ਲਿਬਨਾਨ ਵਿੱਚ ਸ਼ਾਂਤੀ ਸੈਨਿਕਾਂ ’ਤੇ ਹਮਲੇ ਦੀ ਭਾਰਤ ਵੱਲੋਂ ਨਿਖੇਧੀ
ਸੰਯੁਕਤ ਰਾਸ਼ਟਰ, 13 ਅਕਤੂਬਰ
ਲਿਬਨਾਨ ’ਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ’ਤੇ ਹਮਲੇ ਦੀ ਤਿੱਖੀ ਨਿਖੇਧੀ ਵਾਲੇ ਸਾਂਝੇ ਬਿਆਨ ਦੀ ਭਾਰਤ ਨੇ ਹਮਾਇਤ ਕੀਤੀ ਹੈ। ਸੰਯੁਕਤ ਰਾਸ਼ਟਰ ਅੰਤਰਿਮ ਫੋਰਸ ਲਿਬਨਾਨ (ਯੂਐੱਨਆਈਐੱਫਆਈਐੱਲ) ਦੇ ਪੰਜ ਸ਼ਾਂਤੀ ਸੈਨਿਕ ਉਸ ਸਮੇਂ ਜ਼ਖ਼ਮੀ ਹੋ ਗਏ ਸਨ ਜਦੋਂ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਖ਼ਿਲਾਫ਼ ਕਾਰਵਾਈ ਦੌਰਾਨ ਮੁਲਕ ਦੇ ਦੱਖਣੀ ਹਿੱਸੇ ਨੂੰ ਨਿਸ਼ਾਨਾ ਬਣਾਇਆ ਸੀ। ਸੰਯੁਕਤ ਰਾਸ਼ਟਰ ’ਚ ਪੋਲੈਂਡ ਦੇ ਮਿਸ਼ਨ ਨੇ ‘ਐਕਸ’ ’ਤੇ ਜਾਰੀ ਸਾਂਝੇ ਬਿਆਨ ’ਚ ਕਿਹਾ ਕਿ ਉਹ ਪੱਛਮੀ ਏਸ਼ੀਆ ’ਚ ਵਿਗੜ ਰਹੇ ਹਾਲਾਤ ਤੋਂ ਚਿੰਤਤ ਹਨ ਅਤੇ ਸ਼ਾਂਤੀ ਸੈਨਿਕਾਂ ’ਤੇ ਹੋਏ ਹਮਲਿਆਂ ਦੀ ਨਿਖੇਧੀ ਕਰਦੇ ਹਨ। ਸਾਂਝੇ ਬਿਆਨ ’ਤੇ 34 ਮੁਲਕਾਂ ਦੇ ਦਸਤਖ਼ਤ ਹਨ ਅਤੇ ਉਸ ’ਚ ਕਿਹਾ ਗਿਆ ਹੈ ਕਿ ਅਜਿਹੇ ਹਮਲੇ ਰੋਕ ਜਾਣੇ ਚਾਹੀਦੇ ਹਨ। ਭਾਰਤ ਦਾ ਨਾਮ ਸਾਂਝੇ ਬਿਆਨ ’ਤੇ ਦਸਤਖ਼ਤ ਕਰਨ ਵਾਲੇ ਮੁਲਕਾਂ ’ਚ ਨਹੀਂ ਸੀ ਪਰ ਸੰਯੁਕਤ ਰਾਸ਼ਟਰ ’ਚ ਭਾਰਤੀ ਸਥਾਈ ਮਿਸ਼ਨ ਨੇ ‘ਐਕਸ’ ’ਤੇ ਕਿਹਾ ਕਿ ਉਹ ਸਾਂਝੇ ਬਿਆਨ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਂਤੀ ਸੈਨਿਕਾਂ ਦੀ ਸੁਰੱਖਿਆ ਅਹਿਮ ਹੈ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਮਤਿਆਂ ਮੁਤਾਬਕ ਉਨ੍ਹਾਂ ਦੀ ਰਾਖੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ’ਚ ਕਿਹਾ ਸੀ ਕਿ ਮੁਲਕ ਪੱਛਮੀ ਏਸ਼ੀਆ ਦੇ ਵਿਗੜ ਰਹੇ ਹਾਲਾਤ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ ਸੀ ਕਿ ਸੰਯੁਕਤ ਰਾਸ਼ਟਰ ਦੇ ਟਿਕਾਣਿਆਂ ਅਤੇ ਸ਼ਾਂਤੀ ਸੈਨਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। -ਪੀਟੀਆਈ