For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਬਾਲਾਕੋਟ ਹਮਲੇ ਮਗਰੋਂ ਚੀਨ ਵੱਲੋਂ ਮੰਤਰੀ ਭੇਜੇ ਜਾਣ ਦੀ ਠੁਕਰਾਈ ਸੀ ਪੇਸ਼ਕਸ਼

07:24 AM Jan 09, 2024 IST
ਭਾਰਤ ਨੇ ਬਾਲਾਕੋਟ ਹਮਲੇ ਮਗਰੋਂ ਚੀਨ ਵੱਲੋਂ ਮੰਤਰੀ ਭੇਜੇ ਜਾਣ ਦੀ ਠੁਕਰਾਈ ਸੀ ਪੇਸ਼ਕਸ਼
Advertisement

* ਪਾਕਿ ’ਤੇ ਹਮਲੇ ਲਈ ਤਾਇਨਾਤ ਸਨ ਭਾਰਤ ਦੀਆਂ 9 ਮਿਜ਼ਾਈਲਾਂ
* ਇਮਰਾਨ ਨੇ ਕੀਤਾ ਸੀ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਐਲਾਨ

Advertisement

ਨਵੀਂ ਦਿੱਲੀ, 8 ਜਨਵਰੀ
ਸਾਬਕਾ ਡਿਪਲੋਮੈਟ ਅਜੈ ਬਿਸਾਰੀਆ ਨੇ ਆਪਣੀ ਕਿਤਾਬ ‘ਐਂਗਰ ਮੈਨੇਜਮੈਂਟ: ਦਿ ਟ੍ਰਬਲਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਿਟਵੀਨ ਇੰਡੀਆ ਐਂਡ ਪਾਕਿਸਤਾਨ’ ਵਿੱਚ ’ਚ ਖ਼ੁਲਾਸਾ ਕੀਤਾ ਕਿ ਭਾਰਤ ਵੱਲੋਂ 2019 ’ਚ ਬਾਲਾਕੋਟ ਹਮਲੇ ਮਗਰੋਂ ਕਈ ਮੁਲਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਆਪਣੇ ਵਿਸ਼ੇਸ਼ ਸਫ਼ੀਰ ਭੇਜਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਮੁਤਾਬਕ ਚੀਨ ਨੇ ਵੀ ਆਪਣਾ ਉਪ ਮੰਤਰੀ ਭੇਜਣ ਦਾ ਸੁਝਾਅ ਦਿੱਤਾ ਸੀ ਪਰ ਭਾਰਤ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਸਲਾਮਾਬਾਦ ’ਚ ਤਤਕਾਲੀ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਨੇ ਲਿਖਿਆ ਕਿ ਭਾਰਤ ਆਪਣੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਵਾਪਸ ਲਿਆਉਣ ਲਈ ਹਵਾਈ ਸੈਨਾ ਦਾ ਜਹਾਜ਼ ਉਥੇ ਭੇਜਣਾ ਚਾਹੁੰਦਾ ਸੀ ਪਰ ਪਾਕਿਸਤਾਨੀ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅਭਿਨੰਦਨ ਨੇ 27 ਫਰਵਰੀ, 2019 ’ਚ ਇਕ ਪਾਕਿਸਤਾਨੀ ਜੈੱਟ ਨੂੰ ਡੇਗ ਦਿੱਤਾ ਸੀ ਪਰ ਬਾਅਦ ’ਚ ਉਸ ਦਾ ਪਿੱਛਾ ਕਰਨ ਸਮੇਂ ਮਿੱਗ 21 ਬਿਸਨ ਜੈੱਟ ਪਾਕਿਸਤਾਨ ਵਾਲੇ ਪਾਸੇ ਡਿੱਗ ਗਿਆ ਸੀ ਅਤੇ ਪਾਕਿਸਤਾਨ ਨੇ ਉਸ ਨੂੰ ਫੜ ਲਿਆ ਸੀ। ਬਿਸਾਰੀਆ ਨੇ ਕਿਹਾ ਕਿ ਬਾਲਾਕੋਟ ਹਮਲੇ ਮਗਰੋਂ ਪਾਕਿਸਤਾਨ ਦੀ ਤਤਕਾਲੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਪਾਕਿਸਤਾਨੀ ਫ਼ੌਜ ਵੱਲੋਂ ਮਿਲੇ ਸੁਨੇਹੇ ਬਾਰੇ ਅਮਰੀਕਾ, ਇੰਗਲੈਂਡ ਅਤੇ ਫਰਾਂਸ ਦੇ ਸਫ਼ੀਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸੁਨੇਹੇ ’ਚ ਕਿਹਾ ਗਿਆ ਸੀ ਕਿ ਭਾਰਤ ਨੇ 9 ਮਿਜ਼ਾਈਲਾਂ ਦਾ ਮੂੰਹ ਪਾਕਿਸਤਾਨ ਵੱਲ ਕੀਤਾ ਹੋਇਆ ਹੈ ਅਤੇ ਕਿਸੇ ਵੀ ਸਮੇਂ ਉਹ ਦਾਗ਼ੀਆਂ ਜਾ ਸਕਦੀਆਂ ਹਨ। ਵਿਦੇਸ਼ ਸਕੱਤਰ ਨੇ ਸਫ਼ੀਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਇਹ ਖ਼ੁਫ਼ੀਆ ਰਿਪੋਰਟ ਆਪਣੇ ਮੁਲਕਾਂ ਨੂੰ ਭੇਜਣ ਤਾਂ ਜੋ ਉਹ ਭਾਰਤ ਨੂੰ ਹਾਲਾਤ ਹੋਰ ਤਣਾਅ ਵਾਲੇ ਬਣਨ ਤੋਂ ਰੋਕਣ ਲਈ ਆਖਣ। ਬਿਸਾਰੀਆ ਨੇ ਕਿਹਾ ਕਿ ਇਕ ਸਫ਼ੀਰ ਨੇ ਅਧਿਕਾਰੀ ਨੂੰ ਆਖਿਆ ਕਿ ਪਾਕਿਸਤਾਨ ਸਿੱਧੇ ਹੀ ਭਾਰਤ ਨਾਲ ਆਪਣੀ ਚਿੰਤਾ ਬਾਰੇ ਗੱਲ ਕਰੇ। ਉਨ੍ਹਾਂ ਇਹ ਵੀ ਲਿਖਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਭਾਰਤੀ ਹਮਰੁਤਬਾ ਨਾਲ ਗੱਲ ਕਰਨਾ ਚਾਹੁੰਦੇ ਸਨ ਅਤੇ ਪਾਕਿਸਤਾਨੀ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਦਾ ਅੱਧੀ ਰਾਤ ਦੇ ਕਰੀਬ ਇਸ ਬਾਰੇ ਫੋਨ ਆਇਆ ਸੀ। ਬਿਸਾਰੀਆ ਮੁਤਾਬਕ ਉਨ੍ਹਾਂ ਆਖਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਇਸ ਸਮੇਂ ਉਪਲੱਬਧ ਨਹੀਂ ਹਨ ਪਰ ਜੇਕਰ ਇਮਰਾਨ ਖ਼ਾਨ ਕੋਈ ਜ਼ਰੂਰੀ ਸੁਨੇਹਾ ਦੇਣਾ ਚਾਹੁੰਦੇ ਹਨ ਉਹ ਇਸ ਨੂੰ ਅੱਗੇ ਦੇ ਸਕਦੇ ਹਨ ਪਰ ਉਸ ਰਾਤ ਦੁਬਾਰਾ ਕੋਈ ਫੋਨ ਨਹੀਂ ਆਇਆ ਸੀ। ਅਮਰੀਕਾ ਅਤੇ ਇੰਗਲੈਂਡ ਦੇ ਦਿੱਲੀ ਸਥਿਤ ਸਫ਼ੀਰਾਂ ਨੇ ਭਾਰਤੀ ਵਿਦੇਸ਼ ਸਕੱਤਰ ਨੂੰ ਕਿਹਾ ਕਿ ਪਾਕਿਸਤਾਨ ਹੁਣ ਭਾਰਤੀ ਮਿਸਲ ’ਤੇ ਕਾਰਵਾਈ ਕਰਦਿਆਂ ਅਤਿਵਾਦ ਦੇ ਮੁੱਦੇ ਨੂੰ ਸਿੱਝ ਕੇ ਤਣਾਅ ਘਟਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਸਖ਼ਤ ਕੂਟਨੀਤੀ ਰੰਗ ਲਿਆਈ ਅਤੇ ਪਾਕਿਸਤਾਨ ਦੇ ਪ੍ਰਧਾਨ ਮਤਰੀ ਨੇ ਖੁਦ ਐਲਾਨ ਕੀਤਾ ਅਤੇ ਕਿਹਾ ਕਿ ਪਾਇਲਟ ਅਗਲੇ ਦਿਨ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਲਿਖਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਨੇ ਚੀਨ ਨੂੰ ਆਖਿਆ ਸੀ ਕਿ ਉਹ ਪਾਕਿਸਤਾਨ ਨੂੰ ਹਮਾਇਤ ਦੇਵੇ ਕਿਉਂਕਿ ਅਮਰੀਕਾ ਵੱਲੋਂ ਚੀਨ ਖ਼ਿਲਾਫ਼ ਭਾਰਤ ਨੂੰ ਥਾਪੜਾ ਦਿੱਤਾ ਜਾ ਰਿਹਾ ਹੈ ਪਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਐਲਾਨ ਕੀਤਾ ਕਿ ਭਾਰਤ ਖ਼ਿਲਾਫ਼ ਪਾਕਿਸਤਾਨ ਨੂੰ ਚੀਨ ਕੋਈ ਸਹਾਇਤਾ ਨਹੀਂ ਦੇਵੇਗਾ। ਜਿਨਪਿੰਗ ਨੇ ਇਮਰਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਅਮਰੀਕਾ ਕੋਲ ਪਹੁੰਚ ਕਰੇ।
ਉਨ੍ਹਾਂ ਮੁਤਾਬਕ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਵੱਲੋਂ ਕਸ਼ਮੀਰ ਬਾਰੇ ਆਪਣੇ ਕੱਟੜ ਵਿਚਾਰ ਜਨਤਕ ਤੌਰ ’ਤੇ ਪੇਸ਼ ਕਰਨ ਅਤੇ ਅਤਿਵਾਦ ਨਾਲ ਸਿੱਝਣ ’ਚ ਇਰਾਦੇ ਦੀ ਘਾਟ ਹੋਣ ਕਾਰਨ 2001 ਵਿਚ ਆਗਰਾ ਸੰਮੇਲਨ ਫੇਲ੍ਹ ਹੋਇਆ ਸੀ ਨਾ ਕਿ ਇਸ ਦੀ ਨਾਕਾਮੀ ਲਈ ਲਾਲ ਕ੍ਰਿਸ਼ਨ ਅਡਵਾਨੀ ਦਾ ਕੱਟੜ ਰਵੱਈਆ ਜ਼ਿੰਮੇਵਾਰ ਸੀ। ਉਨ੍ਹਾਂ ਆਪਣੀ ਆਉਣ ਵਾਲੀ ਕਿਤਾਬ ਵਿੱਚ ਇਤਿਹਾਸਕ ਆਗਰਾ ਸੰਮੇਲਨ ਬਾਰੇ ਕਈ ਨਾਟਕੀ ਘਟਨਾਕ੍ਰਮਾਂ ਨੂੰ ਸਾਂਝਾ ਕੀਤਾ ਹੈ। ਬਿਸਾਰੀਆ ਨੇ ਕਿਤਾਬ ਵਿੱਚ ਲਿਖਿਆ ਹੈ ਕਿ ਸੰਮੇਲਨ ਦੇ ਦੂਜੇ ਦਿਨ ਮੁਸ਼ਰੱਫ਼ ਨੇ ਪ੍ਰਮੁੱਖ ਅਖ਼ਬਾਰਾਂ ਅਤੇ ਟੀਵੀ ਨੈੱਟਵਰਕਾਂ ਦੇ ਸੰਪਾਦਕਾਂ ਨਾਲ ਨਾਸ਼ਤੇ ਸਮੇਂ ਕਸ਼ਮੀਰ ਬਾਰੇ ਆਪਣੇ ਤਿੱਖੇ ਵਿਚਾਰ ਪੇਸ਼ ਕੀਤੇ ਅਤੇ ਅਤਿਵਾਦੀਆਂ ਦੀ ਤੁਲਨਾ ਸੁਤੰਤਰਤਾ ਸੰਗਰਾਮੀਆਂ ਨਾਲ ਕੀਤੀ। ਮਾਹਿਰਾਂ ਨੂੰ ਇੰਜ ਜਾਪਿਆ ਕਿ ਪਾਕਿਸਤਾਨ ਨੇ ਆਪਣੇ ਸਖ਼ਤ ਵਿਚਾਰ ਪੇਸ਼ ਕੀਤੇ ਹਨ ਜਦਕਿ ਭਾਰਤ ਦੀ ਸਥਿਤੀ ਅਸਪੱਸ਼ਟ ਹੈ। ਸਾਬਕਾ ਡਿਪਲੋਮੈਟ ਨੇ ਕਿਹਾ ਕਿ ਉਸ ਨੇ ਅਤੇ 1998 ਤੋਂ 2004 ਤੱਕ ਵਾਜਪਾਈ ਦੇ ਪ੍ਰਮੁੱਖ ਸਕੱਤਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਬ੍ਰਜੇਸ਼ ਮਿਸ਼ਰਾ ਨੇ ਆਗਰਾ ਵਿੱਚ ਅਸਥਾਈ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੁਸ਼ਰੱਫ਼ ਦੇ ਟੈਲੀਵਿਜ਼ਨ ’ਤੇ ਨਸ਼ਰ ਬਿਆਨਾਂ ਨੂੰ ਨਿਰਾਸ਼ਾ ਨਾਲ ਦੇਖਿਆ ਸੀ। ਰੂਪਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਿਤਾਬ ਵਿੱਚ ਬਿਸਾਰੀਆ ਲਿਖਦੇ ਹਨ, ‘‘ਮਿਸ਼ਰਾ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਘਟਨਾਕ੍ਰਮ ਬਾਰੇ ਜਾਣਕਾਰੀ ਦੇਣੀ ਪਵੇਗੀ ਕਿਉਂਕਿ ਉਹ ਮੁਸ਼ਰੱਫ਼ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਬਾਹਰ ਵਾਪਰ ਰਹੇ ਘਟਨਾਕ੍ਰਮ ਦੀ ਕੋਈ ਜਾਣਕਾਰੀ ਨਹੀਂ ਸੀ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×