ਸਰਹੱਦੀ ਸੁਰੱਖਿਆ ਦੇ ਬਿਹਤਰ ਤਾਲਮੇਲ ਲਈ ਭਾਰਤ ਤੇ ਨੇਪਾਲ ਸਹਿਮਤ
ਕਾਠਮੰਡੂ, 17 ਨਵੰਬਰ
ਭਾਰਤ ਤੇ ਨੇਪਾਲ ਨੇ ਸਾਲਾਨਾ ਮੀਟਿੰਗ ਦੌਰਾਨ ਸਰਹੱਦੀ ਸੁਰੱਖਿਆ ਦੇ ਬਿਹਤਰ ਤਾਲਮੇਲ ਲਈ ਸਹਿਮਤੀ ਜਤਾਈ ਅਤੇ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਪਿਛਲੇ ਸਾਲ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ। ਗ੍ਰਹਿ ਮੰਤਰਾਲੇ ਦੇ ਤਰਜਮਾਨ ਰਿਸ਼ੀ ਰਾਮ ਤਿਵਾੜੀ ਨੇ ਦੱਸਿਆ ਕਿ ਨੇਪਾਲ ਦੇ ਹਥਿਆਰਬੰਦ ਪੁਲੀਸ ਬਲ ਅਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਵਿਚਾਲੇ ਸ਼ਨਿਚਰਵਾਰ ਨੂੰ ਹੋਈ ਅੱਠਵੀਂ ਨੇਪਾਲ-ਭਾਰਤ ਸਰਹੱਦੀ ਸੁਰੱਖਿਆ ਤਾਲਮੇਲ ਬੈਠਕ ਦੌਰਾਨ ਦੋਵਾਂ ਧਿਰਾਂ ਨੇ ਸੀਮਾ, ਸਰਹੱਦ, ਮਨੁੱਖੀ ਤਸਕਰੀ, ਸਰਹੱਦ ਪਾਰ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਅਤੇ ਸਰਹੱਦੀ ਖੇਤਰਾਂ ’ਚ ਦੋਵਾਂ ਏਜੰਸੀਆਂ ਵਿਚਾਲੇ ਤਾਲਮੇਲ ਨਾਲ ਜੁੜੇ ਕਈ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਤਿਵਾੜੀ ਨੇ ਦੱਸਿਆ ਕਿ ਐੱਸਐੱਸਬੀ ਅਤੇ ਏਪੀਐੱਫ ਦੇ ਡਾਇਰੈਕਟਰ ਜਨਰਲਾਂ ਦੀ ਮੀਟਿੰਗ ਵਿੱਚ ਸਰਹੱਦੀ ਸੁਰੱਖਿਆ ਦੇ ਬਿਹਤਰ ਤਾਲਮੇਲ ਨਾਲ ਜੁੜੇ ਕਈ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ। ਉਨ੍ਹਾਂ ਕਿਹਾ, ‘ਅਸੀਂ ਪਿਛਲੇ ਸਾਲ ਕੀਤੇ ਗਏ ਕੰਮਾਂ ਅਤੇ ਚੁਣੌਤੀਆਂ ਦੀ ਵੀ ਸਮੀਖਿਆ ਕੀਤੀ।’ ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਸਰਹੱਦ ਪਾਰ ਅਪਰਾਧਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਣ ਲਈ ਦੋਵਾਂ ਏਜੰਸੀਆਂ ਵਿਚਾਲੇ ਚੱਲ ਰਹੇ ਤਾਲਮੇਲ ਨੂੰ ਹੇਠਲੇ ਪੱਧਰ ਤੱਕ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। -ਪੀਟੀਆਈ