ਭਾਰਤ ਨੇ ਅਫ਼ਗਾਨਿਸਤਾਨ ’ਤੇ ਹਵਾਈ ਹਮਲੇ ਕਰਨ ਲਈ ਪਾਕਿਸਤਾਨ ਦੀ ਨਿਖੇਧੀ ਕੀਤੀ
ਨਵੀਂ ਦਿੱਲੀ, 6 ਜਨਵਰੀ
ਭਾਰਤ ਨੇ ਅਫ਼ਗਾਨਿਸਤਾਨ ’ਤੇ ਪਾਕਿਸਤਾਨੀ ਹਵਾਈ ਹਮਲਿਆਂ ਦੀ ਅੱਜ ਨਿੰਦੀ ਕੀਤੀ ਅਤੇ ਕਿਹਾ ਕਿ ਆਪਣੀਆਂ ਅੰਦਰੂਨੀ ਅਸਫਲਤਾਵਾਂ ਲਈ ਗੁਆਂਢੀਆਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ।
ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਕੁਝ ਇਲਾਕਿਆਂ ’ਚ ਹਵਾਈ ਹਮਲੇ ਕੀਤੇ ਹਨ। ਪਾਕਿਸਤਾਨ ਨੇ ਇਨ੍ਹਾਂਹਮਲਿਆਂ ਬਾਰੇ ਕਿਹਾ ਕਿ ਇਸ ਦਾ ਉਦੇਸ਼ ਕੁਝ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਅਸੀਂ ਔਰਤਾਂ ਤੇ ਬੱਚਿਆਂ ਸਣੇ ਅਫ਼ਗਾਨ ਨਾਗਰਿਕਾਂ ’ਤੇ ਹਵਾਈ ਹਮਲਿਆਂ ਦੀ ਮੀਡੀਆ ਰਿਪੋਰਟ ’ਤੇ ਗੌਰ ਕੀਤਾ ਹੈ, ਜਿਸ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ। ਅਸੀਂ ਨਿਰਦੋਸ਼ ਨਾਗਰਿਕਾਂ ’ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਸਪੱਸ਼ਟ ਤੌਰ ’ਤੇ ਨਿਖੇਧੀ ਕਰਦੇ ਹਾਂ।’’
ਉਨ੍ਹਾਂ ਕਿਹਾ, ‘‘ਆਪਣੀਆਂ ਅੰਦਰੂਨੀ ਅਸਫਲਤਾਵਾਂ ਲਈ ਆਪਣੇ ਗੁਆਂਢੀਆਂ ਨੂੰ ਦੋਸ਼ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਰਹੀ ਹੈ। ਅਸੀਂ ਇਸ ਸਬੰਧੀ ਇਕ ਅਫ਼ਗਾਨ ਤਰਜਮਾਨ ਦੀ ਪ੍ਰਤੀਕਿਰਿਆ ’ਤੇ ਵੀ ਗੌਰ ਕੀਤਾ ਹੈ।’’ -ਪੀਟੀਆਈ