For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਟੈਂਕ ਦੀ ਮਦਦ ਨਾਲ ਪਾਕਿਸਤਾਨ ਖ਼ਿਲਾਫ਼ ਜਿੱਤੀਆਂ ਸਨ ਕਈ ਲੜਾਈਆਂ

08:07 AM Aug 15, 2024 IST
ਭਾਰਤ ਨੇ ਟੈਂਕ ਦੀ ਮਦਦ ਨਾਲ ਪਾਕਿਸਤਾਨ ਖ਼ਿਲਾਫ਼ ਜਿੱਤੀਆਂ ਸਨ ਕਈ ਲੜਾਈਆਂ
ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਕ ਵਿੱਚ ਦੇਖਣ ਲਈ ਰੱਖਿਆ ਟੈਂਕ।
Advertisement

ਜਤਿੰਦਰ ਬੈਂਸ
ਗੁਰਦਾਸਪੁਰ, 14 ਅਗਸਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਅੱਜ ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ‘ਜਿੱਤ ਦੀ ਨਿਸ਼ਾਨੀ’ ਵਜੋਂ ਭਾਰਤੀ ਫ਼ੌਜ ਦੇ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਜੇਤੂ ਟੈਂਕ ਨੂੰ ਸਥਾਪਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਰਿਬਨ ਕੱਟ ਕੇ ਇਸ ਜੇਤੂ ਟੈਂਕ ਦੇ ਸਮਾਰਕ ਦਾ ਉਦਘਾਟਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਸਾਰੰਗਲ ਨੇ ਦੱਸਿਆ ਕਿ ਇਸ ਇਤਿਹਾਸਕ ਟੀ-55 ਟੈਂਕ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਵੱਲੋਂ ਕੀਤਾ ਗਿਆ ਸੀ। ਇਸ ਲੜਾਕੂ ਟੈਂਕ ਨੂੰ 1966 ਵਿੱਚ ਭਾਰਤ ਦੀਆਂ ਆਰਮਡ ਯੂਨਿਟਾਂ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿਨ-ਰਾਤ ਲੜਨ ਦੀ ਤਾਕਤ ਰੱਖਣ ਵਾਲੇ ਇਸ ਟੈਂਕ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਨੈਨੋਕੋਟ, ਬਸੰਤਰ ਅਤੇ ਗ਼ਰੀਬਪੁਰ ਦੀਆਂ ਲੜਾਈਆਂ ਅਤੇ ਪਾਕਿਸਤਾਨੀ ਫੌਜ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਆਪਣੀਆਂ ਖ਼ੂਬੀਆਂ ਕਾਰਨ ਟੀ-55 ਟੈਂਕ ਭਾਰਤੀ ਸੈਨਾ ਵਿੱਚ ਸਾਲ 2011 ਤੱਕ ਸੇਵਾ ਵਿੱਚ ਰਿਹਾ। ਉਨ੍ਹਾਂ ਦੱਸਿਆ ਕਿ ਸੈਂਟਰਲ ਆਰਮਡ ਫੋਰਸਿਜ਼ ਵਹੀਕਲ ਡਿੱਪੂ ਪੂਨੇ ਵੱਲੋਂ ਇਸ ਟੈਂਕ ਨੂੰ ‘ਵਾਰ ਟਰਾਫ਼ੀ’ ਵਜੋਂ ਜਿੱਤ ਦੀ ਨਿਸ਼ਾਨੀ ਵਜੋਂ ਸਨਮਾਨ ਸਹਿਤ ਗੁਰਦਾਸਪੁਰ ਨੂੰ ਭੇਟ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਇਸ ਸਮਾਰਕ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਤ ਦੀ ਨਿਸ਼ਾਨੀ ਦਾ ਪ੍ਰਤੀਕ ਇਹ ਟੈਂਕ ਨੌਜਵਾਨਾਂ ਨੂੰ ਜਿੱਥੇ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਵੇਗਾ, ਓਥੇ ਨੌਜਵਾਨ ਇਸ ਜਿੱਤ ਦੀ ਨਿਸ਼ਾਨੀ ਤੋਂ ਪ੍ਰੇਰਨਾ ਵੀ ਲੈਣਗੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਣਾਮ ਕਰਦਾ ਹੈ।

Advertisement
Advertisement
Author Image

Advertisement