ਭਾਰਤ ਵੱਲੋਂ ਇਜ਼ਰਾਈਲ-ਹਮਾਸ ਟਕਰਾਅ ’ਚ ਮਾਨਵੀ ਆਧਾਰ ’ਤੇ ਜੰਗਬੰਦੀ ਦੇ ਯਤਨਾਂ ਦੀ ਸ਼ਲਾਘਾ
ਸੰਯੁਕਤ ਰਾਸ਼ਟਰ, 21 ਨਵੰਬਰ
ਭਾਰਤ ਨੇ ਜਾਰੀ ਇਜ਼ਰਾਈਲ-ਹਮਾਸ ਸੰਘਰਸ਼ ਵਿਚਾਲੇ ਮਨੁੱਖੀ ਅਧਾਰ ’ਤੇ ਜੰਗਬੰਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਦਾ ਮੰਤਵ ਤਣਾਅ ਘੱਟ ਕਰਨਾ ਹੈ ਤੇ ਫਲਸਤੀਨੀ ਲੋਕਾਂ ਨੂੰ ਤੁਰੰਤ ਮਨੁੱਖੀ ਮਦਦ ਉਪਲੱਬਧ ਕਰਾਉਣਾ ਹੈ। ਗਾਜ਼ਾ ਪੱਟੀ ਵਿਚ ਮਨੁੱਖੀ ਹਾਲਤਾਂ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਸਥਾਈ ਪ੍ਰਤੀਨਿਧ ਰਾਜਦੂਤ ਰੁਚਿਰਾ ਕੰਬੋਜ ਨੇ ਸੋਮਵਾਰ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਲੀਡਰਸ਼ਿਪ ਦਾ ਸੁਨੇਹਾ ‘ਸਪੱਸ਼ਟ ਤੇ ਇਕੋ ਰਿਹਾ ਹੈ।’ ਕੰਬੋਜ ਨੇ ਕਿਹਾ ਕਿ ਭਾਰਤ ਕੌਮਾਂਤਰੀ ਭਾਈਚਾਰੇ ਦੇ ਉਨ੍ਹਾਂ ਸਾਰੇ ਯਤਨਾਂ ਦਾ ਸਵਾਗਤ ਕਰਦਾ ਹੈ ਜੋ ਸੰਘਰਸ਼ ਨੂੰ ਘੱਟ ਕਰਨ ਲਈ ਹਨ ਤੇ ਫਲਸਤੀਨ ਦੇ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਲਈ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤਿਵਾਦ ਦੇ ਸਾਰੇ ਰੂਪਾਂ ਤੇ ਇਸ ਦੇ ਪ੍ਰਸਾਰ ਦਾ ਵਿਰੋਧੀ ਹੈ। ਇਸ ਦੇ ਨਾਲ ਹੀ ਭਾਰਤ ਸਪੱਸ਼ਟ ਰੂਪ ਵਿਚ ਹਿੰਸਾ ਦੇ ਵੀ ਖ਼ਿਲਾਫ਼ ਹੈ ਤੇ ਕੌਮਾਂਤਰੀ ਮਨੁੱਖੀ ਕਾਨੂੰਨਾਂ ਦਾ ਪਾਲਣ ਕਰਨ ਦਾ ਪੱਖ ਪੂਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਸੰਘਰਸ਼ ਨੂੰ ਹੋਰ ਵਧਣ ਤੋਂ ਰੋਕਿਆ ਜਾਵੇ, ਮਨੁੱਖੀ ਮਦਦ ਜਾਰੀ ਰਹੇ, ਸਾਰੇ ਬੰਧਕਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਸਾਰੀਆਂ ਧਿਰਾਂ ਸ਼ਾਂਤੀ ਤੇ ਸਥਿਰਤਾ ਦੀ ਜਲਦੀ ਬਹਾਲੀ ਲਈ ਕੰਮ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਗਾਜ਼ਾ ਵਿਚ ਤੁਰੰਤ ਮਨੁੱਖੀ ਅਧਾਰ ’ਤੇ ਜੰਗਬੰਦੀ ਦਾ ਸੱਦਾ ਦਿੱਤਾ ਸੀ। ਪਰਿਸ਼ਦ ਨੇ ਪੂਰੇ ਗਾਜ਼ਾ ਵਿਚ ਲਾਂਘੇ ਖੋਲ੍ਹਣ ਦਾ ਵੀ ਸੱਦਾ ਦਿੱਤਾ ਸੀ ਤਾਂ ਕਿ ਮਨੁੱਖੀ ਮਦਦ ਬਿਨਾਂ ਕਿਸੇ ਅੜਿੱਕੇ ਤੋਂ ਭੇਜੀ ਜਾ ਸਕੇ। 15 ਮੈਂਬਰੀਂ ਕੌਂਸਲ ਨੇ ਇਹ ਮਤਾ ਪਿਛਲੇ ਬੁੱਧਵਾਰ ਪ੍ਰਵਾਨ ਕੀਤਾ ਸੀ। ਇਸੇ ਦੌਰਾਨ ਭਾਰਤ ਨੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ 25 ਲੱਖ ਅਮਰੀਕੀ ਡਾਲਰ ਦਾਨ ਦਿੱਤੇ ਹਨ। ਏਜੰਸੀ ਨੇ ਇਸ ਮੁਸ਼ਕਲ ਸਮੇਂ ਵਿਚ ਦਿੱਤੀ ਮਦਦ ਲਈ ਭਾਰਤ ਦੀ ਸ਼ਲਾਘਾ ਕੀਤੀ। ਫਲਸਤੀਨੀ ਸ਼ਰਨਾਰਥੀਆਂ ਲਈ ਇਹ ਏਜੰਸੀ ਸੰਨ 1950 ਤੋਂ ਕੰਮ ਕਰ ਰਹੀ ਹੈ। -ਪੀਟੀਆਈ
ਟਕਰਾਅ ’ਤੇ ਬਰਿਕਸ ਮੁਲਕਾਂ ਦੇ ਆਗੂ ਕਰਨਗੇ ਵਰਚੁਅਲ ਮੀਟਿੰਗ
ਕੇਪਟਾਊਨ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਬਰਿਕਸ ਮੁਲਕਾਂ ਦੇ ਹੋਰ ਆਗੂ ਇਜ਼ਰਾਈਲ-ਹਮਾਸ ਜੰਗ ’ਤੇ ਵਰਚੁਅਲ ਮੀਟਿੰਗ ਕਰਨਗੇ। ਇਸ ਮੌਕੇ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਵੀ ਮੌਜੂਦ ਹੋਣਗੇ। ਬਰਿਕਸ ਵਿਚ ਸ਼ਾਮਲ ਦੇਸ਼ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਦਫ਼ਤਰ ਮੁਤਾਬਕ ਇਸ ਬੈਠਕ ਵਿਚ ਬ੍ਰਾਜ਼ੀਲ, ਭਾਰਤ, ਸਾਊਦੀ ਅਰਬ, ਅਰਜਨਟੀਨਾ, ਮਿਸਰ, ਇਰਾਨ ਤੇ ਯੂਏਈ ਦੇ ਆਗੂ ਵੀ ਹਿੱਸਾ ਲੈਣਗੇ। -ਏਪੀ