India-Canada Issue: ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਪਿੱਛੇ ਅਮਿਤ ਸ਼ਾਹ: ਕੈਨੇਡਾ
ਵਾਸ਼ਿੰਗਟਨ, 29 ਅਕਤੂਬਰ
India-Canada Issue: ਕੈਨੇਡਾ ਦੀ ਸਰਕਾਰ ਨੇ ਮੰਗਲਵਾਰ ਨੂੰ ਦੋਸ਼ ਲਾਇਆ ਹੈ ਕਿ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਪਿੱਛੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਹਿਯੋਗੀ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੱਥ ਹੈ। ਹਾਲਾਂਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਪਿਛਲੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਸੀ।
‘ਵਾਸ਼ਿੰਗਟਨ ਪੋਸਟ’ ਅਖਬਾਰ ਨੇ ਸਭ ਤੋਂ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਕੈਨੇਡੀਅਨ ਅਧਿਕਾਰੀਆਂ ਨੇ ਦੋਸ਼ ਲਗਾਇਆ ਸੀ ਕਿ ਕੈਨੇਡਾ ਵਿੱਚ ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਅਤੇ ਧਮਕਾਉਣ ਦੀ ਮੁਹਿੰਮ ਪਿੱਛੇ ਸ਼ਾਹ ਦਾ ਹੱਥ ਸੀ। ਕੈਨੇਡਾ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਡੇਵਿਡ ਮੌਰੀਸਨ ਨੇ ਮੰਗਲਵਾਰ ਨੂੰ ਸੰਸਦੀ ਪੈਨਲ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਸਥਿਤ ਇਕ ਅਖਬਾਰ ਨੂੰ ਦੱਸਿਆ ਕਿ ਇਸ ਸਾਜ਼ਿਸ਼ ਪਿੱਛੇ ਸ਼ਾਹ ਦਾ ਹੱਥ ਸੀ।
ਮੌਰੀਸਨ ਨੇ ਹੋਰ ਵੇਰਵੇ ਜਾਂ ਸਬੂਤ ਦਿੱਤੇ ਬਿਨਾਂ ਕਮੇਟੀ ਨੂੰ ਦੱਸਦਿਆਂ ਕਿਹਾ, ‘‘ਪੱਤਰਕਾਰ ਨੇ ਮੈਨੂੰ ਬੁਲਾਇਆ ਅਤੇ ਪੁੱਛਿਆ ਕਿ ਕੀ ਇਹ (ਸ਼ਾਹ) ਉਹ ਵਿਅਕਤੀ ਸੀ। ਮੈਂ ਪੁਸ਼ਟੀ ਕੀਤੀ ਕਿ ਇਹ ਉਹ ਵਿਅਕਤੀ ਸੀ’’। ਇਸ ਸਬੰਧੀ ਓਟਵਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ।
ਭਾਰਤ ਨੇ ਸਿੱਖ ਵੱਖਵਾਦੀਆਂ ਨੂੰ ਅਤਿਵਾਦੀ ਦੱਸਦਿਆਂ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ। ਸਿੱਖ ਵੱਖਵਾਦੀ ਭਾਰਤ ਵਿੱਚੋਂ ਖਾਲਿਸਤਾਨ ਨਾਂ ਵਾਲੇ ਵੱਖਰੇ ਆਜ਼ਾਦ ਦੇਸ਼ ਦੀ ਮੰਗ ਕਰਦੇ ਹਨ। ਭਾਰਤ ਵਿਚ 1980 ਅਤੇ 1990 ਦੇ ਦਹਾਕਿਆਂ ਦੌਰਾਨ ਇਸ ਸਬੰਧੀ ਚੱਲੀ ਇੱਕ ਬਗਾਵਤ ਭਰੀ ਹਿੰਸਕ ਮੁਹਿੰਮ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਸਨ।
ਉਸ ਦੌਰ ਦੌਰਾਨ 1984 ਦੇ ਸਿੱਖ ਵਿਰੋਧੀ ਦੰਗੇ ਵੀ ਹੋਏ, ਜਿਹੜੇ ਉਸ ਸਮੇਂ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਤੋਂ ਬਾਅਦ ਭੜਕੇ ਅਤੇ ਇਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਸਨ।
2023 ਵਿਚ ਕੈਨੇਡਾ ਵਿਚ ਸਿੱਖ ਵੱਖਵਾਦੀ ਆਗੂ ਹਰਦੀਪ ਨਿੱਝਰ ਦੇ ਕਤਲ ਮਾਮਲੇ ਨਾਲ ਜੋੜਦਿਆਂ ਕੈਨੇਡਾ ਨੇ ਅਕਤੂਬਰ ਦੇ ਅੱਧ ਵਿੱਚ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ, ਜਿਸ ਦੌਰਾਨ ਭਾਰਤ ਨੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਦੇ ਹੁਕਮ ਵੀ ਦਿੱਤੇ ਹਨ।
ਕੈਨੇਡੀਅਨ ਮਾਮਲਾ ਭਾਰਤ ਵੱਲੋਂ ਵਿਦੇਸ਼ੀ ਧਰਤੀ 'ਤੇ ਸਿੱਖ ਵੱਖਵਾਦੀਆਂ ਨੂੰ ਕਥਿਤ ਤੌਰ 'ਤੇ ਨਿਸ਼ਾਨਾ ਬਣਾਉਣ ਦਾ ਇਕਲੌਤਾ ਮਾਮਲਾ ਨਹੀਂ ਹੈ।
ਵਾਸ਼ਿੰਗਟਨ ਨੇ ਇੱਕ ਸਾਬਕਾ ਭਾਰਤੀ ਖੁਫ਼ੀਆ ਅਧਿਕਾਰੀ ਵਿਕਾਸ ਯਾਦਵ ਉੱਤੇ ਨਿਊਯਾਰਕ ਸਿਟੀ ਵਿੱਚ ਦੋਹਰੇ ਅਮਰੀਕੀ-ਕੈਨੇਡੀਅਨ ਨਾਗਰਿਕ ਅਤੇ ਭਾਰਤੀ ਆਲੋਚਕ, ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਨੂੰ ਕਥਿਤ ਤੌਰ ’ਤੇ ਨਿਰਦੇਸ਼ਿਤ ਕਰਨ ਦਾ ਦੋਸ਼ ਲਗਾਇਆ ਹੈ। -ਰਾਈਟਰਜ਼