ਪੱਛਮੀ ਏਸ਼ੀਆ ਵਿਚ ਤਣਾਅ ਵਧਣ ’ਤੇ ਭਾਰਤ ਵੱਲੋਂ ਚਿੰਤਾ ਜ਼ਾਹਰ
ਨਵੀਂ ਦਿੱਲੀ, 2 ਅਕਤੂਬਰ
India on situation in West Asia: ਪੱਛਮੀ ਏਸ਼ੀਆ ਵਿਚ ਤਣਾਅ ਵਧਣ ‘ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਨੇ ਅੱਜ ਕਿਹਾ ਕਿ ਉਹ ਮੱਧ ਪੂਰਬੀ ਖ਼ਿੱਤੇ ਵਿਚ ਹਾਲਾਤ ਉਤੇ ਕਰੀਬੀ ਨਜ਼ਰ ਰੱਖ ਰਿਹਾ ਹੈ।
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਇਰਾਨ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ। ਇਸੇ ਤਰ੍ਹਾਂ ਇਰਾਨ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਵੀ ਚੌਕਸ ਰਹਿਣ ਅਤੇ ਤਹਿਰਾਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਨਾਲ ਰਾਬਤਾ ਬਣਾਈ ਰੱਖਣ ਦਾ ਸੱਦਾ ਦਿੱਤਾ ਹੈ।
ਵਿਦੇਸ਼ ਮੰਤਰਾਲੇ ਨੇ ਇਕ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਖ਼ਿੱਤੇ ਵਿਚ ਤਣਾਅ ’ਚ ਹੋਏ ਹਾਲੀਆ ਵਾਧੇ ਉਤੇ ਅਸੀਂ ਕਰੀਬੀ ਨਜ਼ਰ ਰੱਖ ਰਹੇ ਹਾਂ।... ਭਾਰਤੀ ਨਾਗਰਿਕਾਂ ਨੂੰ ਇਰਾਨ ਦੇ ਬੇਲੋੜੇ ਸਫ਼ਰ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।’’
ਇਸ ਦੇ ਨਾਲ ਹੀ ਭਾਰਤ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਜ਼ਬਤ ਤੋਂ ਕੰਮ ਲੈਣ ਦਾ ਸੱਦਾ ਵੀ ਦਿੱਤਾ ਹੈ। ਭਾਰਤ ਨੇ ਕਿਹਾ ਕਿ ਜ਼ਰੂਰੀ ਹੈ ਕਿ ਇਸ ਤਣਾਅ ਨੂੰ ਹੋਰ ਫੈਲਣ ਤੋਂ ਰੋਕਿਆ ਜਾਵੇ। ਬਿਆਨ ਵਿਚ ਕਿਹਾ ਗਿਆ ਹੈ, ‘‘ਅਸੀਂ ਇਸ ਗੱਲ ਉਤੇ ਜ਼ੋਰ ਦਿੰਦੇ ਹਾਂ ਕਿ ਸਾਰੇ ਮਾਮਲੇ ਗੱਲਬਾਤ ਤੇ ਸਫ਼ਾਰਤੀ ਢੰਗ-ਤਰੀਕਿਆਂ ਨਾਲ ਨਿਬੇੜੇ ਜਾਣ।’’ -ਪੀਟੀਆਈ