For the best experience, open
https://m.punjabitribuneonline.com
on your mobile browser.
Advertisement

ਰੱਖਿਆ ਖੇਤਰ ’ਚ ਭਾਈਵਾਲ ਬਣੇ ਭਾਰਤ ਤੇ ਫਰਾਂਸ

07:06 AM Jan 28, 2024 IST
ਰੱਖਿਆ ਖੇਤਰ ’ਚ ਭਾਈਵਾਲ ਬਣੇ ਭਾਰਤ ਤੇ ਫਰਾਂਸ
Advertisement

ਨਵੀਂ ਦਿੱਲੀ, 27 ਜਨਵਰੀ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਭਾਰਤ ਦੌਰੇ ਦੌਰਾਨ ਦੋਵਾਂ ਧਿਰਾਂ ਨੇ ਕੁੱਲ ਨੌਂ ਸਮਝੌਤੇ ਸਹੀਬੱਧ ਕੀਤੇ ਹਨ ਜੋ ਕਿ ਰੱਖਿਆ-ਪੁਲਾੜ ਭਾਈਵਾਲੀ, ਸੈਟੇਲਾਈਟ ਲਾਂਚ, ਸਿਹਤ ਸੰਭਾਲ ਖੇਤਰ ਅਤੇ ਵਿਗਿਆਨਕ ਖੋਜ ’ਤੇ ਕੇਂਦਰਤ ਹਨ। ਭਾਰਤ ਤੇ ਫਰਾਂਸ ਨੇ ਸ਼ੁੱਕਰਵਾਰ ਆਪਣੀ ਰੱਖਿਆ ਖੇਤਰ ਵਿਚ ਉਦਯੋਗਿਕ ਭਾਈਵਾਲੀ ਦਾ ਵੀ ਖੁਲਾਸਾ ਕੀਤਾ ਹੈ। ਇਸ ਤਹਿਤ ਦੋਵੇਂ ਦੇਸ਼ ਮਿਲ ਕੇ ਮਹੱਤਵਪੂਰਨ ਰੱਖਿਆ ਸਾਜ਼ੋ-ਸਾਮਾਨ ਬਣਾਉਣਗੇ। ਮੋਦੀ ਤੇ ਮੈਕਰੌਂ ਦੀ ਮੁਲਾਕਾਤ ਮਗਰੋਂ ਟਾਟਾ ਗਰੁੱਪ ਤੇ ਏਅਰਬਸ ਨੇ ਸਾਂਝੇ ਤੌਰ ’ਤੇ ਸਿਵਲੀਅਨ ਐਚ125 ਹੈਲੀਕਾਪਟਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੋਵੇਂ ਕੰਪਨੀਆਂ ਦੇਸ਼ ਵਿਚ ਹੈਲੀਕਾਪਟਰ ਬਣਾਉਣ ਵਾਲੀਆਂ ਪਹਿਲੀਆਂ ਪ੍ਰਾਈਵੇਟ ਫਰਮਾਂ ਬਣ ਜਾਣਗੀਆਂ। ਸੌਦੇ ਤਹਿਤ ਏਅਰਬਸ ਤੇ ਟਾਟਾ ਭਾਰਤ ਵਿਚ ‘ਫਾਈਨਲ ਅਸੈਂਬਲੀ ਲਾਈਨ’ ਲਾਉਣਗੇ। ਜੈਪੁਰ ਵਿਚ ਵੀਰਵਾਰ ਹੋਈ ਮੋਦੀ ਤੇ ਮੈਕਰੌਂ ਦੀ ਗੱਲਬਾਤ ਦੇ ਸਿੱਟਿਆਂ ਬਾਰੇ ਜਾਣਕਾਰੀ ਦਿੰਦਿਆਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਦੱਸਿਆ ਕਿ 18-35 ਸਾਲ ਤੱਕ ਦੇ ਪੇਸ਼ੇਵਰਾਂ ਦੇ ਤਬਾਦਲੇ ਲਈ ਇਕ ਸਕੀਮ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਫਰਾਂਸੀਸੀ ਸਿੱਖਿਆ ਸੰਸਥਾਵਾਂ ਤੋਂ ਪੜ੍ਹੇ ਭਾਰਤੀ ਪੋਸਟਗ੍ਰੈਜੂਏਟਾਂ ਨੂੰ ਪੰਜ ਸਾਲ ਦਾ ਸ਼ੈਨੇਗਨ ਵੀਜ਼ਾ ਜਾਰੀ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਗੱਲਬਾਤ ਦੌਰਾਨ ਮੈਕਰੌਂ ਨੇ ਕਿਹਾ ਕਿ ਉਹ ਸਾਲਾਨਾ 30 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਫਰਾਂਸੀਸੀ ਉੱਚ ਸਿੱਖਿਆ ਸੰਸਥਾਵਾਂ ਵਿਚ ਪੜ੍ਹਾਈ ਲਈ ਸੱਦਣ ਦੇ ਚਾਹਵਾਨ ਹਨ। ਕਵਾਤਰਾ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਿਵਲ-ਪਰਮਾਣੂ ਊਰਜਾ ਸਹਿਯੋਗ ਨੂੰ ਅੱਗੇ ਵਧਾਉਣ ਦੇ ਵੱਖ-ਵੱਖ ਪੱਖਾਂ ਉਤੇ ਵੀ ਗੱਲਬਾਤ ਕੀਤੀ। ਹਾਲਾਂਕਿ ਮੈਕਰੌਂ ਦੇ ਦੌਰੇ ਦੌਰਾਨ ਭਾਰਤ ਵੱਲੋਂ 26 ਰਾਫਾਲ ਜਹਾਜ਼ਾਂ (ਜਲ ਸੈਨਾ ਲਈ) ਦੀ ਫਰਾਂਸ ਤੋਂ ਤਜਵੀਜ਼ਤ ਖਰੀਦ ਬਾਰੇ ਕੋਈ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਭਾਰਤ ਨੇ ਤਿੰਨ ਪਣਡੁੱਬੀਆਂ ਖਰੀਦਣ ਦੀ ਤਜਵੀਜ਼ ਵੀ ਰੱਖੀ ਹੈ। ਮੰਨਿਆ ਜਾ ਰਿਹਾ ਹੈ ਕਿ ਸੌਦੇ ਨੂੰ ਅਜੇ ਆਖਰੀ ਰੂਪ ਦਿੱਤਾ ਜਾਣਾ ਬਾਕੀ ਹੈ। ਮੋਦੀ ਤੇ ਮੈਕਰੌਂ ਨੇ ਦੋਵਾਂ ਦੇਸ਼ਾਂ ਦਰਮਿਆਨ ਹਿੰਦ-ਪ੍ਰਸ਼ਾਂਤ ’ਚ ਹੋ ਰਹੇ ਸਹਿਯੋਗ ਉਤੇ ਵੀ ਚਰਚਾ ਕੀਤੀ। ਸਾਂਝੇ ਬਿਆਨ ਵਿਚ ਦੋਵਾਂ ਆਗੂਆਂ ਨੇ ਇਜ਼ਰਾਈਲ ’ਤੇ 7 ਅਕਤੂਬਰ ਨੂੰ ਹੋਏ ਅਤਿਵਾਦੀ ਹਮਲੇ ਦੀ ਵੀ ਨਿਖੇਧੀ ਕੀਤੀ, ਤੇ ਇਜ਼ਰਾਇਲੀ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ। -ਪੀਟੀਆਈ

Advertisement

ਮੱਧ-ਪੂਰਬ ਤੇ ਲਾਲ ਸਾਗਰ ਵਿਚਲੇ ਤਣਾਅ ’ਤੇ ਚਿੰਤਾ ਜ਼ਾਹਿਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦਰਮਿਆਨ ਹੋਈ ਵਾਰਤਾ ’ਚ ਲਾਲ ਸਾਗਰ ਸਣੇ ਮੱਧ-ਪੂਰਬ ਵਿਚਲੇ ਟਕਰਾਅ ਦੇ ਹੋਰ ਫੈਲਣ ਦੀ ਸੰਭਾਵਨਾ ਉਤੇ ‘ਗਹਿਰੀ ਚਿੰਤਾ’ ਜ਼ਾਹਿਰ ਕੀਤੀ ਗਈ। ਉਨ੍ਹਾਂ ਲਾਲ ਸਾਗਰ ਵਿਚ ਆਵਾਜਾਈ ਦੀ ਆਜ਼ਾਦੀ ਦੀ ਅਹਿਮੀਅਤ ਤੇ ਸਮੁੰਦਰੀ ਨਿਯਮਾਂ ਦੇ ਸਤਿਕਾਰ ਦੇ ਮਹੱਤਵ ਨੂੰ ਦੁਹਰਾਇਆ। ਦੋਵਾਂ ਆਗੂਆਂ ਨੇ ਇਸ ਖੇਤਰ ਵਿਚ ਆਪਸੀ ਤਾਲਮੇਲ ਨਾਲ ਕੋਸ਼ਿਸ਼ਾਂ ਕਰਨ ਬਾਰੇ ਵਿਸਥਾਰ ਵਿਚ ਚਰਚਾ ਕੀਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement