ਭਾਰਤ ਨੇ 76 ਸੋਨ ਤਗ਼ਮਿਆਂ ਸਣੇ 202 ਮੈਡਲਾਂ ਨਾਲ ਕੀਤੀ ਸਪੈਸ਼ਲ ਓਲੰਪਿਕ ਦੀ ਸਮਾਪਤੀ
ਬਰਲਿਨ, 26 ਜੂਨ
ਭਾਰਤ ਨੇ ਇੱਥੇ ਸਪੈਸ਼ਲ ਓਲੰਪਿਕ ਵਿਸ਼ਵ ਖੇਡਾਂ ਵਿੱਚ ਆਪਣੀ ਮੁਹਿੰਮ ਦੀ ਸਮਾਪਤੀ 76 ਸੋਨ ਤਗ਼ਮਿਆਂ ਸਣੇ 202 ਮੈਡਲ ਜਿੱਤ ਕੇ ਕੀਤੀ। ਅਖੀਰ ਵਿੱਚ ਇੱਥੇ ਅਥਲੈਟਿਕਸ ਵਿੱਚ ਭਾਰਤ ਨੇ ਸੋਨ ਤਗ਼ਮਿਆਂ ਦਾ ਜੋੜਾ ਜਿੱਤਿਆ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 76 ਸੋਨ ਤਗ਼ਮੇ, 75 ਚਾਂਦੀ ਦੇ ਤਗ਼ਮੇ ਅਤੇ 51 ਕਾਂਸੀ ਦਾ ਤਗ਼ਮੇ ਜਿੱਤੇ ਹਨ।
ਐਤਵਾਰ ਨੂੰ ਮੁਕਾਬਲਿਆਂ ਦੇ ਆਖਰੀ ਦਿਨ ਭਾਰਤੀ ਅਥਲੀਟਾਂ ਨੇ ਟਰੈਕ ਮੁਕਾਬਲਿਆਂ ਵਿੱਚ ਦੋ ਸੋਨੇ, ਤਿੰਨ ਚਾਂਦੀ ਅਤੇ ਇਕ ਕਾਂਸੀ ਦੇ ਤਗ਼ਮੇ ਸਣੇ ਕੁੱਲ ਛੇ ਤਗ਼ਮੇ ਜਿੱਤੇ। ਆਂਚਲ ਗੋਇਲ ਨੇ ਮਹਿਲਾਵਾਂ ਦੀ ਲੈਵਲ ‘ਬੀ’ 400 ਮੀਟਰ ਦੌੜ ਅਤੇ ਰਵੀਮਤੀ ਅਰੂਮੁਗਮ ਨੇ ਮਹਿਲਾਵਾਂ ਦੀ ਲੈਵਲ ‘ਸੀ’ 400 ਮੀਟਰ ਦੌੜ ਵਿੱਚ ਸੋਨੇ ਦੇ ਤਗ਼ਮੇ ਜਿੱਤੇ। ਸਾਕੇਤ ਕੁੰਡੂ ਨੇ ਪਹਿਲਾਂ ਮਿਨੀ ਜੈਵਲਿਨ ਲੈਵਲ ‘ਬੀ’ ਵਿੱਚ ਇਕ ਚਾਂਦੀ ਦਾ ਤਗ਼ਮਾ ਜਿੱਤਿਆ ਤੇ ਫਿਰ ਉਸ ਨੇ ਲੈਵਲ ‘ਬੀ’ 400 ਮੀਟਰ ਦੌੜ ਵਿੱਚ ਇਕ ਕਾਂਸੀ ਦਾ ਤਗ਼ਮਾ ਵੀ ਜਿੱਤਿਆ। ਇਸ ਵਿਸ਼ੇਸ਼ ਓਲੰਪਿਕ ਵਿੱਚ ਦੁਨੀਆ ਭਰ ‘ਚੋਂ ਬੌਧਿਕ ਅਪੰਗਤਾ ਵਾਲੇ ਖਿਡਾਰੀ ਆਪੋ-ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ।
ਭਾਰਤੀ ਦਲ ਨੇ ਬਾਅਦ ਵਿੱਚ ਇਸ ਇਤਿਹਾਸਕ ਸ਼ਹਿਰ ਦੇ ਵਿਚਾਲੇ ਸਥਿਤ ਬਰੈਂਡਨਬਰਗ ਗੇਟ ਵਿਖੇ ਹੋਏ ਇਕ ਭਾਵੁਕ ਸਮਾਪਤੀ ਸਮਾਰੋਹ ‘ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਖੇਡਾਂ ‘ਚ ਭਾਰਤੀ ਵਫ਼ਦ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਸਪੈਸ਼ਲ ਓਲੰਪਿਕਸ ਭਾਰਤ ਦੀ ਚੇਅਰਪਰਸਨ ਮੱਲਿਕਾ ਨਾਡਾ ਨੇ ਕਿਹਾ, ”ਸਾਡੇ ਵੱਡੀ ਗਿਣਤੀ ਅਥਲੀਟਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਭੇਦ-ਭਾਵ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਨ੍ਹਾਂ ਨੂੰ ਸਮਾਜ ਦੇ ਕੰਮ ਨਾ ਕਰਨ ਵਾਲੇ ਮੈਂਬਰਾਂ ਵਜੋਂ ਲਿਆ ਗਿਆ। ਇਹ ਇਕ ਪੁਰਾਣੀ ਸੋਚ ਹੈ ਅਤੇ ਗ਼ਲਤ ਵੀ ਹੈ। ਖੇਡਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਮਹਾਨ ਕਾਰਨਾਮੇ ਕਰਨ ਦੇ ਸਮਰੱਥ ਹਨ।” ਭਾਰਤੀ ਵਫ਼ਦ ਵਿੱਚ 198 ਖਿਡਾਰੀ ਤੇ ਯੂਨੀਫਾਈਡ ਸਾਂਝੇਦਾਰ ਅਤੇ 16 ਕੋਚ ਸ਼ਾਮਲ ਸਨ ਜਿਨ੍ਹਾਂ ਨੇ 16 ਖੇਡਾਂ ‘ਚ ਹਿੱਸਾ ਲਿਆ। -ਪੀਟੀਆਈ