For the best experience, open
https://m.punjabitribuneonline.com
on your mobile browser.
Advertisement

ਭਾਰਤ ਵੱਲੋਂ ਨੇਪਾਲ ’ਚ ਹਸਪਤਾਲਾਂ ਤੇ ਸਕੂਲਾਂ ਨੂੰ 84 ਵਾਹਨ ਭੇਟ

10:18 AM Jul 17, 2023 IST
ਭਾਰਤ ਵੱਲੋਂ ਨੇਪਾਲ ’ਚ ਹਸਪਤਾਲਾਂ ਤੇ ਸਕੂਲਾਂ ਨੂੰ 84 ਵਾਹਨ ਭੇਟ
ਭਾਰਤੀ ਸਫ਼ੀਰ ਨਵੀਨ ਸ੍ਰੀਵਾਸਤਵ ਕਾਠਮੰਡੂ ਵਿੱਚ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਾਹਨਾਂ ਦੀਆਂ ਚਾਬੀਆਂ ਸੌਂਪਦੇ ਹੋਏ। -ਫੋਟੋ: ਪੀਟੀਆੲੀ
Advertisement

ਕਾਠਮੰਡੂ, 16 ਜੁਲਾਈ
ਭਾਰਤ ਨੇ ਨੇਪਾਲ ’ਚ ਸਿਹਤ ਅਤੇ ਸਿੱਖਿਆ ਖੇਤਰਾਂ ’ਚ ਕਾਰਜਸ਼ੀਲ ਵੱਖ-ਵੱਖ ਸੰਸਥਾਵਾਂ ਨੂੰ 84 ਵਾਹਨ ਤੋਹਫ਼ੇ ਵਜੋਂ ਦਿੱਤੇ ਹਨ। ਨੇਪਾਲ ਸਥਿਤ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਸਫ਼ੀਰ ਨਵੀਨ ਸ੍ਰੀਵਾਸਤਵ ਨੇ ਇੱਥੇ ਸਿੱਖਿਆ, ਵਿਗਿਆਨ ਤੇ ਤਕਨੀਕ ਮੰਤਰੀ ਅਸ਼ੋਕ ਕੁਮਾਰ ਰਾਏ ਦੀ ਹਾਜ਼ਰੀ ਵਿੱਚ 34 ਐਂਬੂਲੈਂਸਾਂ ਅਤੇ 50 ਸਕੂਲ ਬੱਸਾਂ ਦੀਆਂ ਚਾਬੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ।
ਸ੍ਰੀਵਾਸਤਵ ਨੇ ਕਿਹਾ, ‘‘ਭਾਰਤ ਸਰਕਾਰ ਵੱਲੋਂ ਨੇਪਾਲ-ਭਾਰਤ ਵਿਕਾਸ ਭਾਈਵਾਲੀ ਪ੍ਰੋਗਰਾਮ (ਐੱਨਆਈਡੀਪੀਪੀ) ਤਹਿਤ ਨੇਪਾਲ ਸਰਕਾਰ ਦੀਆਂ ਸਿਹਤ ਅਤੇ ਸਿੱਖਿਆ ਖੇਤਰ ’ਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ ਵਾਹਨ ਤੋਹਫੇ ਵਜੋਂ ਦੇਣ ਦੀ ਲੰਮੇ ਸਮੇਂ ਤੋਂ ਰਵਾਇਤ ਹੈ।’’ ਵਾਹਨ ਭੇਟ ਕਰਨ ਲਈ ਕਰਵਾਏ ਸਮਾਗਮ ’ਚ ਵੱਖ-ਵੱਖ ਨਗਰਪਾਲਿਕਾਵਾਂ ਦੇ ਮੇਅਰਾਂ ਤੇ ਚੇਅਰਪਰਸਨਾਂ ਤੋਂ ਇਲਾਵਾ ਲਾਭਪਾਤਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਭਾਰਤੀ ਸਫ਼ੀਰ ਨੇ ਕਿਹਾ, ‘‘ਇਹ ਭਾਰਤ ਅਤੇ ਨੇਪਾਲ ਵਿਚਾਲੇ ਠੋਸ ਅਤੇ ਮਜ਼ਬੂਤ ਵਿਕਾਸ ਭਾਈਵਾਲੀ ਦਾ ਹਿੱਸਾ ਹੈ ਜਿਸ ਦਾ ਲੰਮਾ ਇਤਿਹਾਸ ਅਤੇ ਵਿਰਾਸਤ ਹੈ।’’ ਇਸ ਦੌਰਾਨ ਨੇਪਾਲ ਦੇ ਸਿੱਖਿਆ ਮੰਤਰੀ ਰਾਏ ਨੇ ਨੇਪਾਲ ਵਿੱਚ ਭਾਰਤ ਸਰਕਾਰ ਵੱਲੋਂ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਇਹ ਮਦਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਰਿਸ਼ਤਿਆਂ ਅਤੇ ਲੋਕਾਂ ਵਿਚਾਲੇ ਤਾਲਮੇਲ ਨੂੰ ਲਗਾਤਾਰ ਮਜ਼ਬੂਤ ਬਣਾਉਂਦੀ ਰਹੇਗੀ। ਉਨ੍ਹਾਂ ਨੇ ਨੇਪਾਲ ਵਿੱਚ ਭਾਰਤ ਸਰਕਾਰ ਵੱਲੋਂ ਸਕੂਲਾਂ ਤੇ ਸਿਹਤ ਸੇਵਾਵਾਂ ਲਈ ਮਦਦ ਦੇਣ ਦੀ ਸ਼ਲਾਘਾ ਕੀਤੀ। ਦੱਸਣਯੋਗ ਹੈ ਕਿ ਭਾਰਤ 1994 ਤੋਂ ਹੁਣ ਤੱਕ ਨੇਪਾਲ ਵਿੱਚ ਵੱਖ-ਵੱਖ ਸਿਹਤ ਤੇ ਸਿੱਖਿਆ ਸੰਸਥਾਵਾਂ ਨੂੰ 974 ਐਂਬੂਲੈਂਸਾਂ ਅਤੇ 234 ਸਕੂਲ ਵਾਹਨ ਭੇਟ ਕਰ ਚੁੱਕਾ ਹੈ ਜਿਸ ਵਿੱਚ ਅੱਜ ਭੇਟ ਕੀਤੇ ਵਾਹਨਾਂ ਦੀ ਖੇਪ ਵੀ ਸ਼ਾਮਲ ਹੈ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×