For the best experience, open
https://m.punjabitribuneonline.com
on your mobile browser.
Advertisement

ਭਾਰਤ ਵਿੱਚ ਵਿਸ਼ਵਾਸ ਰੱਖਦਾ ਹੈ ਗਲੋਬਲ ਸਾਊਥ: ਜੈਸ਼ੰਕਰ

07:51 AM Mar 09, 2024 IST
ਭਾਰਤ ਵਿੱਚ ਵਿਸ਼ਵਾਸ ਰੱਖਦਾ ਹੈ ਗਲੋਬਲ ਸਾਊਥ  ਜੈਸ਼ੰਕਰ
ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ। -ਫੋਟੋ: ਪੀਟੀਆਈ
Advertisement

ਟੋਕੀਓ, 8 ਮਾਰਚ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਗਲੋਬਲ ਸਾਊਥ ਵਿੱਚ ਭਾਰਤ ਦੀ ਅਗਵਾਈ ’ਤੇ ਜ਼ੋਰ ਦਿੰਦੇ ਹੋਏ ਅੱਜ ਕਿਹਾ ਕਿ ਇਸ ਪਲੈਟਫਾਰਮ ਦੇ 125 ਦੇਸ਼ਾਂ ਨੇ ਭਾਰਤ ’ਤੇ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਲੋਬਲ ਸਾਊਥ ਦੀਆਂ ਚਿੰਤਾਵਾਂ ’ਤੇ ਵਿਚਾਰ ਕਰਨ ਲਈ ਪਿਛਲੇ ਸਾਲ ਭਾਰਤ ਵੱਲੋਂ ਸੱਦੀਆਂ ਗਈਆਂ ਦੋ ਮੀਟਿੰਗਾਂ ਵਿੱਚ ਚੀਨ ਸ਼ਾਮਲ ਨਹੀਂ ਹੋਇਆ। ਇਸੇ ਦੌਰਾਨ ਜੈਸ਼ੰਕਰ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼ਿੰਜ਼ੋ ਆਬੇ ਦੀ ਪਤਨੀ ਆਇਕੀ ਆਬੇ ਨਾਲ ਮੁਲਾਕਾਤ ਕੀਤੀ।
ਇੱਥੇ ਭਾਰਤ-ਜਾਪਾਨ ਸਾਂਝੇਦਾਰੀ ’ਤੇ ‘ਨਿੱਕੀ ਫੋਰਮ’ ਨੂੰ ਸੰਬੋਧਨ ਕਰਦਿਆਂ ਭਾਰਤ ਦੇ ਚੋਟੀ ਦੇ ਰਾਜਦੂਤ ਨੇ ਕਿਹਾ ਕਿ ਗਲੋਬਲ ਸਾਊਥ ਦੇ ਦੇਸ਼ ਕਈ ਮੁੱਦਿਆਂ ’ਤੇ ਇਕ-ਦੂਜੇ ਪ੍ਰਤੀ ਹਮਦਰਦੀ ਰੱਖਦੇ ਹਨ। ਜੈਸ਼ੰਕਰ ਨੇ ਕਿਹਾ, ‘‘ਕਈ ਮੁੱਦਿਆਂ ’ਤੇ ਇਹ ਦੇਸ਼ ਇਕ-ਦੂਜੇ ਪ੍ਰਤੀ ਹਮਦਰਦੀ ਰੱਖਦੇ ਹਨ। ਕੋਵਿਡ ਮਗਰੋਂ ਇਹ ਭਾਵਨਾ ਵਧ ਗਈ ਹੈ ਕਿਉਂਕਿ ਗਲੋਬਲ ਸਾਊਥ ਦੇ ਕਈ ਦੇਸ਼ਾਂ ਨੂੰ ਲੱਗਿਆ ਕਿ ਉਹ ਟੀਕਾ ਮਿਲਣ ਦੇ ਮਾਮਲੇ ਵਿੱਚ ਕਤਾਰ ’ਚ ਸਭ ਤੋਂ ਪਿੱਛੇ ਖੜ੍ਹੇ ਹਨ। ਜਦੋਂ ਭਾਰਤ ਜੀ20 ਦਾ ਪ੍ਰਧਾਨ ਬਣਿਆ, ਉਦੋਂ ਵੀ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀਆਂ ਚਿੰਤਾਵਾਂ ਜੀ20 ਦੇ ਏਜੰਡੇ ਵਿੱਚ ਵੀ ਨਹੀਂ ਹਨ। ਇਸ ਵਾਸਤੇ ਅਸੀਂ ਗਲੋਬਲ ਸਾਊਥ ਦੇ ਆਗੂਆਂ ਦੇ ਨਾਲ ਦੋ ਮੀਟਿੰਗਾਂ ਕੀਤੀਆਂ ਕਿਉਂਕਿ ਅਸੀਂ ਇਨ੍ਹਾਂ 125 ਦੇਸ਼ਾਂ ਦੀ ਗੱਲ ਸੁਣਨਾ ਚਾਹੁੰਦੇ ਸੀ ਅਤੇ ਫਿਰ ਜੀ20 ਮੂਹਰੇ ਕਈ ਮੁੱਦੇ ਰੱਖੇ, ਜੋ ਕਿ ਇਨ੍ਹਾਂ 125 ਦੇਸ਼ਾਂ ਦੇ ਸਮੂਹਿਕ ਵਿਚਾਰ ਸਨ।’’ ਉਨ੍ਹਾਂ ਕਿਹਾ ਕਿ ਗਲੋਬਲ ਸਾਊਥ ਦੇ ਦੇਸ਼ ਜਾਣਦੇ ਹਨ ਕਿ ਅਸਲ ਵਿੱਚ ਕੀ ਹੋ ਰਿਹਾ ਹੈ, ਉਨ੍ਹਾਂ ਵਾਸਤੇ ਕੌਣ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਮੁੱਦਿਆਂ ’ਤੇ ਕਿਵੇਂ ਗੱਲਬਾਤ ਕੀਤੀ ਜਾ ਰਹੀ ਹੈ। ਜੈਸ਼ੰਕਰ ਨੇ ਕਿਹਾ, ‘‘ਉਹ ਇਹ ਨਹੀਂ ਮੰਨਦੇ ਕਿ ਇਹ ਮਹਿਜ਼ ਇਤਫਾਕ ਹੈ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਅਫਰੀਕੀ ਸੰਘ ਨੂੰ ਜੀ20 ਦੀ ਮੈਂਬਰਸ਼ਿਪ ਮਿਲੀ। ਇਸ ਵਾਸਤੇ ਗਲੋਬਲ ਸਾਊਥ ਸਾਡੇ ’ਤੇ ਭਰੋਸਾ ਕਰਦਾ ਹੈ।’’ ਉਨ੍ਹਾਂ ਜੀ20 ਸਿਖਰ ਸੰਮੇਲਨ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਮਲ ਨਾ ਹੋਣ ਸਬੰਧੀ ਕਿਹਾ, ‘‘ਪਿਛਲੇ ਸਾਲ ਗਲੋਬਲ ਸਾਊਥ ਦੀਆਂ ਚਿੰਤਾਵਾਂ ਸੁਣਨ ਲਈ ਅਸੀਂ ਜੋ ਦੋ ਸਿਖਰ ਸੰਮੇਲਨ ਕੀਤੇ, ਮੈਨੂੰ ਨਹੀਂ ਲੱਗਦਾ ਕਿ ਚੀਨ ਉਸ ਵਿੱਚ ਸ਼ਾਮਲ ਹੋਇਆ ਸੀ।’’
ਰੂਸ ਨਾਲ ਭਾਰਤ ਦੇ ਸਬੰਧਾਂ ਅਤੇ ਯੂਕਰੇਨ ਵਿੱਚ ਜੰਗ ਦੀ ਉਸ ਦੀ ਆਲੋਚਨਾ ਬਾਰੇ ਵਿਦੇਸ਼ ਮੰਤਰੀ ਨੇ ਕਿਹਾ, ‘‘ਸਾਡਾ ਰੁਖ਼ ਬਹੁਤ ਸਪੱਸ਼ਟ ਰਿਹਾ ਹੈ। ਮੇਰੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਕੋਲ ਖੜ੍ਹੇ ਹੋ ਕੇ ਕਿਹਾ ਹੈ ਕਿ ਅਸੀਂ ਇਸ ਜੰਗ ਨੂੰ ਖ਼ਤਮ ਹੁੰਦੇ ਦੇਖਣਾ ਚਾਹੁੰਦੇ ਹਾਂ।’’ ਇਸੇ ਦੌਰਾਨ ਜੈਸ਼ੰਕਰ ਨੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼ਿੰਜ਼ੋ ਆਬੇ ਦੀ ਪਤਨੀ ਆਇਕੀ ਆਬੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਤਰ ਸੌਂਪਿਆ। -ਪੀਟੀਆਈ

Advertisement

ਭਾਰਤ-ਜਾਪਾਨ ਦਾ ਆਪਸੀ ਮੇਲ-ਜੋਲ ਕਈ ਮੁੱਦਿਆਂ ਦਾ ਹੱਲ: ਜੈਸ਼ੰਕਰ

ਟੋਕੀਓ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਤੇ ਜਾਪਾਨ ਲਈ ਕੌਮੀ ਪੱਧਰ ਦੇ ਨਾਲ ਹੀ ਏਸ਼ੀਆ ਤੇ ਦੁਨੀਆ ਵਾਸਤੇ ਕਈ ਹੱਲ ਮਿਲ ਕੇ ਕੀਤੀਆਂ ਜਾਣ ਵਾਲੀਆਂ ਉਨ੍ਹਾਂ ਦੀਆਂ ਗਤੀਵਿਧੀਆਂ, ਖ਼ਾਸ ਕਰ ਕੇ ਕੁਆਡ ਵਿੱਚ ਉਨ੍ਹਾਂ ਦੀ ਭਾਗੀਦਾਰੀ ’ਤੇ ਨਿਰਭਰ ਕਰਦੇ ਹਨ। ਇੱਥੇ ਭਾਰਤ-ਜਾਪਾਨ ਸਾਂਝੇਦਾਰੀ ’ਤੇ ‘ਨਿੱਕੀ ਫੋਰਮ’ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਵਧੇਰੇ ਤਾਲਮੇਲ ਵਾਲੇ ਢੰਗ ਨਾਲ ਜਵਾਬ ਦੇਣ ਦੀ ਭਾਰਤ ਤੇ ਜਾਪਾਨ ਦੀ ਆਦਤ ਤੇ ਸਮਰੱਥਾ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਮੈਂ ਕੱਲ੍ਹ ਆਪਣੇ ਹਮਰੁਤਬਾ ਯੋਕੋ ਕਾਮੀਕਾਵਾ ਨਾਲ ਹੋਈ ਲੰਬੀ ਚਰਚਾ ਤੋਂ ਬਾਅਦ ਇਹ ਕਹਿੰਦਾ ਹਾਂ ਕਿ ਅਸੀਂ ਵੱਡੀ ਪੱਧਰ ’ਤੇ ਭਾਗੀਦਾਰੀ ਲਈ ਤਿਆਰ ਹਾਂ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×