ਭਾਰਤ ਤੇ ਚੀਨ ਵੱਲੋਂ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ
ਨਵੀਂ ਦਿੱਲੀ/ਪੇਈਚਿੰਗ, 27 ਜਨਵਰੀ
ਭਾਰਤ ਤੇ ਚੀਨ ਨੇ ਦੁਵੱਲੇ ਰਿਸ਼ਤਿਆਂ ਦੀ ‘ਸਥਿਰਤਾ ਤੇ ਮੁੜ ਸਥਾਪਤੀ’ ਲਈ ਲੋਕਪੱਖੀ ਫੈਸਲੇ ਲੈਣ ਦੀ ਸਹਿਮਤੀ ਦਿੰਦਿਆਂ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਵੱਲੋਂ ਪੇਈਚਿੰਗ ਵਿਚ ਆਪਣੇ ਚੀਨੀ ਹਮਰੁਤਬਾ ਸੁਨ ਵੀਡੌਂਗ ਨਾਲ ਕੀਤੀ ਬੈਠਕ ਮਗਰੋਂ ਇਹ ਦਾਅਵਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਦੋਵਾਂ ਮੁਲਕਾਂ ਦਰਮਿਆਨ ਬੰਦ ਪਈਆਂ ਸਿੱਧੀਆਂ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਵੀ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਮੰਤਰਾਲੇ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਅਕਤੂਬਰ ’ਚ ਕਜ਼ਾਨ (ਰੂਸ) ਵਿਚ ਹੋਈ ਬੈਠਕ ਦੌਰਾਨ ਬਣੀ ਸਹਿਮਤੀ ਮੁਤਾਬਕ ਦੋਵਾਂ ਧਿਰਾਂ ਨੇ ਭਾਰਤ-ਚੀਨ ਦੁਵੱਲੇ ਰਿਸ਼ਤਿਆਂ ਉੱਤੇ ਵਿਆਪਕ ਨਜ਼ਰਸਾਨੀ ਕਰਦਿਆਂ ਸਥਿਰਤਾ ਤੇ ਰਿਸ਼ਤਿਆਂ ਦੀ ਮੁੜ ਸਥਾਪਨਾ ਲਈ ਲੋਕ ਪੱਖੀ ਫੈਸਲੇ ਲੈਣ ਦੀ ਸਹਿਮਤੀ ਦਿੱਤੀ ਹੈ। ਇਸੇ ਲੜੀ ਵਿਚ 2025 ਦੀਆਂ ਗਰਮੀਆਂ ਤੋਂ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।’’ ਇਹੀ ਨਹੀਂ ਦੋਵਾਂ ਧਿਰਾਂ ਨੇ ਟਰਾਂਸ-ਬਾਰਡਰ ਨਦੀਆਂ ਨਾਲ ਸਬੰਧਤ ਸਹਿਯੋਗ ਤੇ ਹਾਈਡਰੋਲੋਜੀਕਲ ਡੇਟਾ ਦੀ ਵਿਵਸਥਾ ਮੁੜ ਸ਼ੁੁਰੂ ਕਰਨ ਬਾਰੇ ਭਾਰਤ-ਚੀਨ ਦੇ ਮਾਹਿਰਾਂ ਦੀ ਜਲਦੀ ਬੈਠਕ ਬੁਲਾਉਣ ਦੀ ਵੀ ਸਹਿਮਤੀ ਦਿੱਤੀ ਹੈ। -ਪੀਟੀਆਈ
ਸ਼ੱਕ ਦੀ ਥਾਂ ਇਕ ਦੂਜੇ ਨੂੰ ਸਮਝਣ ਦੀ ਲੋੜ: ਵੈਂਗ ਯੀ
ਪੇਈਚਿੰਗ:
ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਨੇ ਅੱਜ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨਾਲ ਮੁਲਾਕਾਤ ਕੀਤੀ। ਵੈਂਗ ਨੇ ਕਿਹਾ ਕਿ ਭਾਰਤ ਤੇ ਚੀਨ ਨੂੰ ਅੱਗੇ ਵਧ ਕੇ ਇਕ ਦੂਜੇ ਨੂੰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਇਕ ਦੂਜੇ ’ਤੇ ਸ਼ੱਕ ਕਰਨ ਦੀ ਥਾਂ ਇਕ ਦੂਜੇ ਨੂੰ ਸਮਝਣ ਲਈ ਵਚਨਬੱਧ ਹੋਣਾ ਚਾਹੀਦਾ ਹੈ। ਮਿਸਰੀ ਦੋਵਾਂ ਮੁਲਕਾਂ ਦਰਮਿਆਨ ਰਿਸ਼ਤਿਆਂ ਨੂੰ ਸੁਧਾਰਨ ਦੇ ਇਰਾਦੇ ਨਾਲ ਚੀਨ ਦੀ ਦੋ ਰੋਜ਼ਾ ਫੇਰੀ ਉੱਤੇ ਹਨ। ਦੋਵਾਂ ਮੁਲਕਾਂ ਦਰਮਿਆਨ ਪਿਛਲੇ ਡੇਢ ਮਹੀਨਿਆਂ ’ਚ ਇਹ ਦੂਜੀ ਉੱਚ ਪੱਧਰੀ ਬੈਠਕ ਹੈ। -ਪੀਟੀਆਈ