ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਤੇ ਚੀਨ ਵੱਲੋਂ ਲੱਦਾਖ ਵਿਵਾਦ ਦੇ ਹੱਲ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰਨ ਦਾ ਅਹਿਦ

06:43 AM Jul 05, 2024 IST
ਐੱਸਸੀਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਿਵਦੇਸ਼ ਮੰਤਰੀ ਐੱਸ. ਜੈਸ਼ੰਕਰ। -ਫੋਟੋ: ਪੀਟੀਆਈ

ਅਸਤਾਨਾ, 4 ਜੁਲਾਈ
ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ ’ਚ ਬਕਾਇਆ ਪਏ ਮੁੱਦਿਆਂ ਦੇ ਫੌਰੀ ਹੱਲ ਲਈ ਕੋਸ਼ਿਸ਼ਾਂ ਦੁੱਗਣੀਆਂ ਕਰਨ ਦਾ ਅਹਿਦ ਲਿਆ ਹੈ। ਦੋਵੇਂ ਮੁਲਕਾਂ ਨੇ ਆਪਸੀ ਸਬੰਧਾਂ ਨੂੰ ਸਥਿਰ ਕਰਨ ਅਤੇ ਨਵੇਂ ਸਿਰੇ ਤੋਂ ਅਗਾਂਹ ਵਧਣ ਬਾਰੇ ਵੀ ਗੱਲਬਾਤ ਕੀਤੀ ਹੈ। ਉਂਜ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੈਸ਼ੰਕਰ ਅਤੇ ਵਾਂਗ ਵਿਚਕਾਰ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਪੰਜ ਸਾਲ ਹੋ ਗਏ ਹਨ।
ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਸਿਖਰ ਸੰਮੇਲਨ ਦੌਰਾਨ ਵੱਖਰੇ ਤੌਰ ’ਤੇ ਹੋਈ ਗੱਲਬਾਤ ਦੌਰਾਨ ਜੈਸ਼ੰਕਰ ਨੇ ਸਰਹੱਦ ਦੇ ਪ੍ਰਬੰਧਨ ਲਈ ਦੋਵੇਂ ਮੁਲਕਾਂ ਵਿਚਕਾਰ ਹੋਏ ਸਮਝੌਤਿਆਂ ਦੇ ਪਾਲਣ ਦੀ ਲੋੜ ਜਤਾਈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਜੈਸ਼ੰਕਰ ਅਤੇ ਵਾਂਗ ਨੇ ਪੂਰਬੀ ਲੱਦਾਖ ’ਚ ਐੱਲਏਸੀ ’ਤੇ ਬਕਾਇਆ ਪਏ ਮੁੱਦਿਆਂ ਦਾ ਫੌਰੀ ਹੱਲ ਲੱਭਣ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਜੈਸ਼ੰਕਰ ਨੇ ਭਾਰਤ ਦੇ ਇਸ ਵਿਚਾਰ ਦੀ ਜ਼ੋਰਦਾਰ ਵਕਾਲਤ ਕੀਤੀ ਕਿ ਦੋਵੇਂ ਮੁਲਕਾਂ ਵਿਚਕਾਰ ਸਬੰਧ ਆਪਸੀ ਸਨਮਾਨ, ਦੁਵੱਲੇ ਹਿੱਤਾਂ ਅਤੇ ਸੰਵੇਦਨਸ਼ੀਲਤਾ ’ਤੇ ਆਧਾਰਿਤ ਹੋਣੇ ਚਾਹੀਦੇ ਹਨ। ਜੈਸ਼ੰਕਰ ਨੇ ‘ਐਕਸ’ ’ਤੇ ਕਿਹਾ ਕਿ ਸਰਹੱਦੀ ਇਲਾਕਿਆਂ ਦੇ ਬਕਾਇਆ ਮੁੱਦਿਆਂ ਦੇ ਫੌਰੀ ਹੱਲ ਲਈ ਦੋਵੇਂ ਮੁਲਕਾਂ ਵੱਲੋਂ ਕੂਟਨੀਤਕ ਅਤੇ ਫ਼ੌਜੀ ਪੱਧਰ ’ਤੇ ਕੋਸ਼ਿਸ਼ਾਂ ਦੁੱਗਣੀਆਂ ਕਰਨ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਅਤੇ ਐੱਲਏਸੀ ’ਤੇ ਸ਼ਾਂਤੀ ਬਹਾਲੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਭਾਰਤ ਆਖਦਾ ਆ ਰਿਹਾ ਹੈ ਕਿ ਚੀਨ ਨਾਲ ਉਦੋਂ ਤੱਕ ਸਬੰਧ ਸੁਖਾਵੇਂ ਨਹੀਂ ਹੋ ਸਕਦੇ ਜਦੋਂ ਤੱਕ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਨਹੀਂ ਹੋ ਜਾਂਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਮੰਤਰੀ ਇਸ ਗੱਲ ’ਤੇ ਸਹਿਮਤ ਸਨ ਕਿ ਸਰਹੱਦੀ ਇਲਾਕਿਆਂ ’ਚ ਮੌਜੂਦਾ ਹਾਲਾਤ ਦੋਵੇਂ ਮੁਲਕਾਂ ਦੇ ਹਿੱਤ ’ਚ ਨਹੀਂ ਹਨ। -ਪੀਟੀਆਈ

Advertisement

ਅਤਿਵਾਦ ਨੂੰ ਪਨਾਹ ਦੇਣ ਵਾਲੇ ਮੁਲਕਾਂ ਨੂੰ ਬੇਨਕਾਬ ਕੀਤਾ ਜਾਵੇ: ਜੈਸ਼ੰਕਰ

ਅਸਤਾਨਾ: ਭਾਰਤ ਨੇ ਉਨ੍ਹਾਂ ਮੁਲਕਾਂ ਨੂੰ ‘ਅਲੱਗ-ਥਲੱਗ’ ਅਤੇ ‘ਬੇਨਕਾਬ’ ਕਰਨ ਲਈ ਕਿਹਾ ਹੈ ਜੋ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਦਿੰਦੇ ਹਨ ਅਤੇ ਅਤਿਵਾਦ ਨੂੰ ਨਜ਼ਰਅੰਦਾਜ਼ ਕਰਦੇ ਹਨ। ਚੀਨ ਅਤੇ ਪਾਕਿਸਤਾਨ ’ਤੇ ਅਸਿੱਧੇ ਤੌਰ ’ਤੇ ਹਮਲਾ ਕਰਦਿਆਂ ਭਾਰਤ ਨੇ ਕਿਹਾ ਕਿ ਜੇ ਅਤਿਵਾਦ ’ਤੇ ਕੋਈ ਲਗਾਮ ਨਾ ਲਾਈ ਗਈ ਤਾਂ ਇਹ ਖੇਤਰੀ ਅਤੇ ਆਲਮੀ ਸ਼ਾਂਤੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਕਜ਼ਾਖ਼ਿਸਤਾਨ ਦੀ ਰਾਜਧਾਨੀ ਅਸਤਾਨਾ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਮੁਖੀਆਂ ਦੀ ਕੌਂਸਲ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰਾਂ ਨੂੰ ਰਖਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਐੱਸਸੀਓ ਦਾ ਮੂਲ ਟੀਚਾ ਅਤਿਵਾਦ ਦਾ ਟਾਕਰਾ ਕਰਨਾ ਹੈ। ਜੈਸ਼ੰਕਰ ਨੇ ਸੰਮੇਲਨ ’ਚ ਕਿਹਾ, ‘‘ਸਾਡੇ ’ਚੋਂ ਕਈਆਂ ਦੇ ਆਪਣੇ ਤਜਰਬੇ ਹਨ ਜੋ ਅਕਸਰ ਸਾਡੀਆਂ ਹੱਦਾਂ ਤੋਂ ਅਗਾਂਹ ਨਜ਼ਰ ਆਉਂਦੇ ਹਨ। ਇਹ ਗੱਲ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜੇ ਅਤਿਵਾਦ ’ਤੇ ਲਗਾਮ ਨਾ ਲਾਈ ਗਈ ਤਾਂ ਇਹ ਖੇਤਰੀ ਅਤੇ ਆਲਮੀ ਸ਼ਾਂਤੀ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਕਿਸੇ ਵੀ ਰੂਪ ਜਾਂ ਸਰੂਪ ’ਚ ਅਤਿਵਾਦ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।’’ ਸੰਮੇਲਨ ’ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸਮੇਤ ਹੋਰ ਆਗੂ ਹਾਜ਼ਰ ਸਨ। ਜੈਸ਼ੰਕਰ ਨੇ ਕਿਹਾ ਕਿ ਨੌਜਵਾਨਾਂ ’ਚ ਕੱਟੜਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਪੂਰੀ ਸਰਗਰਮੀ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਇਸ ਵਿਸ਼ੇ ’ਤੇ ਜਾਰੀ ਸਾਂਝਾ ਬਿਆਨ ਨਵੀਂ ਦਿੱਲੀ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ‘ਵਸੂਧੈਵ ਕੁਟੁੰਭਕਮ’ ਦੇ ਸਦੀਆਂ ਪੁਰਾਣੇ ਸਿਧਾਂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਸਸੀਓ ਲੋਕਾਂ ਨੂੰ ਇਕਜੁੱਟ ਕਰਨ, ਸਹਿਯੋਗ ਵਧਾਉਣ ਅਤੇ ਖੁਸ਼ਹਾਲ ਬਣਾਉਣ ਲਈ ਮੰਚ ਪ੍ਰਦਾਨ ਕਰਦਾ ਹੈ ਜਿਸ ਦਾ ਮਤਲਬ ਹੈ ‘ਪੂਰੀ ਦੁਨੀਆ ਇਕ ਪਰਿਵਾਰ ਹੈ।’ ਉਨ੍ਹਾਂ ਕਿਹਾ ਕਿ ਸੰਪਰਕ ਅਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ‘ਸਿਖਰ ਸੰਮੇਲਨ ਮਹਾਮਾਰੀ ਦੇ ਅਸਰ, ਜਾਰੀ ਸੰਘਰਸ਼ਾਂ, ਵਧਦੇ ਤਣਾਅ, ਵਿਸ਼ਵਾਸ ਦੀ ਕਮੀ ਅਤੇ ਦੁਨੀਆ ’ਚ ਵਿਵਾਦਤ ਖੇਤਰਾਂ ਦੀ ਵਧ ਰਹੀ ਗਿਣਤੀ ਦੇ ਪਿਛੋਕੜ ’ਚ ਹੋ ਰਿਹਾ ਹੈ। ਗੱਲਬਾਤ ਦਾ ਉਦੇਸ਼ ਸਾਰੇ ਘਟਨਾਕ੍ਰਮਾਂ ਦੇ ਨਤੀਜਿਆਂ ਨੂੰ ਰੋਕਣ ਲਈ ਸਾਂਝਾ ਆਧਾਰ ਲੱਭਣਾ ਹੈ।’ ਬਾਅਦ ’ਚ ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਫ਼ੋਂ ਐੱਸਸੀਓ ਦੇ ਮੁਖੀਆਂ ਦੀ ਪਰਿਸ਼ਦ ਦੇ ਸਿਖਰ ਸੰਮੇਲਨ ’ਚ ਭਾਰਤ ਦਾ ਬਿਆਨ ਦਿੱਤਾ। ਸ੍ਰੀ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਸ਼ੁਭਕਾਮਨਾਵਾਂ ਦੇਣ ਲਈ ਸੰਮੇਲਨ ’ਚ ਹਾਜ਼ਰ ਆਗੂਆਂ ਦਾ ਧੰਨਵਾਦ।’’ ਵਿਦੇਸ਼ ਮੰਤਰੀ ਨੇ ਐੱਸਸੀਓ ਨੂੰ ਸਿਧਾਂਤ ਆਧਾਰਿਤ ਜਥੇਬੰਦੀ ਕਰਾਰ ਦਿੱਤਾ ਅਤੇ ਕਿਹਾ ਕਿ ਵਿਦੇਸ਼ ਨੀਤੀ ’ਚ ਇਸ ਦਾ ਅਹਿਮ ਸਥਾਨ ਹੈ। ਉਨ੍ਹਾਂ ਕਜ਼ਾਖ਼ ਸੰਮੇਲਨ ਦੀ ਸਫਲ ਮੇਜ਼ਬਾਨੀ ਲਈ ਵਧਾਈ ਦਿੱਤੀ ਅਤੇ ਐੱਸਸੀਓ ਦੀ ਅਗਲੀ ਪ੍ਰਧਾਨਗੀ ਲਈ ਚੀਨ ਨੂੰ ਭਾਰਤ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ। ਮੰਤਰੀ ਨੇ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਹੋਰਾਂ ਦੀ ਹੈਲੀਕਾਪਟਰ ਹਾਦਸੇ ’ਚ ਹੋਈ ਮੌਤ ’ਤੇ ਦੁੱਖ ਵੀ ਪ੍ਰਗਟਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਮੇਕ ਇਨ ਇੰਡੀਆ’ ਦੀ ਪਹਿਲ ਆਲਮੀ ਵਿਕਾਸ ਦੇ ਇੰਜਣ ਦੀ ਰਫ਼ਤਾਰ ਦੇਣ ਦੇ ਨਾਲ ਦੁਨੀਆ ਦੇ ਅਰਥਚਾਰੇ ਨੂੰ ਜਮਹੂਰੀ ਬਣਾਉਣ ਵਿੱਚ ਮਦਦ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਾਨੂੰਨ, ਭਰੋਸੇਯੋਗਤਾ ਤੇ ਲਚਕਦਾਰ ਸਪਲਾਈ ਲੜੀਆਂ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਦੀ ਚਾਬਹਾਰ ਬੰਦਰਗਾਹ ਨੂੰ ਵਿਕਸਿਤ ਕਰਨ ’ਚ ਭਾਰਤ ਵੱਲੋਂ ਕੀਤੀ ਗਈ ਪ੍ਰਗਤੀ ਨਾ ਸਿਰਫ਼ ਮੱਧ ਏਸ਼ਿਆਈ ਰਾਜਾਂ ਲਈ ਮਹੱਤਵਪੂਰਨ ਹੈ ਬਲਕਿ ਭਾਰਤ ਤੇ ਯੂਰੋਸ਼ੀਆ ਵਿਚਾਲੇ ਵਪਾਰ ਲਈ ਜੋਖਮ ਵੀ ਘਟਾਉਂਦੀ ਹੈ। ਐੱਸਸੀਓ ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਆਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਪੜ੍ਹਦਿਆਂ ਕਿਹਾ ਕਿ ਭਾਰਤ ਨੇ ਐੱਸਸੀਓ ਸਟਾਰਟਅੱਪ ਫੋਰਮ ਅਤੇ ਸਟਾਰਟਅੱਪ ਤੇ ਕਾਢਾਂ ਲਈ ਸਪੈਸ਼ਲ ਵਰਕਿੰਗ ਗਰੁੱਪ ਜਿਹੀਆਂ ਸੰਸਥਾਵਾਂ ਨਾਲ ਐੱਸਸੀਓ ਸਮੂਹ ਦੇ ਏਜੰਡੇ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ 1.30 ਲੱਖ ਸਟਾਰਟਅੱਪ ਹੋਣ ਨਾਲ ਇਸ ਦਾ ਤਜਰਬਾ ਹੋਰਨਾਂ ਲਈ ਲਾਹੇਵੰਦ ਹੋ ਸਕਦਾ ਹੈ। -ਪੀਟੀਆਈ

Advertisement
Advertisement