ਭਾਰਤ ਵੱਲੋਂ ਇਰਾਨ ਨੂੰ 40 ਭਾਰਤੀ ਮਲਾਹ ਰਿਹਾਅ ਕਰਨ ਦੀ ਅਪੀਲ
ਨਵੀਂ ਦਿੱਲੀ, 15 ਮਈ
ਭਾਰਤ ਨੇ ਇਰਾਨ ਨੂੰ ਤਕਰੀਬਨ 40 ਭਾਰਤੀ ਮਲਾਹਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਮਲਾਹਾਂ ਨੂੰ ਪਿਛਲੇ ਅੱਠ ਮਹੀਨਿਆਂ ’ਚ ਇਰਾਨ ਵੱਲੋਂ ਵੱਖ ਵੱਖ ਦੋਸ਼ਾਂ ਹੇਠ ਜ਼ਬਤ ਕੀਤੇ ਗਏ ਚਾਰ ਵਪਾਰਕ ਜਹਾਜ਼ਾਂ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਬੰਦਰਗਾਹ, ਜਹਾਜ਼ਰਾਣੀ ਤੇ ਜਲਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਲੰਘੇ ਸੋਮਵਾਰ ਇਰਾਨੀ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲ੍ਹਾਹੀਅਨ ਨਾਲ ਮੀਟਿੰਗ ਦੌਰਾਨ ਇਹ ਅਪੀਲ ਕੀਤੀ। ਸੋਨੋਵਾਲ ਤਹਿਰਾਨ ਦੀ ਯਾਤਰਾ ’ਤੇ ਸਨ ਜਿੱਥੇ ਭਾਰਤ ਨੇ ਚਾਬਹਾਰ ਦੀ ਰਣਨੀਤਕ ਇਰਾਨੀ ਬੰਦਰਗਾਹ ਲਈ 10 ਸਾਲਾ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ ਜਿਸ ਸਦਕਾ ਪੱਛਮੀ ਏਸ਼ੀਆ ਨਾਲ ਵਪਾਰ ਵਧਾਉਣ ’ਚ ਮਦਦ ਮਿਲੇਗੀ।
ਇਸ ਘਟਨਕ੍ਰਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਰਾਨੀ ਪੱਖ ਦੀ ਅਪੀਲ ਮਗਰੋਂ ਸੋਨੋਵਾਲ ਤੇ ਅਬਦੁੱਲ੍ਹਾਹੀਅਨ ਵਿਚਾਲੇ ਹੋਈ ਮੀਟਿੰਗ ਦੌਰਾਨ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸੋਨੋਵਾਲ ਨੇ ਅਬਦੁੱਲ੍ਹਾਹੀਅਨ ਨੂੰ ਇਰਾਨ ਦੀ ਹਿਰਾਸਤ ’ਚ ਮੌਜੂਦ ਸਾਰੇ ਭਾਰਤੀ ਨਾਵਿਕਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸੂਤਰਾਂ ਅਨੁਸਾਰ ਅਬਦੁੱਲ੍ਹਾਹੀਅਨ ਨੇ ਕਿਹਾ ਕਿ ਭਾਰਤੀ ਮਲਾਹਾਂ ਦੀ ਰਿਹਾਈ ਪ੍ਰਤੀ ਇਰਾਨ ਦਾ ਰਵਈਆ ਹਾਂਦਰੂ ਹੈ ਪਰ ਇਸ ’ਚ ਦੇਰੀ ਹੋ ਰਹੀ ਹੈ ਕਿਉਂਕਿ ਕਾਨੂੰਨੀ ਪ੍ਰਕਿਰਿਆਵਾਂ ਦਾ ਪਾਲਣ ਕਰਨਾ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਭਾਰਤੀ ਮਲਾਹ ਸਟੀਵਨ, ਗਲੋਬਲ ਚੇਰੀਲਿਨ, ਮਾਰਗੋਲ ਅਤੇ ਐੱਮਐੱਸਜੀ ਐਰੀਜ਼ ’ਚ ਕੰਮ ਕਰ ਰਹੇ ਸਨ। ਇਨ੍ਹਾਂ ਜਹਾਜ਼ਾਂ ਨੂੰ ਪਿਛਲੇ ਅੱਠ ਮਹੀਨਿਆਂ ਵਿੱਚ ਇਰਾਨ ਨੇ ਵੱਖ ਵੱਖ ਦੋਸ਼ਾਂ ਹੇਠ ਜ਼ਬਤ ਕਰ ਲਿਆ ਸੀ। -ਪੀਟੀਆਈ