For the best experience, open
https://m.punjabitribuneonline.com
on your mobile browser.
Advertisement

ਭਾਰਤ ਤੇ ਇੰਡੋਨੇਸ਼ੀਆ ਅਤਿਵਾਦ ਖ਼ਿਲਾਫ਼ ਵਧਾਉਣਗੇ ਸਹਿਯੋਗ

08:07 AM Aug 26, 2024 IST
ਭਾਰਤ ਤੇ ਇੰਡੋਨੇਸ਼ੀਆ ਅਤਿਵਾਦ ਖ਼ਿਲਾਫ਼ ਵਧਾਉਣਗੇ ਸਹਿਯੋਗ
Advertisement

ਨਵੀਂ ਦਿੱਲੀ, 25 ਅਗਸਤ
ਭਾਰਤ ਅਤੇ ਇੰਡੋਨੇਸ਼ੀਆ ਨੇ ਜੰਮੂ-ਕਸ਼ਮੀਰ ’ਚ ਦਹਿਸ਼ਤੀ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਦਹਿਸ਼ਤੀ ਗੁੱਟਾਂ ਨੂੰ ਪਾਕਿਸਤਾਨ ਦੀ ਹਮਾਇਤ ਦੇ ਦੌਰਾਨ ਸਰਹੱਦ ਪਾਰ ਦਹਿਸ਼ਤਗਰਦੀ ਲਈ ਅਤਿਵਾਦ ਨੂੰ ਲੁਕਵੇਂ ਤੌਰ ’ਤੇ ਵਰਤਣ ਦੀ ਨਿਖੇਧੀ ਕੀਤੀ ਹੈ। ਦੋਵਾਂ ਮੁਲਕਾਂ ਨੇ ਅਤਿਵਾਦ ਦੇ ਟਾਕਰੇ ਲਈ ਸਹਿਯੋਗ ਵਧਾਉਣ ਦਾ ਅਹਿਦ ਕੀਤਾ ਹੈ।
ਜਕਾਰਤਾ ’ਚ ਸ਼ੁੱਕਰਵਾਰ ਨੂੰ ਅਤਿਵਾਦ ਵਿਰੋਧੀ ਭਾਰਤ-ਇੰਡੋਨੇਸ਼ੀਆ ਸਾਂਝੇ ਵਰਕਿੰਗ ਗਰੁੱਪ ਦੀ ਛੇਵੀਂ ਮੀਟਿੰਗ ’ਚ ਸਰਹੱਦ ਪਾਰ ਅਤਿਵਾਦ ਦਾ ਮੁੱਦਾ ਉੱਠਿਆ। ਮੀਟਿੰਗ ’ਚ ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ’ਚ ਸੰਯੁਕਤ ਸਕੱਤਰ (ਅਤਿਵਾਦ ਵਿਰੋਧੀ) ਕੇਡੀ ਡੋਵਾਲ ਨੇ ਜਦਕਿ ਮੇਜ਼ਬਾਨ ਮੁਲਕ ਦੇ ਦਲ ਦੀ ਅਗਵਾਈ ਕੌਮੀ ਅਤਿਵਾਦ ਵਿਰੋਧੀ ਏਜੰਸੀ ’ਚ ਕੌਮਾਂਤਰੀ ਸਹਿਯੋਗ ਸਬੰਧੀ ਡਿਪਟੀ ਅਧਿਕਾਰੀ ਅੰਧਿਕਾ ਕ੍ਰਿਸਨਾਯੂਧਾਂਤੋ ਨੇ ਕੀਤੀ।
ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਮੀਟਿੰਗ ’ਚ ਦੋਵਾਂ ਧਿਰਾਂ ਨੇ ਅਤਿਵਾਦ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਚਰਚਾ ਕੀਤੀ ਜਿਸ ਵਿੱਚ ਦਹਿਸ਼ਤਗਰਦਾਂ ਵੱਲੋਂ ਨਵੀਆਂ ਤੇ ਉਭਰਦੀਆਂ ਤਕਨੀਕਾਂ ਦੀ ਵਰਤੋਂ ਨੂੰ ਰੋਕਣਾ ਵੀ ਸ਼ਾਮਲ ਹੈ। ਅੱਜ ਜਾਰੀ ਇੱਕ ਬਿਆਨ ਕਿਹਾ ਗਿਆ, ‘‘ਭਾਰਤ ਅਤੇ ਇੰਡੋਨੇਸ਼ੀਆ ਨੇ ਅਤਿਵਾਦ ਦੇ ਸਾਰੇ ਸਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਤੇ ਵਿਆਪਕ ਅਤੇ ਨਿਰੰਤਰ ਤਰੀਕੇ ਨਾਲ ਦਹਿਸ਼ਤਗਰਦੀ ਦੀ ਟਾਕਰੇ ਲਈ ਕੌਮਾਂਤਰੀ ਸਹਿਯੋਗ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ।’’ ਵਿਦੇਸ਼ ਮੰਤਰਾਲੇ ਨੇ ਕਿਹਾ ਦੋਵਾਂ ਧਿਰਾਂ ਨੇ ਸਰਹੱਦ ਪਾਰ ਦਹਿਸ਼ਤਗਰਦੀ ਲਈ ਅਤਿਵਾਦ ਨੂੰ ਲੁਕਵੇਂ ਤੌਰ ’ਤੇ ਵਰਤਣ ਦੀ ਨਿਖੇਧੀ ਕੀਤੀ ਹੈ। ਇਸ ਵਿੱਚ ਕਿਹਾ ਗਿਆ, ‘‘ਦੋਵਾਂ ਧਿਰਾਂ ਨੇ ਘਰੇਲੂ, ਖੇਤਰੀ ਅਤੇ ਆਲਮੀ ਪੱਧਰ ’ਤੇ ਅਤਿਵਾਦ ਦੇ ਖ਼ਤਰੇ ਦੇ ਮੁਲਾਂਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ।’’ ਮੰਤਰਾਲੇ ਮੁਤਾਬਕ, ‘‘ਉਨ੍ਹਾਂ ਨੇ ਦਹਿਸ਼ਤਗਰਦਾਂ ਵੱਲੋਂ ਨਵੀਂਆਂ ਅਤੇ ਉਭਰਦੀਆਂ ਤਕਨੀਕਾਂ ਦੀ ਵਰਤੋਂ, ਦਹਿਸ਼ਤੀ ਮਨਸ਼ਿਆਂ ਲਈ ਇੰਟਰਨੈੱਟ ਦੀ ਦੁਰਵਰਤੋਂ, ਅਤਿਵਾਦ ਲਈ ਫੰਡਿੰਗ ਅਤੇ ਸੰਗਠਤ ਅਪਰਾਧ ਤੇ ਅਤਿਵਾਦ ਵਿਚਾਲੇ ਮਿਲੀਭੁਗਤ ਨਾਲ ਸਬੰਧਤ ਅਤਿਵਾਦ-ਵਿਰੋਧੀ ਚੁਣੌਤੀਆਂ ’ਤੇ ਚਰਚਾ ਕੀਤੀ।’’ ਇਸ ਵਿੱਚ ਕਿਹਾ ਗਿਆ ਕਿ ਦੋਵਾਂ ਮੁਲਕਾਂ ਨੇ ਆਲਮੀ ਅਤਿਵਾਦ ਦੇ ਟਾਕਰੇ ਲਈ ਸੰਯੁਕਤ ਰਾਸ਼ਟਰ, ਆਸੀਆਨ ਖੇਤਰੀ ਫੋਰਮ (ਏਆਰਐੱਫ) ਅਤੇ ਆਸੀਆਨ (ਦੱਖਣ-ਪੂਰਬੀ ਮੁਲਕਾਂ ਦੀ ਐਸੋਸੀਏਸ਼ਨ) ਵਰਗੇ ਖੇਤਰੀ, ਆਲਮੀ ਤੇ ਬਹੁਪੱਖੀ ਪਲੈਟਫਾਰਮਾਂ ’ਤੇ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ।
ਜ਼ਿਕਰਯੋਗ ਹੈ ਕਿ ਭਾਰਤ ਨੂੰ ਪਾਕਿਸਤਾਨ ਪਾਲੇ ਪਾਸਿਓਂ ਸਰਹੱਦ ਪਾਰੋਂ ਹੁੰਦੀਆਂ ਅਤਿਵਾਦੀ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਭਾਰਤ ਇਹ ਮਸਲਾ ਕਈ ਵਾਰ ਗੁਆਂਢੀ ਮੁਲਕ ਕੋਲ ਉਠਾ ਚੁੱਕਾ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement