ਭਾਰਤ ਨੇ ਸਲਾਮਤੀ ਕੌਂਸਲ ਵਿੱਚ ਕੂੜ ਪ੍ਰਚਾਰ ਲਈ ਪਾਕਿ ਦੀ ਕੀਤੀ ਆਲੋਚਨਾ
ਸੰਯੁਕਤ ਰਾਸ਼ਟਰ, 26 ਅਕਤੂਬਰ
ਭਾਰਤ ਨੇ ਔਰਤਾਂ, ਸ਼ਾਂਤੀ ਅਤੇ ਸੁਰੱਖਿਆ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੇ ਭੜਕਾਹਟ ਅਤੇ ਸਿਆਸੀ ਕੂੜ ਪ੍ਰਚਾਰ ਵਾਲੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਖਾਸ ਕਰਕੇ ਹਿੰਦੂਆਂ, ਸਿੱਖਾਂ ਅਤੇ ਈਸਾਈ ਮਹਿਲਾਵਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਪਾਕਿਸਤਾਨ ਨੇ ਕਸ਼ਮੀਰ ਦਾ ਰਾਗ ਵੀ ਮੁੜ ਅਲਾਪਿਆ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਪੀ. ਹਰੀਸ਼ ਨੇ ਸਲਾਮਤੀ ਕੌਂਸਲ ’ਚ ਕਿਹਾ, ‘‘ਇਹ ਘਿਨਾਉਣਾ ਬਿਆਨ ਹੈ। ਇਕ ਵਫ਼ਦ ਨੇ ਗਲਤ ਅਤੇ ਗੁਮਰਾਹਕੁੰਨ ਜਾਣਕਾਰੀ ਫੈਲਾਉਣ ਦੀ ਆਪਣੀ ਅਜ਼ਮਾਈ ਰਣਨੀਤੀ ਦੇ ਆਧਾਰ ’ਤੇ ਭੜਕਾਹਟ ਪੈਦਾ ਕਰਨ ਦਾ ਬਦਲ ਚੁਣਿਆ ਹੈ।’’ ਹਰੀਸ਼ ਨੇ ਬਦਲਦੇ ਮਾਹੌਲ ’ਚ ਸ਼ਾਂਤੀ ਬਹਾਲੀ ’ਚ ਔਰਤਾਂ ਦੀ ਭੂਮਿਕਾ ਵਿਸ਼ੇ ’ਤੇ ਸਲਾਮਤੀ ਕੌਂਸਲ ਦੀ ਖੁੱਲ੍ਹੀ ਬਹਿਸ ’ਚ ਭਾਰਤ ਵੱਲੋਂ ਬਿਆਨ ਦਿੱਤਾ। ਪਾਕਿਸਤਾਨ ਨੂੰ ਜਵਾਬ ਦੇਣ ਦੇ ਆਪਣੇ ਅਧਿਕਾਰ ਤਹਿਤ ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਘੱਟ ਗਿਣਤੀਆਂ ਦੀਆਂ ਅੰਦਾਜ਼ਨ ਇਕ ਹਜ਼ਾਰ ਔਰਤਾਂ ਹਰ ਸਾਲ ਅਗ਼ਵਾ, ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦਾ ਸ਼ਿਕਾਰ ਹੁੰਦੀਆਂ ਹਨ। -ਪੀਟੀਆਈ