India-China ties: ਭਾਰਤ-ਚੀਨ ਸਬੰਧ ਮਾਮੂਲੀ ਸੁਧਰੇ: ਜੈਸ਼ੰਕਰ
ਨਵੀਂ ਦਿੱਲੀ, 3 ਦਸੰਬਰ
Peace along LAC crucial, says Jaishankar: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਲੋਕ ਸਭਾ ’ਚ ਲਾਈਨ ਆਫ ਐਕਟੁਅਲ ਕੰਟਰੋਲ (ਐੱਲਏਸੀ) ’ਤੇ ਫੌਜੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਚੀਨ ਨਾਲ ਲੱਗਦੇ ਸਰਹੱਦੀ ਖੇਤਰਾਂ ਦੇ ਪ੍ਰਬੰਧਨ ’ਤੇ ਹੋਰ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਐਲਏਸੀ ’ਤੇ ਸ਼ਾਂਤੀ ਚੀਨ ਨਾਲ ਭਵਿੱਖੀ ਸਬੰਧਾਂ ਦਾ ਆਧਾਰ ਬਣੇਗੀ।
ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਗੱਲਬਾਤ ਜ਼ਰੀਏ ਆਪਸੀ ਵਿਵਾਦ ਨੂੰ ਸੁਲਝਾਉਣ ਦਾ ਯਤਨ ਕਰ ਰਹੇ ਹਨ। ਪੂਰਬੀ ਲਦਾਖ ਵਿਚ ਫੌਜਾਂ ਪਿੱਛੇ ਹਟ ਗਈਆਂ ਹਨ ਪਰ ਐਲਏਸੀ ਦੇ ਕਈ ਖੇਤਰਾਂ ਵਿਚ ਹਾਲੇ ਵੀ ਵਿਵਾਦ ਹੈ। ਭਾਰਤ ਅਜਿਹਾ ਹੱਲ ਕੱਢਣ ਦਾ ਯਤਨ ਕਰ ਰਿਹਾ ਹੈ ਜੋ ਦੋਵਾਂ ਦੇਸ਼ਾਂ ਨੂੰ ਮਨਜ਼ੂਰ ਹੋਵੇ। ਜੈਸ਼ੰਕਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕੂਟਨੀਤਕ ਅਤੇ ਫੌਜੀ ਪੱਧਰ ’ਤੇ ਕੀਤੇ ਯਤਨਾਂ ਦੇ ਵੇਰਵੇ ਦਿੱਤੇ।
ਉਨ੍ਹਾਂ ਕਿਹਾ ਕਿ ਭਾਰਤ ਦੀ ਪਹਿਲ ਅਣਸੁਖਾਵੀਆਂ ਘਟਨਾਵਾਂ ਅਤੇ ਝੜਪਾਂ ਨੂੰ ਰੋਕਣ ਦੀ ਹੈ ਜਿਸ ਲਈ ਗੱਲਬਾਤ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਖੇਤਰਾਂ ਵਿੱਚ ਗਸ਼ਤ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੇ ਰਿਸ਼ਤੇ 2020 ਤੋਂ ਬਾਅਦ ਵਿਗੜ ਗਏ ਸਨ ਪਰ ਹੁਣ ਦੀ ਗੱਲਬਾਤ ਤੋਂ ਬਾਅਦ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਸ਼ਾਂਤੀ ਲਈ ਜ਼ਰੂਰੀ ਹੈ ਕਿ ਦੋਵੇਂ ਦੇਸ਼ ਐਲਏਸੀ ਦਾ ਸਨਮਾਨ ਕਰਨ।