For the best experience, open
https://m.punjabitribuneonline.com
on your mobile browser.
Advertisement

ਸਿਰਾਜ ਦੀ ਬਦੌਲਤ ਭਾਰਤ ਏਸ਼ੀਆ ਕੱਪ ਚੈਂਪੀਅਨ

07:05 AM Sep 18, 2023 IST
ਸਿਰਾਜ ਦੀ ਬਦੌਲਤ ਭਾਰਤ ਏਸ਼ੀਆ ਕੱਪ ਚੈਂਪੀਅਨ
ਏਸ਼ੀਆ ਕੱਪ ਦੇ ਫਾਈਨਲ ਮੈਚ ਵਿੱਚ ਵਿਕਟ ਲੈਣ ਮਗਰੋਂ ਜਸ਼ਨ ਮਨਾਉਂਦਾ ਹੋਇਆ ਭਾਰਤੀ ਗੇਂਦਬਾਜ਼ ਮੁਹੰਮਦ ਸਿਰਾਜ। -ਫੋਟੋ: ਪੀਟੀਆਈ
Advertisement

ਕੋਲੰਬੋ, 17 ਸਤੰਬਰ
ਮੁਹੰਮਦ ਸਿਰਾਜ ਦੇ ਸੀਮ ਤੇ ਸਵਿੰਗ ਦੇ ਮਿਸ਼ਰਣ ਵਾਲੀ ਜਾਦੂਈ ਗੇਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਇਥੇ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਸ਼ਿਕਸਤ ਦਿੰਦਿਆਂ ਏਸ਼ੀਆ ਕੱਪ ਜਿੱਤ ਲਿਆ। ਭਾਰਤ ਨੇ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਖਿਤਾਬ ਆਪਣੇ ਨਾਮ ਕੀਤਾ ਹੈ। ਉਂਜ ਭਾਰਤ ਦਾ ਇਹ ਸੱਤਵਾਂ ਏਸ਼ੀਆ ਕੱਪ ਖਿਤਾਬ ਤੇ ਇਕ ਰੋਜ਼ਾ ਮੈਚ ਵਿੱਚ ਬਾਕੀ ਰਹਿੰਦੀਆਂ ਗੇਂਦਾਂ (263 ਗੇਂਦਾਂ) ਦੇ ਅਧਾਰ ’ਤੇ ਸਭ ਤੋਂ ਵੱਡੀ ਜਿੱਤ ਹੈ। ਸਿਰਾਜ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਾਬਕਾ ਚੈਂਪੀਅਨ ਸ੍ਰੀਲੰਕਾ ਦੀ ਪਾਰੀ 15.2 ਓਵਰਾਂ ਵਿੱਚ 50 ਦੌੜਾਂ ’ਤੇ ਸਿਮਟ ਗਈ। ਭਾਰਤ ਲਈ ਸ਼ੁਭਮਨ ਗਿੱਲ (27) ਤੇ ਇਸ਼ਾਨ ਕਿਸ਼ਨ (23) ਦੀ ਸਲਾਮੀ ਜੋੜੀ ਨੇ ਮਹਿਜ਼ 6.1 ਓਵਰਾਂ ਵਿਚ ਜੇਤੂ ਟੀਚੇ ਨੂੰ ਹਾਸਲ ਕਰ ਲਿਆ। ਏਸ਼ੀਆ ਕੱਪ 2018 ਮਗਰੋਂ ਭਾਰਤ ਦਾ ਬਹੁ-ਮੁਲਕੀ ਟੂਰਨਾਮੈਂਟਾਂ ਵਿੱਚ ਇਹ ਪਲੇਠਾ ਖਿਤਾਬ ਹੈ। ਅੱਜ ਦੀ ਇਸ ਜਿੱਤ ਨਾਲ ਭਾਰਤ ਸਾਲ 2000 ਵਿੱਚ ਸ਼ਾਰਜਾਹ ਵਿੱਚ ਚੈਂਪੀਅਨਜ਼ ਟਰਾਫ਼ੀ ਦੌਰਾਨ ਸ੍ਰੀਲੰਕਾ ਹੱਥੋਂ ਮਿਲੀ ਨਮੋਸ਼ੀਜਨਕ ਹਾਰ ਦੇ ਸਦਮੇ ’ਚੋਂ ਵੀ ਉਭਰ ਆਇਆ ਹੈ। ਭਾਰਤੀ ਟੀਮ ਉਦੋਂ 54 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ ਸੀ। ਪ੍ਰੇਮਦਾਸਾ ਸਟੇਡੀਅਮ ਵਿਚ ਖੇਡੇ ਅੱਜ ਦੇ ਮੁਕਾਬਲੇ ਨੂੰ ਸਿਰਾਜ ਦੀ ਗੇਂਦਬਾਜ਼ੀ ਲਈ ਯਾਦ ਕੀਤਾ ਜਾਵੇਗਾ। ਹੈਦਰਾਬਾਦ ਨਾਲ ਸਬੰਧਤ ਸਿਰਾਜ ਨੇ ਮੈਚ ਵਿੱਚ ਪਾਰੀ ਦੀ ਬ੍ਰੇਕ ਦੌਰਾਨ ਕਿਹਾ, ‘‘ਜਿੰਨਾ ਨਸੀਬ ਵਿੱਚ ਹੁੰਦਾ ਹੈ, ਉਹੀ ਮਿਲਦਾ ਹੈ...ਅੱਜ ਮੇਰਾ ਨਸੀਬ ਸੀ।’’ ਇਸ ਤੋਂ ਪਹਿਲਾਂ ਸ੍ਰੀ ਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਮੈਚ ਚਾਲੀ ਮਿੰਟਾਂ ਦੀ ਦੇਰੀ ਨਾਲ ਸ਼ੁਰੂ ਹੋਇਆ। ਸ੍ਰੀਲੰਕਾ ਦੀ 50 ਦੌੜਾਂ ਦੀ ਪਾਰੀ 15.2 ਓਵਰਾਂ ਤੱਕ ਚੱਲੀ। ਸ੍ਰੀਲੰਕਾ ਦਾ ਭਾਰਤ ਖਿਲਾਫ਼ ਇਹ ਸਭ ਤੋਂ ਘੱਟ ਸਕੋਰ ਹੈ। ਸਿਰਾਜ ਇਕ ਰੋਜ਼ਾ ਕ੍ਰਿਕਟ ਦੇ ਇਤਿਹਾਸ ਵਿਚ ਚੌਥਾ ਗੇਂਦਬਾਜ਼ ਬਣ ਗਿਆ ਹੈ, ਜਿਸ ਨੇ ਇਕ ਓਵਰ ਵਿੱਚ ਚਾਰ ਵਿਕਟ ਲਏ ਹਨ। ਭਾਰਤੀ ਗੇਂਦਬਾਜ਼ ਨੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਚਾਮਿੰਡਾ ਵਾਸ ਦੀ ਵੀ ਬਰਾਬਰੀ ਕੀਤੀ ਹੈ। ਇਨ੍ਹਾਂ ਦੋਵਾਂ ਦੇ ਨਾਂ ਹੁਣ 16 ਗੇਂਦਾਂ ਵਿੱਚ ਪੰਜ ਵਿਕਟਾਂ ਲੈਣ ਦਾ ਰਿਕਾਰਡ ਹੈ। ਸਿਰਾਜ ਨੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਵਕਾਰ ਯੂਨਸ ਵੱਲੋਂ 1990 ਵਿੱਚ ਸ਼ਾਰਜਾਹ ’ਚ 26 ਦੌੜਾਂ ਬਦਲੇ 6 ਵਿਕਟਾਂ ਲੈਣ ਦੇ ਰਿਕਾਰਡ ਨੂੰ ਵੀ ਤੋੜਿਆ। -ਪੀਟੀਆਈ

Advertisement

ਏਸ਼ੀਆ ਕੱਪ ਟਰਾਫ਼ੀ ਨਾਲ ਜਸ਼ਨ ਮਨਾਉਂਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। -ਫੋਟੋ: ਰਾਇਟਰਜ਼

ਪ੍ਰਧਾਨ ਮੰਤਰੀ ਨੇ ਕਿ੍ਰਕਟ ਟੀਮ ਨੂੰ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕਿ੍ਰਕਟ ਟੀਮ ਵੱਲੋਂ ਏਸ਼ੀਆ ਕੱਪ ਜਿੱਤਣ ’ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਮ ਨੇ ਪੂਰੇ ਟਰਨਾਮੈਂਟ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਖਿਡਾਰੀਆਂ ਨੂੰ ਵੀ ਟੀਮ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Advertisement

ਸਿਰਾਜ ਨੇ ਇਨਾਮੀ ਰਾਸ਼ੀ ਗਰਾਊਂਡ ਸਟਾਫ਼ ਨੂੰ ਦਾਨ ਕੀਤੀ

ਕੋਲੰਬੋ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਫਾਈਨਲ ਵਿੱਚ ਵਿਖਾਈ ਸ਼ਾਨਦਾਰ ਖੇਡ ਲਈ ਮਿਲੀ 5000 ਅਮਰੀਕੀ ਡਾਲਰ ਦੀ ‘ਪਲੇਅਰ ਆਫ਼ ਦਿ ਮੈਚ’ ਨਗ਼ਦ ਰਾਸ਼ੀ ਸ੍ਰੀਲੰਕਾ ਦੇ ਗਰਾਊਂਡ ਸਟਾਫ਼ ਨੂੰ ਦਾਨ ਕਰ ਦਿੱਤੀ। ਸਿਰਾਜ ਨੇ ਕਿਹਾ ਕਿ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਮੀਂਹ ਕਈ ਵਾਰ ਅੜਿੱਕਾ ਬਣ ਕੇ ਆਇਆ ਤੇ ਗਰਾਊਂਡ ਸਟਾਫ਼ ਨੇ ਇਸ ਦੌਰਾਨ ਅਣਥੱਕ ਮਿਹਨਤ ਕੀਤੀ, ਜਿਸ ਲਈ ਉਹ ਇਸ ਰਾਸ਼ੀ ਦੇ ਅਸਲ ਹੱਕਦਾਰ ਹਨ। ਸਿਰਾਜ ਨੇ ਕਿਹਾ ਕਿ ਗਰਾਊਂਡ ਸਟਾਫ਼ ਦੀ ਮਿਹਨਤ ਬਿਨਾਂ ਇਹ ਟੂਰਨਾਮੈਂਟ ਸੰਭਵ ਨਹੀਂ ਸੀ। -ਪੀਟੀਆਈ

Advertisement
Author Image

sukhwinder singh

View all posts

Advertisement