For the best experience, open
https://m.punjabitribuneonline.com
on your mobile browser.
Advertisement

ਭਾਰਤ ਨੇ ਅਤਿਵਾਦ ਬਾਰੇ ਕੁੱਲ ਆਲਮ ਦੀ ਮਾਨਸਿਕਤਾ ਬਦਲੀ: ਰਾਜਨਾਥ

08:33 PM Jun 29, 2023 IST
ਭਾਰਤ ਨੇ ਅਤਿਵਾਦ ਬਾਰੇ ਕੁੱਲ ਆਲਮ ਦੀ ਮਾਨਸਿਕਤਾ ਬਦਲੀ  ਰਾਜਨਾਥ
Advertisement

ਜੰਮੂ, 26 ਜੂਨ

Advertisement

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਹਥਿਆਰਬੰਦ ਫ਼ੌਜਾਂ ਨੂੰ ਵਿਸ਼ੇਸ਼ ਤਾਕਤਾਂ ਨਾਲ ਸਬੰਧਤ ਐਕਟ (ਅਫਸਪਾ) ਉੱਤਰ-ਪੂਰਬ ਦੇ ਇਕ ਵੱਡੇ ਹਿੱਸੇ ‘ਚੋਂ ਹਟਾ ਲਿਆ ਗਿਆ ਹੈ ਤੇ ਉਹ ਜੰਮੂ-ਕਸ਼ਮੀਰ ਵਿੱਚ ‘ਸਥਾਈ ਸ਼ਾਂਤੀ’ ਦੀ ਉਡੀਕ ਕਰ ਰਹੇ ਹਨ ਤਾਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚੋਂ ਵੀ ਇਸ ਐਕਟ ਨੂੰ ਹਟਾਇਆ ਜਾ ਸਕੇ। ਇਥੇ ਕੌਮੀ ਸੁਰੱਖਿਆ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਅਤਿਵਾਦ ਬਾਰੇ ਅਮਰੀਕਾ ਸਣੇ ਕੁੱਲ ਆਲਮ ਦੀ ਮਾਨਸਿਕਤਾ ਨੂੰ ਬਦਲਿਆ ਹੈ।

Advertisement

ਸਿੰਘ ਨੇ ਕਿਹਾ, ”ਅੱਜ ਉੱਤਰ-ਪੂਰਬ ਦੇ ਇਕ ਵੱਡੇ ਹਿੱਸੇ ਵਿਚੋਂ ਅਫਸਪਾ ਹਟਾਇਆ ਜਾ ਚੁੱਕਾ ਹੈ। ਮੈਨੂੰ ਉਸ ਦਿਨ ਦੀ ਉਡੀਕ ਹੈ ਜਦੋਂ ਜੰਮੂ-ਕਸ਼ਮੀਰ ਵਿੱਚ ਸਥਾਈ ਅਮਨ ਹੋਵੇ ਤੇ ਅਫਸਪਾ ਨੂੰ ਉਥੋਂ ਵੀ ਹਟਾਇਆ ਜਾਵੇ।” ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੇ ਲੰਮਾ ਸਮਾਂ ਅਤਿਵਾਦ ਦਾ ਸੰਤਾਪ ਹੰਢਾਇਆ ਹੈ ਤੇ ਇਥੋਂ ਦੇ ਲੋਕਾਂ ਨੂੰ ਪਤਾ ਹੈ ਕਿ ਅਤਿਵਾਦ ਦਾ ਜ਼ਹਿਰ ਕਿਵੇਂ ਸਮਾਜ ਨੂੰ ਖੋਖਲਾ ਕਰਦਾ ਹੈ। ਜੰਮੂ ਕਸ਼ਮੀਰ ਵਿੱਚ ਦਹਾਕਿਆਂ ਤੋਂ ਅਤਿਵਾਦ ਦਾ ਪੂਰਾ ਨੈੱਟਵਰਕ ਚੱਲ ਰਿਹਾ ਹੈ। ਉਨ੍ਹਾਂ ਕਿਹਾ, ”ਇਸ ਨੈੱਟਵਰਕ ਨੂੰ ਵੱਡੇ ਪੱਧਰ ‘ਤੇ ਕਮਜ਼ੋਰ ਕਰਕੇ ਸਖ਼ਤ ਕਾਰਵਾਈ ਕੀਤੀ ਗਈ ਹੈ। ਅਸੀਂ ਅਤਿਵਾਦ ਲਈ ਹੁੰਦੀ ਫੰਡਿੰਗ ਰੋਕੀ ਹੈ, ਹਥਿਆਰਾਂ ਤੇ ਨਸ਼ਿਆਂ ਦੀ ਸਪਲਾਈ ਰੋਕਣ ਦੇ ਨਾਲ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ ਹੈ। ਦਹਿਸ਼ਤਗਰਦਾਂ ਲਈ ਲੁਕਵੇਂ ਰੂਪ ਵਿੱਚ ਕੰਮ ਕਰਦੇ ਵਰਕਰਾਂ ਦੇੇ ਤਾਣੇ-ਬਾਣੇ ਨੂੰ ਤੋੜਨ ਦਾ ਕੰਮ ਵੀ ਜਾਰੀ ਹੈ।” ਸਿੰਘ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜਿਹੜੇ ਮੁਲਕ ਅਤਿਵਾਦ ਨੂੰ ਆਪਣੀ ਰਾਜਕੀ ਨੀਤੀ ਵਜੋਂ ਵਰਤੋਂ ਕਰ ਰਹੇ ਹਨ, ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਇਹ ਚਾਲਾਂ ਬਹੁਤਾ ਚਿਰ ਨਹੀਂ ਚੱਲਣਗੀਆਂ। ਸਿੰਘ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਸਾਡਾ ਸੀ ਤੇ ਸਾਡਾ ਹੀ ਰਹੇਗਾ। ਉਨ੍ਹਾਂ ਪੂਰਬੀ ਲੱਦਾਖ ਵਿੱਚ ਚੀਨ ਨਾਲ ਬਣੇ ਜਮੂਦ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਆਪਣੀਆਂ ਸਰਹੱਦਾਂ ਤੇ ਆਪਣੇ ਸਵੈ-ਮਾਣ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਭਾਰਤ ਸਥਾਪਿਤ ਕਾਰਜਪ੍ਰਣਾਲੀ ਤਹਿਤ ਹੀ ਅਮਰੀਕਾ ਤੋਂ ਐੱਮਕਿਊ-9ਬੀ ਡਰੋਨ ਖਰੀਦੇਗਾ ਤੇ ਡਰੋਨ ਨਿਰਮਾਤਾ ਜਨਰਲ ਐਟੋਮਿਕਸ ਵੱਲੋਂ ਪੇਸ਼ਕਸ਼ ਕੀਤੀ ‘ਬੈਸਟ ਪ੍ਰਾਈਸ’ ਦੀ ਹੋਰਨਾਂ ਮੁਲਕਾਂ ਨਾਲ ਤੁਲਨਾ ਕੀਤੀ ਜਾਵੇਗੀ। -ਪੀਟੀਆਈ

ਚੀਨ ਨੇ ਭਾਰਤ-ਅਮਰੀਕਾ ਵਿਚਾਲੇ ਹੋਏ ਰੱਖਿਆ-ਵਪਾਰਕ ਸਮਝੌਤਿਆਂ ‘ਤੇ ਦਿੱਤੀ ਪ੍ਰਤੀਕਿਰਿਆ

ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਦੋ ਮੁਲਕਾਂ ਵਿਚਾਲੇ ਹੋਣ ਵਾਲੇ ਸਮਝੌਤਿਆਂ ਨੂੰ ਖੇਤਰੀ ਸ਼ਾਂਤੀ ਤੇ ਸਥਿਰਤਾ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਤੇ ਨਾ ਹੀ ਕਿਸੇ ਤੀਜੀ ਧਿਰ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਚੀਨ ਦੀ ਇਹ ਪ੍ਰਤੀਕਿਰਿਆ ਹਾਲ ਹੀ ਵਿਚ ਭਾਰਤ ਤੇ ਅਮਰੀਕਾ ਦਰਮਿਆਨ ਹੋਏ ਰੱਖਿਆ ਤੇ ਵਪਾਰਕ ਸਮਝੌਤਿਆਂ ਤੋਂ ਬਾਅਦ ਆਈ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਮੀਡੀਆ ਨੂੰ ਕਿਹਾ ਕਿ ਦੋ ਮੁਲਕਾਂ ਵਿਚਾਲੇ ਹੋਣ ਵਾਲੇ ਸਮਝੌਤੇ ਕਿਸੇ ਤੀਜੀ ਧਿਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਨਹੀਂ ਹੋਣੇ ਚਾਹੀਦੇ। ਚੀਨ ਦੇ ਤਰਜਮਾਨ ਨੇ ਕਿਹਾ, ‘ਸਾਨੂੰ ਆਸ ਹੈ ਕਿ ਸਬੰਧਤ ਮੁਲਕ ਸੁਰੱਖਿਆ ਤੇ ਸਥਿਰਤਾ ਦੇ ਪੱਖ ਤੋਂ ਖੇਤਰੀ ਦੇਸ਼ਾਂ ਵਿਚਾਲੇ ਆਪਸੀ ਭਰੋਸੇ ਨੂੰ ਕਾਇਮ ਰੱਖਣ ਲਈ ਸਹੀ ਢੰਗ ਨਾਲ ਕੰਮ ਕਰਨਗੇ।’ -ਪੀਟੀਆਈ

‘ਓਬਾਮਾ ਪਹਿਲਾਂ ਸੋਚਣ ਿਫਰ ਬੋਲਣ’

ਜੰਮੂ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ ਵਿੱਚ ਘੱਟਗਿਣਤੀਆਂ ਦੇ ਹੱਕਾਂ ਬਾਰੇ ਬਿਆਨ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ (ਓਬਾਮਾ) ਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਮੁਸਲਿਮ ਬਹੁਗਿਣਤੀ ਵਾਲੇ ਕਿੰਨੇ ਮੁਲਕਾਂ ‘ਤੇ ਹਮਲੇ ਕੀਤੇ ਗਏ ਹਨ। ਓਬਾਮਾ ਨੇ ਪਿਛਲੇ ਦਿਨੀਂ ਸੀਐੱਨਐੱਨ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਭਾਰਤ ਜੇਕਰ ‘ਨਸਲੀ ਘੱਟਗਿਣਤੀਆਂ’ ਦੇ ਹੱਕਾਂ ਦੀ ਹਿਫਾਜ਼ਤ ਨਹੀਂ ਕਰ ਸਕਦਾ ਤਾਂ ਇਸ ਗੱਲ ਦੀ ਵੱਡੀ ਸੰਭਾਵਨਾ ਹੈ ਕਿ ਦੇਸ਼ ਦੇ ਟੁਕੜੇ ਹੋਣ ਲੱਗਣ। ਸਿੰਘ ਨੇ ਕਿਹਾ ਕਿ ਓਬਾਮਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੇ ਲੋਕ ‘ਵਾਸੁਧੈਵ ਕੁਟੁੰਬਕਮ’ ਦੇ ਸੰਕਲਪ ਵਿੱਚ ਯਕੀਨ ਰੱਖਦੇ ਹਨ ਤੇ ਸਾਰੇ ਲੋਕਾਂ ਨੂੰ ਇਕ ਆਲਮੀ ਪਰਿਵਾਰ ਦਾ ਮੈਂਬਰ ਮੰਨਦੇ ਹਨ। – ਪੀਟੀਆਈ

Advertisement
Tags :
Advertisement