ਯੂਕਰੇਨ-ਰੂਸ ਜੰਗ ਰੋਕਣ ’ਚ ਭਾਰਤ ਨਿਭਾ ਸਕਦੈ ਅਹਿਮ ਭੂਮਿਕਾ: ਗਾਰਸੇਟੀ
ਕੋਲਕਾਤਾ, 19 ਜੁਲਾਈ
ਭਾਰਤ ’ਚ ਅਮਰੀਕਾ ਦੇ ਸਫ਼ੀਰ ਐਰਿਕ ਗਾਰਸੇਟੀ ਨੇ ਕਿਹਾ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਰੋਕਣ ’ਚ ਭਾਰਤ ਅਹਿਮ ਅਤੇ ਵੱਡੀ ਭੂਮਿਕਾ ਨਿਭਾ ਸਕਦਾ ਹੈ। ਉਂਜ ਉਨ੍ਹਾਂ ਕਿਹਾ ਕਿ ਇਸ ਬਾਰੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਖੁਦ ਫ਼ੈਸਲਾ ਲੈਣਾ ਹੈ। ਕੌਮਾਂਤਰੀ ਸਬੰਧਾਂ ’ਚ ਭਾਰਤ ਦੀ ਵੱਧ ਰਹੀ ਭੂਮਿਕਾ ਦਾ ਸਵਾਗਤ ਕਰਦਿਆਂ ਅਮਰੀਕੀ ਸਫ਼ੀਰ ਨੇ ਕਿਹਾ ਕਿ ਉਹ ਆਲਮੀ ਦੱਖਣ ਨੂੰ ਮਜ਼ਬੂਤ ਬਣਾਉਣ ਲਈ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਹਿੰਦ ਮਹਾਸਾਗਰ ’ਚ ਡਕੈਤਾਂ ਵੱਲੋਂ ਅਗ਼ਵਾ ਕੀਤੇ ਜਾਂਦੇ ਬੇੜੇ ਛੁਡਵਾਉਣ ’ਚ ਭਾਰਤੀ ਜਲ ਸੈਨਾ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।
ਗਾਰਸੇਟੀ ਨੇ ਕਿਹਾ, ‘‘ਦੁਨੀਆ ’ਚ ਕਿਸੇ ਵੀ ਤਰ੍ਹਾਂ ਦੀਆਂ ਜੰਗਾਂ ਦੇ ਹੱਲ ਲਈ ਭਾਰਤ ਜਿਹੜੀ ਵੀ ਭੂਮਿਕਾ ਨਿਭਾਉਣਾ ਚਾਹੇ, ਅਸੀਂ ਉਸ ਦਾ ਸਵਾਗਤ ਕਰਾਂਗੇ। ਭਾਰਤ ਦੇ ਯੂਕਰੇਨ ਅਤੇ ਰੂਸ ਨਾਲ ਮਜ਼ਬੂਤ ਸਬੰਧ ਰਹੇ ਹਨ। ਇਸ ਲਈ ਭਾਰਤ ਵੱਡੀ ਅਤੇ ਅਹਿਮ ਭੂਮਿਕਾ ਨਿਭਾ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਰੂਸ ਨਾਲ ਸਬੰਧਾਂ ਬਾਰੇ ਅਮਰੀਕਾ ਦੀਆਂ ਚਿੰਤਾਵਾਂ ਸਪੱਸ਼ਟ ਹਨ। ਕੋਲਕਾਤਾ ’ਚ ਇਕ ਪ੍ਰੋਗਰਾਮ ਤੋਂ ਅੱਡ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰੀਕੀ ਸਫ਼ੀਰ ਨੇ ਕਿਹਾ ਕਿ ਕੌਮਾਂਤਰੀ ਸਬੰਧਾਂ ’ਚ ਬੁਨਿਆਦੀ ਸਿਧਾਂਤ ਸਰਹੱਦਾਂ ਦੀ ਖੁਦਮੁਖਤਿਆਰੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤ ਨੂੰ ਉਸ ਦੀਆਂ ਸਰਹੱਦਾਂ ਦੀ ਰਾਖੀ ’ਚ ਹਮਾਇਤ ਦਿੱਤੀ ਸੀ ਅਤੇ ਉਸੇ ਆਧਾਰ ’ਤੇ ਯੂਕਰੇਨੀ ਲੋਕਾਂ ਖ਼ਿਲਾਫ਼ ਬਿਨ੍ਹਾਂ ਭੜਕਾਹਟ ਦੇ ਥੋਪੀ ਗਈ ਜੰਗ ’ਚ ਅਸੀਂ ਤਿੱਖਾ ਸਟੈਂਡ ਲਿਆ ਹੈ।’’ ਗਾਰਸੇਟੀ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ’ਚ ਉਨ੍ਹਾਂ ਵੱਲੋਂ ਮਨੀਪੁਰ ਬਾਰੇ ਦਿੱਤੇ ਗਏ ਬਿਆਨ ਦੇ ਗਲਤ ਅਰਥ ਕੱਢੇ ਗਏ। ਉਨ੍ਹਾਂ ਦੁਹਰਾਇਆ ਕਿ ਮਨੀਪੁਰ ਦਾ ਮਾਮਲਾ ਭਾਰਤ ਅਤੇ ਭਾਰਤੀਆਂ ਦਾ ਹੈ ਅਤੇ ਇਸ ਦਾ ਹੱਲ ਭਾਰਤ ਨੇ ਖੁਦ ਕਰਨਾ ਹੈੈ। -ਪੀਟੀਆਈ
ਅਮਰੀਕਾ ਨੇ ਭਾਰਤ ਤੋਂ ਯੂਕਰੇਨ ਮਸਲੇ ਦੇ ਹੱਲ ਲਈ ਹਮਾਇਤ ਮੰਗੀ
ਵਾਸ਼ਿੰਗਟਨ: ਅਮਰੀਕਾ ਚਾਹੁੰਦਾ ਹੈ ਕਿ ਯੂਕਰੇਨ ’ਚ ਸ਼ਾਂਤੀ ਲਈ ਉਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਭਾਰਤ ਵੀ ਆਪਣਾ ਯੋਗਦਾਨ ਦੇਵੇ। ਅਮਰੀਕੀ ਵਿਦੇਸ਼ ਵਿਭਾਗ ਨੇ ਕਈ ਅਹਿਮ ਖੇਤਰਾਂ ’ਚ ਭਾਰਤ ਨਾਲ ਦੁਵੱਲੇ ਸਹਿਯੋਗ ਦਾ ਹਵਾਲਾ ਦਿੱਤਾ ਹੈ। ਵਿਦੇਸ਼ ਵਿਭਾਗ ਦੇ ਪ੍ਰਿੰਸੀਪਲ ਉਪ ਤਰਜਮਾਨ ਵੇਦਾਂਤ ਪਟੇਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਸਮੇਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਹੋਈਆਂ ਮੀਟਿੰਗਾਂ ਬਾਰੇ ਸਵਾਲ ਪੁੱਛਿਆ ਗਿਆ ਸੀ। ਪਟੇਲ ਨੇ ਕਿਹਾ ਕਿ ਯੂਕਰੇਨ ਦੇ ਸੰਦਰਭ ’ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ’ਤੇ ਉਹ ਭਾਰਤ ਸਮੇਤ ਅਮਰੀਕਾ ਦੇ ਸਾਰੇ ਭਾਈਵਾਲਾਂ ਨੂੰ ਲਗਾਤਾਰ ਆਖ ਰਹੇ ਹਨ ਕਿ ਯੂਕਰੇਨ ’ਚ ਸਥਾਈ ਸ਼ਾਂਤੀ ਦੇ ਹੱਲ ਲਈ ਉਨ੍ਹਾਂ ਨੂੰ ਹਮਾਇਤ ਦਿੱਤੀ ਜਾਵੇ। ਵਿਦੇਸ਼ ਵਿਭਾਗ ਨੇ ਰੂਸ ਨੂੰ ਯੂਕਰੇਨ ਤੋਂ ਆਪਣੀ ਫੌਜ ਵਾਪਸ ਸੱਦਣ ਲਈ ਕਿਹਾ ਹੈ। -ਪੀਟੀਆਈ