ਭਾਰਤ ਤੇ ਤਨਜ਼ਾਨੀਆ ਦੁਵੱਲੇ ਰਿਸ਼ਤਿਆਂ ਨੂੰ ਰਣਨੀਤਕ ਪੱਧਰ ’ਤੇ ਲਿਜਾਣ ਲਈ ਸਹਿਮਤ
ਨਵੀਂ ਦਿੱਲੀ, 9 ਅਕਤੂਬਰ
ਭਾਰਤ ਤੇ ਤਨਜ਼ਾਨੀਆ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਲਿਜਾਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਦਰਮਿਆਨ ਹੋਈ ਮੁਲਾਕਾਤ ’ਚ ਦੋਵੇਂ ਦੇਸ਼ ਰੱਖਿਆ ਸਹਿਯੋਗ ਦੇ ਵਿਸਤਾਰ ਲਈ ਪੰਜ ਸਾਲਾ ਯੋਜਨਾ ਤਿਆਰ ਕਰਨ ’ਤੇ ਵੀ ਸਹਿਮਤ ਹੋਏ ਹਨ। ਦੋਵੇਂ ਧਿਰਾਂ ਨੇ ਡਿਜੀਟਲ ਖੇਤਰ, ਸਭਿਆਚਾਰ, ਖੇਡਾਂ, ਸਾਗਰੀ ਖੇਤਰਾਂ ਦੀਆਂ ਸਨਅਤਾਂ ਤੇ ਹੋਰ ਖੇਤਰਾਂ ’ਚ ਵੀ ਛੇ ਸਮਝੌਤੇ ਕੀਤੇ ਹਨ। ਵਾਰਤਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਸਥਾਨਕ ਕਰੰਸੀਆਂ ’ਚ ਵਪਾਰ ਨੂੰ ਵਧਾਉਣ ਲਈ ਵੀ ਇਕ ਸਮਝੌਤੇ ’ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਤੇ ਤਨਜ਼ਾਨੀਆ ਵਪਾਰ ਤੇ ਨਵਿੇਸ਼ ’ਚ ਵੀ ਮਹੱਤਵਪੂਰਨ ਭਾਈਵਾਲ ਹਨ। ਰਾਸ਼ਟਰਪਤੀ ਹਸਨ ਦੀ ਮੌਜੂਦਗੀ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਤੇ ਤਨਜ਼ਾਨੀਆ ਦੇ ਰਿਸ਼ਤਿਆਂ ’ਚ ਇਤਿਹਾਸਕ ਦਿਨ ਹੈ। ਦੋਵੇਂ ਮੁਲਕ ਆਪਣੀ ਪੁਰਾਣੀ ਦੋਸਤੀ ਨੂੰ ਰਣਨੀਤਕ ਭਾਈਵਾਲੀ ਵਿਚ ਬਦਲ ਰਹੇ ਹਨ। ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ਵਿਚ ਪੰਜ ਸਾਲਾਂ ਦੀ ਯੋਜਨਾ ਬਣਾਉਣ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਫ਼ੌਜੀ ਸਿਖਲਾਈ, ਸਮੁੰਦਰੀ ਉਦਯੋਗਾਂ ਤੇ ਸਾਗਰੀ ਖੇਤਰ ’ਚ ਸਹਿਯੋਗ ਵਧੇਗਾ। -ਪੀਟੀਆਈ
ਅਤਵਿਾਦ ਦੇ ਮੁੱਦੇ ’ਤੇ ਦੋਵੇਂ ਦੇਸ਼ ਇਕਸੁਰ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਤਨਜ਼ਾਨੀਆ ਇਸ ਗੱਲ ’ਤੇ ‘ਇਕਸੁਰ’ ਹਨ ਕਿ ਅਤਵਿਾਦ ‘ਮਨੁੱਖਤਾ ਲਈ ਸਭ ਤੋਂ ਗੰਭੀਰ ਸੁਰੱਖਿਆ ਖਤਰਾ ਹੈ।’ ਉਨ੍ਹਾਂ ਕਿਹਾ ਕਿ ਅਤਵਿਾਦ ਦਾ ਟਾਕਰਾ ਕਰਨ ਲਈ ਆਪਸੀ ਸਹਿਯੋਗ ਵਧਾਉਣ ਦਾ ਵੀ ਫੈਸਲਾ ਲਿਆ ਗਿਆ ਹੈ। ਮੋਦੀ ਨੇ ਤਨਜ਼ਾਨੀਆ ਨੂੰ ਹਿੰਦ-ਪ੍ਰਸ਼ਾਂਤ ਵਿਚ ਵੀ ਅਹਿਮ ਭਾਈਵਾਲ ਕਰਾਰ ਦਿੱਤਾ। ਇਸ ਤੋਂ ਪਹਿਲਾਂ ਅੱਜ ਭਾਰਤ ਦੇ ਦੌਰੇ ਉਤੇ ਆਏ ਤਨਜ਼ਾਨੀਆ ਦੀ ਆਗੂ ਦਾ ਰਾਸ਼ਟਰਪਤੀ ਭਵਨ ਵਿਚ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਹਸਨ ਐਤਵਾਰ ਨੂੰ ਭਾਰਤ ਦੇ ਚਾਰ ਦਿਨਾਂ ਦੇ ਦੌਰੇ ਉਤੇ ਪੁੱਜੀ ਸੀ।