For the best experience, open
https://m.punjabitribuneonline.com
on your mobile browser.
Advertisement

ਨਵੀਆਂ ਖੋਜਾਂ ਦੇ ਮਾਮਲੇ ਵਿੱਚ ਭਾਰਤ ਆਲਮੀ ਪੱਧਰ ’ਤੇ ਉੱਭਰਿਆ: ਬਿਲ ਗੇਟਸ

07:42 AM Aug 18, 2024 IST
ਨਵੀਆਂ ਖੋਜਾਂ ਦੇ ਮਾਮਲੇ ਵਿੱਚ ਭਾਰਤ ਆਲਮੀ ਪੱਧਰ ’ਤੇ ਉੱਭਰਿਆ  ਬਿਲ ਗੇਟਸ
ਸਿਆਟਲ ਵਿੱਚ ਪਹਿਲੇ ਭਾਰਤ ਦਿਵਸ ਦੇ ਜਸ਼ਨਾਂ ਵਿੱਚ ਸ਼ਮੂਲੀਅਤ ਕਰਦੇ ਹੋਏ ਮਾਈਕਰੋਸਾਫਟ ਦੇ ਬਾਨੀ ਬਿਲ ਗੇਟਸ। -ਫੋਟੋ: ਪੀਟੀਆਈ
Advertisement

ਵਾਸ਼ਿੰਗਟਨ, 17 ਅਗਸਤ
ਅਮਰੀਕੀ ਕਾਰੋਬਾਰੀ ਅਤੇ ਮਾਈਕਰੋਸਾਫਟ ਦੇ ਬਾਨੀ ਬਿਲ ਗੇਟਸ ਨੇ ਕਿਹਾ ਹੈ ਕਿ ਭਾਰਤ ਨਵੀਆਂ ਖੋਜਾਂ ਦੇ ਮਾਮਲੇ ’ਚ ਆਲਮੀ ਪੱਧਰ ’ਤੇ ਉਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਸਿਆਟਲ ’ਚ ਭਾਰਤ ਦੇ ਨਵੇਂ ਖੁੱਲ੍ਹੇ ਕੌਂਸਲਖਾਨੇ ’ਤੇ ਆਜ਼ਾਦੀ ਦਿਹਾੜੇ ਦੇ ਜਸ਼ਨਾਂ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਪਹਿਲੇ ਭਾਰਤ ਦਿਵਸ ਦੇ ਜਸ਼ਨਾਂ ਦਾ ਵੀ ਆਗਾਜ਼ ਕੀਤਾ। ਭਾਰਤੀ-ਅਮਰੀਕੀ ਭਾਈਚਾਰੇ ਦੇ ਕਰੀਬ 2 ਹਜ਼ਾਰ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਬਿਲ ਗੇਟਸ ਨੇ ਤਕਨਾਲੋਜੀ, ਖੇਤੀਬਾੜੀ ਅਤੇ ਸਿਹਤ-ਸੰਭਾਲ ਵਰਗੇ ਖੇਤਰਾਂ ’ਚ ਨਵੀਆਂ ਕਾਢਾਂ ਲਈ ਭਾਰਤ ਨੂੰ ਆਲਮੀ ਪੱਧਰ ’ਤੇ ਉਭਰਦਾ ਮੁਲਕ ਦੱਸਿਆ। ਉਨ੍ਹਾਂ ਕਿਹਾ ਕਿ ਸੁਰੱਖਿਅਤ ਟੀਕਿਆਂ ਦੇ ਨਿਰਮਾਣ ਤੋਂ ਲੈ ਕੇ ਡਿਜੀਟਲ ਜਨਤਕ ਬੁਨਿਆਦੀ (ਡੀਪੀਆਈ) ਢਾਂਚੇ ਤੱਕ ਹਰ ਖੇਤਰ ’ਚ ਭਾਰਤ ਦੀ ਮੁਹਾਰਤ ਪੂਰੀ ਦੁਨੀਆ ਦੀ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਗਲੋਬਲ ਸਾਊਥ’ ਦੇ ਮੁਲਕ ਆਪਣੀ ਡੀਪੀਆਈ ਪ੍ਰਣਾਲੀ ਬਣਾਉਣ ਲਈ ਭਾਰਤ ਦੇ ਤਜਰਬੇ ਤੋਂ ਲਾਹਾ ਲੈ ਰਹੇ ਹਨ। ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਗੇਟਸ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਅਤੇ ਪਰਵਾਸੀ ਭਾਰਤੀਆਂ ਨਾਲ ਮਿਲ ਕੇ ਸਿਆਟਲ ਵਣਜ ਦੂਤਘਰ ’ਚ ਪਹਿਲੇ ਭਾਰਤ ਦਿਵਸ ਸਮਾਗਮ ’ਚ ਹਿੱਸਾ ਲੈਣਾ ਸਨਮਾਨ ਦੀ ਗੱਲ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਟੈਗ ਕਰਦਿਆਂ ਪੋਸਟ ’ਚ ਲਿਖਿਆ ਕਿ ਭਾਰਤ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਕਰਨ ਦੇ ਨਾਲ ਨਾਲ ਉਸ ’ਚ ਸੁਧਾਰ ਵੀ ਲਿਆ ਰਿਹਾ ਹੈ। ਉਨ੍ਹਾਂ ਆਜ਼ਾਦੀ ਦਿਹਾੜੇ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ। ਸਮਾਗਮ ’ਚ ਹਿੱਸਾ ਲੈਣ ਵਾਲੀਆਂ ਹੋਰ ਹਸਤੀਆਂ ’ਚ ਸੰਸਦ ਮੈਂਬਰ ਸੁਜ਼ਾਨ ਡੇਲਬੇਨੇ, ਕਿਮ ਸ਼੍ਰੀਅਰ, ਐਡਮ ਸਮਿਥ, ਲੈਫ਼ਟੀਨੈਂਟ ਜਨਰਲ ਜ਼ੇਵੀਅਰ ਬਰੂਨਸਨ, ਰੀਅਰ ਐਡਮਿਰਲ ਮਾਰਕ ਸੁਕਾਟੋ, ਵਾਸ਼ਿੰਗਟਨ ਦੇ ਲੈਫ਼ਟੀਨੈਂਟ ਗਵਰਨਰ ਡੇਨੀ ਹੈੱਕ, ਡੈਮੋਕਰੈਟਿਕ ਪਾਰਟੀ ਦੇ ਆਗੂ ਸਟੀਵ ਹੋਬਸ ਅਤੇ ਵਾਸ਼ਿੰਗਟਨ ਤੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਟੀਵ ਗੌਂਜ਼ਾਲੇਜ਼ ਸ਼ਾਮਲ ਸਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement