਰਾਨ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ।
ਇਥੇ ਇੰਡੀਆ ਹਾਊਸ ’ਚ ਪੀਟੀਆਈ ਨਾਲ ਇੰਟਰਵਿਊ ਦੌਰਾਨ ਪੀਆਰ ਸ੍ਰੀਜੇਸ਼ ਨੇ ਕਿਹਾ, ‘‘ਕੋਈ ਖਲਾਅ ਨਹੀਂ ਹੋਵੇਗਾ। ਯਕੀਨਨ, ਮੇਰੀ ਥਾਂ ਕੋਈ ਹੋਰ ਆਵੇਗਾ। ਸਾਰੀਆਂ ਖੇਡਾਂ ’ਚ ਅਜਿਹਾ ਹੁੰਦਾ ਹੈ। ਪਹਿਲਾਂ ਸਚਿਨ ਤੇਂਦੁਲਕਰ ਸੀ, ਹੁਣ ਵਿਰਾਟ ਕੋਹਲੀ ਹੈ ਅਤੇ ਭਲਕੇ ਉਸ (ਕੋਹਲੀ) ਦੀ ਥਾਂ ਕੋਈ ਹੋਰ ਹੋਵੇਗਾ। ਇਸ ਲਈ ਕੱਲ੍ਹ ਸ੍ਰੀਜੇਸ਼ ਸੀ ਪਰ ਭਲਕੇ ਕੋਈ ਹੋਰ ਆਵੇਗਾ ਤੇ ਉਸ ਦੀ ਜਗ੍ਹਾ ਲਵੇਗਾ।’’ ਦੱਸਣਯੋਗ ਹੈ ਕਿ ਸ੍ਰੀਜੇਸ਼ ਨੂੰ ਭਾਰਤੀ ਜੂਨੀਅਰ ਹਾਕੀ ਟੀਮ ਦੇ ਕੋਚ ਦੀ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਉਸ ਨੇ ਕਿਹਾ ਕਿ ਇੰਨੇ ਸਾਲਾਂ ’ਚ ਉਸ ਦੀ ਜ਼ਿੰਦਗੀ ਹਾਕੀ ਦੀ ਆਲੇ-ਦੁਆਲੇ ਘੁੰਮਦੀ ਰਹੀ ਹੈ ਅਤੇ ਹੁਣ ਉਸ ਨੇ ਖੇਡ ਤੋਂ ਸੰਨਿਆਸ ਲੈ ਲਿਆ ਹੈ ਤਾਂ ਉਹ ਨਹੀਂ ਜਾਣਦਾ ਕਿ ਉਹ ਹੁਣ ਕੀ ਕਰੇਗਾ। ਸ੍ਰੀਜੇਸ਼ ਨੇ ਆਖਿਆ, ‘‘ਇਹ ਜ਼ਿੰਦਗੀ ’ਚ ਇੱਕ ਘਾਟ ਰੜਕਣ ਵਾਂਗ ਹੈ। ਮੈਂ ਹਾਕੀ ਤੋਂ ਇਲਾਵਾ ਕੁਝ ਨਹੀਂ ਜਾਣਦਾ। ਸਾਲ 2002 ’ਚ ਜਦੋਂ ਮੈਂ ਪਹਿਲੇ ਦਿਨ ਕੈਂਪ ’ਚ ਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਉਸ ਦੇ ਨਾਲ ਰਿਹਾ ਹਾਂ।’’ ਉਸ ਮੁਤਾਬਕ, ‘‘ਜਿੱਤ ਮਗਰੋਂ ਜਸ਼ਨ ਮਨਾਉਣਾ ਤੇ ਹਾਰ ਮਗਰੋਂ ਰੋਣਾ, ਇਹ ਮੇਰੀ ਜ਼ਿੰਦਗੀ ਰਹੀ ਹੈ। ਸ਼ਾਇਦ ਅਸੀਂ ਨਹੀਂ ਜਾਣਦੇ ਕਿ ਇਸ ਤੋਂ ਬਾਹਰ ਕਿਵੇਂ ਰਹਿਣਾ ਹੈ।’’ ਸ੍ਰੀਜੇਸ਼ ਨੇ ਆਖਿਆ ਕਿ ਹਾਕੀ ਇੰਡੀਆ ਵੱਲੋਂ ਭਾਰਤੀ ਕੌਮੀ ਕੋਚ ਸਬੰਧੀ ਕੀਤੀ ਪੇਸ਼ਕਸ਼ ਬਾਰੇ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸਲਾਹ ਕਰੇਗਾ। -ਪੀਟੀਆਈ