ਭਾਰਤ-ਬੰਗਲਾਦੇਸ਼ ਟੈਸਟ: ਭਾਰਤ ਨੇ ਛੇ ਵਿਕਟਾਂ ਦੇ ਨੁਕਸਾਨ ਨਾਲ 339 ਦੌੜਾਂ ਬਣਾਈਆਂ
ਚੇਨੱਈ, 19 ਸਤੰਬਰ
ਭਾਰਤ ਤੇ ਬੰਗਲਾਦੇਸ਼ ਦਰਮਿਆਨ ਪਹਿਲਾ ਟੈਸਟ ਮੈਚ ਐਮ ਏ ਚਿਦੰਬਰਮ ਸਟੇਡੀਅਮ ਵਿਚ ਸ਼ੁਰੂ ਹੋਇਆ ਜਿਸ ਵਿਚ ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਦਿਨ ਛੇ ਵਿਕਟਾਂ ਦੇ ਨੁਕਸਾਨ ਨਾਲ 339 ਦੌੜਾਂ ਬਣਾਈਆਂ। ਭਾਰਤ ਦੀ ਸ਼ੁਰੂਆਤ ਖਰਾਬ ਰਹੀ ਤੇ ਪਹਿਲੀਆਂ ਛੇ ਵਿਕਟਾਂ 144 ਦੌੜਾਂ ’ਤੇ ਡਿੱਗ ਗਈਆਂ ਪਰ ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਿਵਨ ਨੇ ਨਾਬਾਦ 195 ਦੌੜਾਂ ਦੀ ਪਾਰੀ ਨਾਲ ਭਾਰਤ ਦਾ ਸਕੋਰ ਸਨਮਾਨਜਨਕ ਸਥਿਤੀ ’ਤੇ ਪਹੁੰਚਾਇਆ। ਅਸ਼ਿਵਨ ਨੇ ਆਪਣੇ ਘਰੇਲੂ ਮੈਦਾਨ ਵਿਚ ਅੱਜ ਸੈਂਕੜਾ ਜੜਿਆ। ਇਹ ਉਸ ਦਾ ਛੇਵਾਂ ਟੈਸਟ ਸੈਂਕੜਾ ਹੈ। ਅਸ਼ਵਿਨ ਨੇ 112 ਗੇਂਦਾਂ ਵਿੱਚ 91 ਤੋਂ ਉੱਪਰ ਦੀ ਸਟ੍ਰਾਈਕ ਰੇਟ ਨਾਲ 102 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ ਦੋ ਛੱਕੇ ਸ਼ਾਮਲ ਹਨ ਜਦਕਿ ਜਡੇਜਾ ਨੇ 117 ਗੇਂਦਾਂ ’ਚ 86 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਯਸ਼ਸ਼ਵੀ ਜੈਸਵਾਲ ਨੇ 118 ਗੇਂਦਾਂ ਵਿੱਚ ਨੌਂ ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ 39 ਅਤੇ ਕੇ ਐਲ ਰਾਹੁਲ ਨੇ 16 ਦੌੜਾਂ ਬਣਾਈਆਂ। ਦੂਜੇ ਪਾਸੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ 6-6 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਦੇ ਸਲਾਮੀ ਬੱਲੇਬਾਜ਼ੀ ਸ਼ੁਭਮਨ ਗਿੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਬੰਗਲਾਦੇਸ਼ ਦੇ ਹਸਨ ਮਹਿਮੂਦ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਹਸਨ ਮਿਰਾਜ ਤੇ ਨਾਹਿਦ ਰਾਣਾ ਨੇ 1-1 ਵਿਕਟਾਂ ਹਾਸਲ ਕੀਤੀਆਂ।