India-China SWEETS Exchange: ਦੀਵਾਲੀ ਮੌਕੇ ਭਾਰਤੀ ਤੇ ਚੀਨੀ ਫ਼ੌਜੀਆਂ ਨੇ ਇਕ-ਦੂਜੇ ਨੂੰ ਵੰਡੀਆਂ ਮਠਿਆਈਆਂ
02:27 PM Oct 31, 2024 IST
ਨਵੀਂ ਦਿੱਲੀ, 31 ਅਕਤੂਬਰ
ਭਾਰਤ ਅਤੇ ਚੀਨ ਦੇ ਸੈਨਿਕਾਂ ਨੇ ਵੀਰਵਾਰ ਨੂੰ ਦੀਵਾਲੀ ਦੇ ਮੌਕੇ ਅਸਲ ਕੰਟਰੋਲ ਲਕੀਰ (LAC) 'ਤੇ ਕਈ ਸਰਹੱਦੀ ਚੌਕੀਆਂ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਇਹ ਜਾਣਕਾਰੀ ਫ਼ੌਜ ਦੇ ਸੂਤਰਾਂ ਨੇ ਦਿੱਤੀ ਹੈ।
ਪੂਰਬੀ ਲੱਦਾਖ਼ ਦੇ ਤਣਾਅ ਵਾਲੇ ਦੋ ਟਿਕਾਣਿਆਂ ਦੇਮਚੋਕ ਅਤੇ ਦੇਪਸਾਂਗ 'ਤੇ ਦੋਵਾਂ ਮੁਲਕਾਂ ਵੱਲੋਂ ਫ਼ੌਜਾਂ ਨੂੰ ਪਿੱਛੇ ਹਟਾ ਲਏ ਜਾਣ ਤੋਂ ਇਕ ਦਿਨ ਬਾਅਦ ਰਵਾਇਤੀ ਵਰਤ-ਵਿਹਾਰ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨਾਲ ਚੀਨ-ਭਾਰਤ ਸਬੰਧਾਂ ਵਿਚ ਨਵੀਂ ਗਰਮ-ਜੋਸ਼ੀ ਦਾ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ।
ਫੌਜ ਦੇ ਇਕ ਸੂਤਰ ਨੇ ਕਿਹਾ, ''ਦੀਵਾਲੀ ਦੇ ਮੌਕੇ 'ਤੇ ਐੱਲਏਸੀ ਦੇ ਨਾਲ-ਨਾਲ ਕਈ ਸਰਹੱਦੀ ਚੌਕੀਆਂ 'ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਜਵਾਨਾਂ ਵਿਚਾਲੇ ਮਠਿਆਈਆਂ ਦਾ ਵਟਾਂਦਰਾ ਹੋਇਆ।" ਸੂਤਰਾਂ ਨੇ ਦੱਸਿਆ ਕਿ ਇਹ ਅਦਲਾ-ਬਦਲੀ ਐੱਲਏਸੀ ਉਤੇ ਨਾਲ ਪੰਜ ਬਾਰਡਰ ਪਰਸੋਨਲ ਮੀਟਿੰਗ (ਬੀਪੀਐਮ) ਚੌਕੀਆਂ 'ਤੇ ਹੋਈ।
ਬੁੱਧਵਾਰ ਨੂੰ ਫੌਜ ਦੇ ਸੂਤਰ ਨੇ ਦੱਸਿਆ ਸੀ ਕਿ ਦੋਵਾਂ ਪਾਸਿਆਂ ਦੇ ਸੈਨਿਕ ਦੋਵੇਂ ਟਕਰਾਅ ਵਾਲੀਆਂ ਚੌਕੀਆਂ ਤੋਂ ਪੂਰੀ ਤਰ੍ਹਾਂ ਪਿਛਾਂਹ ਹਟ ਚੁੱਕੇ ਹਨ ਅਤੇ ਜਲਦੀ ਹੀ ਇਨ੍ਹਾਂ ਟਿਕਾਣਿਆਂ 'ਤੇ ਗਸ਼ਤ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਤਸਦੀਕ ਪ੍ਰਕਿਰਿਆ ਜਾਰੀ ਸੀ ਅਤੇ ਗਸ਼ਤ ਦੀ ਰੂਪ-ਰੇਖਾ ਜ਼ਮੀਨੀ ਕਮਾਂਡਰਾਂ ਵਿਚਕਾਰ ਤੈਅ ਕੀਤੀ ਜਾਣੀ ਸੀ। ਸੂਤਰਾਂ ਨੇ ਕਿਹਾ, ''ਸਥਾਨਕ ਕਮਾਂਡਰ ਪੱਧਰ 'ਤੇ ਗੱਲਬਾਤ ਜਾਰੀ ਰਹੇਗੀ।"
ਗੌਰਤਲਬ ਹੈ ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 21 ਅਕਤੂਬਰ ਨੂੰ ਦਿੱਲੀ ਵਿੱਚ ਕਿਹਾ ਸੀ ਕਿ ਪਿਛਲੇ ਕਈ ਹਫ਼ਤਿਆਂ ਦੌਰਾਨ ਹੋਈ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਦਰਮਿਆਨ ਇੱਕ ਸਮਝੌਤਾ ਹੋ ਗਿਆ ਹੈ ਅਤੇ ਇਹ 2020 ਵਿੱਚ ਪੈਦਾ ਹੋਏ ਮੁੱਦਿਆਂ ਦਾ ਹੱਲ ਕਰਨ ਲਈ ਰਾਹ ਪੱਧਰਾ ਕਰੇਗਾ। -ਪੀਟੀਆਈ
Advertisement
Advertisement