For the best experience, open
https://m.punjabitribuneonline.com
on your mobile browser.
Advertisement

ਭਾਰਤ-ਕੈਨੇਡਾ ਵਿਵਾਦ

06:24 AM Oct 16, 2024 IST
ਭਾਰਤ ਕੈਨੇਡਾ ਵਿਵਾਦ
Advertisement

ਭਾਰਤ ਅਤੇ ਕੈਨੇਡਾ ਵਿਚਾਲੇ ਇੱਕ ਸਾਲ ਤੋਂ ਚੱਲ ਰਹੇ ਵਿਵਾਦ ਨੇ ਨਵੀਆਂ ਸਿਖ਼ਰਾਂ ਛੂਹ ਲਈਆਂ ਹਨ। ਸੋਮਵਾਰ ਦੋਵਾਂ ਮੁਲਕਾਂ ਵੱਲੋਂ ਚੁੱਕੇ ਗਏ ਕਦਮਾਂ ਨੇ ਕੂਟਨੀਤਕ ਰਿਸ਼ਤਿਆਂ ’ਚ ਕੁੜੱਤਣ ਹੋਰ ਵਧਾ ਦਿੱਤੀ ਹੈ। ਜੂਨ 2023 ਵਿੱਚ ਹੋਈ ਕੱਟੜ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਵਿੱਚ ਕੈਨੇਡਾ ਦੇ ਲਾਏ ਗਏ ਨਵੇਂ ਦੋਸ਼ਾਂ ਨੂੰ ਭਾਰਤ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਇਆ ਹੈ ਕਿ ਸਿੱਖ ਆਗੂ ਦੀ ਹੱਤਿਆ ’ਚ ਭਾਰਤੀ ਡਿਪਲੋਮੈਟਾਂ (ਹਾਈ ਕਮਿਸ਼ਨਰ ਤੇ ਹੋਰ) ਦੀ ਸ਼ਮੂਲੀਅਤ ਸੀ। ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਨੂੰ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨਾਲ ਜੋਡਿ਼ਆ ਗਿਆ ਸੀ। ਨਵੀਂ ਦਿੱਲੀ ਨੇ ਜਨਤਕ ਤੌਰ ’ਤੇ ਪ੍ਰਗਟ ਕੀਤਾ ਹੈ ਕਿ ਉਸ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਬਿਲਕੁਲ ਭਰੋਸਾ ਨਹੀਂ ਹੈ। ਨਵੀਂ ਦਿੱਲੀ ਨੇ ਕਿਹਾ ਹੈ ਕਿ ਟਰੂਡੋ ਵੋਟ ਬੈਂਕ ਦੀ ਸਿਆਸਤ ਖਾਤਰ ਭਾਰਤ ਖ਼ਿਲਾਫ਼ ਭੜਕਾਹਟ ਪੈਦਾ ਕਰ ਰਹੇ ਹਨ ਅਤੇ ਦੋਸ਼ ਲਾਉਣ ਪਿੱਛੇ ਉਨ੍ਹਾਂ ਦਾ ਘਰੇਲੂ ਏਜੰਡਾ ਕੰਮ ਕਰ ਰਿਹਾ ਹੈ। ਦੋਵਾਂ ਮੁਲਕਾਂ ਨੇ ਧੜਾਧੜ ਡਿਪਲੋਮੈਟਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਹੈ ਜਿਸ ਨਾਲ ਸੰਕਟ ਹੋਰ ਗਹਿਰਾ ਹੋਇਆ ਹੈ। ਪਿਛਲੇ ਸਾਲ ਹੋਏ ਵਿਵਾਦ ਵਿੱਚ ਥੋੜ੍ਹਾ ਸੰਜਮ ਵਰਤਿਆ ਗਿਆ ਸੀ ਪਰ ਇਸ ਵਾਰ ਜਾਪਦਾ ਹੈ ਕਿ ਦੋਵਾਂ ਧਿਰਾਂ ਨੇ ਇਸ ਲਈ ਬਹੁਤੀ ਕੋਸ਼ਿਸ਼ ਨਹੀਂ ਕੀਤੀ।
ਲਗਭਗ ਨੌਂ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਕੈਨੇਡਾ ਵਿੱਚ ਟਰੂਡੋ ਫਿੱਕੇ ਪੈ ਰਹੇ ਹਨ, ਸੱਤਾਧਾਰੀ ਲਿਬਰਲ ਪਾਰਟੀ ਵੀ ਅੰਦਰਖਾਤੇ ਉਨ੍ਹਾਂ ਉੱਤੇ ਅਹੁਦਾ ਛੱਡਣ ਦਾ ਦਬਾਅ ਬਣਾ ਰਹੀ ਹੈ। ਵਧਦੀ ਅਸੰਤੁਸ਼ਟੀ ਵਿਚਾਲੇ ਉਨ੍ਹਾਂ ਦੀ ਪਾਰਟੀ ਦੀ ਅਗਾਮੀ ਚੋਣਾਂ ਵਿੱਚ ਹਾਰ ਦਾ ਖ਼ਦਸ਼ਾ ਹੈ ਜੋ ਅਗਲੇ ਸਾਲ ਅਕਤੂਬਰ ਤੱਕ ਹੋਣੀਆਂ ਹਨ। ਟਰੂਡੋ ਵੱਲੋਂ ਕੱਟੜ ਸਿੱਖ ਤੱਤਾਂ ਨੂੰ ਲੁਭਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਕਿਸੇ ਵੀ ਤਰ੍ਹਾਂ ਸੱਤਾ ’ਚ ਬਣੇ ਰਹਿਣ ਦੇ ਯਤਨਾਂ ਨਾਲ ਹੀ ਜੁੜੀ ਹੋਈ ਹੈ। ਇੱਕ ਵਾਰ ਫਿਰ ਭਾਰਤ ’ਤੇ ਜਨਤਕ ਤੌਰ ਉੱਤੇ ਦੋਸ਼ ਲਾ ਕੇ ਟਰੂਡੋ ਉਸ ਥਾਂ ਪਹੁੰਚ ਗਏ ਹਨ ਜਿੱਥੋਂ ਸ਼ਾਇਦ ਪਰਤਣਾ ਵੀ ਮੁਸ਼ਕਿਲ ਹੋ ਜਾਵੇ। ਇਸ ਨੇ ਗਹਿਰੇ ਕੂਟਨੀਤਕ ਸੰਕਟ ਨੂੰ ਜਨਮ ਦੇ ਦਿੱਤਾ ਹੈ। ਕੈਨੇਡਾ ਅੰਦਰ ਵੱਖਵਾਦੀ ਮੁਹਿੰਮਾਂ ਨੂੰ ਮਿਲਦੇ ਸਮਰਥਨ ਉੱਤੇ ਨਵੀਂ ਦਿੱਲੀ ਕਈ ਵਾਰ ਇਤਰਾਜ਼ ਕਰ ਚੁੱਕਾ ਹੈ। ਇਹ ਮੁੱਦਾ ਹੁਣ ਧਿਆਨ ਦਾ ਕੇਂਦਰ ਬਣ ਚੁੱਕਾ ਹੈ।
ਸਿੱਖ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਸਰਕਾਰ ’ਤੇ ਅਪਰਾਧਕ ਨੈੱਟਵਰਕ ਚਲਾਉਣ ਦੇ ਗੰਭੀਰ ਦੋਸ਼ ਲਾਏ ਗਏ ਹਨ। ਇਹ ਵੀ ਅਜੀਬ ਹੈ ਕਿਉਂਕਿ ਦਿੱਲੀ ਖ਼ੁਦ ਕਈ ਚਿਰ ਤੋਂ ਓਟਵਾ ਨੂੰ ਭਾਰਤੀ ਮੂਲ ਦੇ ਗੈਂਗਸਟਰਾਂ ਉੱਤੇ ਲਗਾਮ ਕੱਸਣ ਲਈ ਕਹਿ ਰਿਹਾ ਹੈ ਜੋ ਕਥਿਤ ਤੌਰ ’ਤੇ ਕੈਨੇਡਾ ’ਚ ਲੁਕੇ ਹੋਏ ਹਨ। ਟਕਰਾਅ ਦੀ ਇਹ ਰਾਜਨੀਤੀ ਭਾਰਤ-ਕੈਨੇਡਾ ਦੇ ਸਬੰਧਾਂ ਦੀ ਬਲੀ ਲੈ ਰਹੀ ਹੈ। ਇਹ ਦੋਵਾਂ ਵਿੱਚੋਂ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਬੰਦ ਦਰਵਾਜ਼ਿਆਂ ਪਿੱਛਿਓਂ ਕੂਟਨੀਤੀ ਰਾਹੀਂ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ।

Advertisement

Advertisement
Advertisement
Author Image

joginder kumar

View all posts

Advertisement