For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਅਤੇ ਭਾਜਪਾ ਦੀ ਚੋਣ ਰਣਨੀਤੀ

06:31 AM Feb 17, 2024 IST
‘ਇੰਡੀਆ’ ਅਤੇ ਭਾਜਪਾ ਦੀ ਚੋਣ ਰਣਨੀਤੀ
Advertisement

ਰਾਧਿਕਾ ਰਾਮਸੇਸ਼ਨ

Advertisement

ਲੋਕ ਸਭਾ ਦੀਆਂ ਚੋਣਾਂ ਦੇ ਪਾਸੇ ਦੀਆਂ ਨਰਦਾਂ ਜਿਵੇਂ ਜਿਵੇਂ ਟਿਕ ਰਹੀਆਂ ਹਨ, ਘਟਨਾਵਾਂ ਤਰਕ ਅਤੇ ਉਪਯੋਗਤਾ ਦੇ ਤਕਾਜ਼ੇ ਪਲਟ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ‘ਇੰਡੀਆ’ ਗੱਠਜੋੜ ਅਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨਾਲ ਮੁਕਾਬਲਾ ਹੋ ਰਿਹਾ ਹੈ। ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿਚ ਬਿਆਨ ਦਿੱਤਾ ਕਿ ਭਗਵੀ ਪਾਰਟੀ ਨੇ ਲੋਕ ਸਭਾ ਦੀਆਂ 370 ਸੀਟਾਂ ਜਿੱਤਣ ਦਾ ਟੀਚਾ ਮਿੱਥ ਲਿਆ ਹੈ। ‘ਇੰਡੀਆ’ ਗੱਠਜੋੜ ਨੂੰ ਆਪਣਾ ਕਿਲ੍ਹਾ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਸਹਿਯੋਗੀ ਦਲਾਂ ਦੀ ਲੋੜ ਹੈ ਪਰ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਦੇ ਖੇਮੇ ਵਿਚ ਲਗਾਤਾਰ ਸੰਨ੍ਹ ਲਾ ਰਹੀ ਹੈ। ‘ਕੇਂਦਰ ਬਨਾਮ ਰਾਜ’ ਬਹਿਸ ਮਘਾਉਣ ਲਈ ਐੱਨਡੀਏ ਸਰਕਾਰ ਖਿਲਾਫ਼ ਕੀਤੀਆਂ ਜਾਂਦੀਆਂ ਕੁਝ ਸ਼ਿਕਾਇਤਾਂ ਵਿਚ ਕੁਦਰਤੀ ਆਫ਼ਤਾਂ (ਮਿਸਾਲ ਦੇ ਤੌਰ ’ਤੇ ਤਾਮਿਲ ਨਾਡੂ ਦੇ ਹੜ੍ਹ) ਮੌਕੇ ਕੇਂਦਰ ਤੋਂ ਨਾਕਾਫ਼ੀ ਵਿੱਤੀ ਇਮਦਾਦ ਮਿਲਣ ਅਤੇ ਵਿਰੋਧੀ ਪਾਰਟੀਆਂ ਦੇ ਮੰਤਰੀਆਂ ਦੀ ਗਿਣ ਮਿੱਥ ਕੇ ਫੜੋ-ਫੜਾਈ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।
ਦੂਜੇ ਪਾਸੇ ਭਾਜਪਾ ਵੱਡ ਆਕਾਰੀ ਸੰਗਠਨ ਦੇ ਰੂਪ ਵਿਚ ਖੜ੍ਹੀ ਹੈ ਜਿਸ ਕੋਲ ਸ਼ਕਤੀਸ਼ਾਲੀ ਲੀਡਰਸ਼ਿਪ, ਕ੍ਰਿਸ਼ਮਈ ਪ੍ਰਧਾਨ ਮੰਤਰੀ ਜਿਨ੍ਹਾਂ ਦੀ ਦੁਨੀਆ ਦੇ ਕਿਸੇ ਵੀ ਨੇਤਾ ਦੇ ਮੁਕਾਬਲੇ ਦਰਜੇਬੰਦੀ ਕਾਫ਼ੀ ਬਿਹਤਰ ਹੈ, ਜਿਨ੍ਹਾਂ ਦਾ ਵਿਧਾਨਕ ਸੰਸਥਾਵਾਂ ਉਪਰ ਸ਼ਿਕੰਜਾ ਕੱਸਿਆ ਹੋਇਆ ਹੈ ਅਤੇ ਪਾਰਟੀ ਦੀ ਜ਼ਬਰਦਸਤ ਮਸ਼ੀਨਰੀ ਹੈ। ਇਸ ਵੇਲੇ ਢਿੱਲੀ ਅਤੇ ਡਾਵਾਂਡੋਲ ਵਿਰੋਧੀ ਧਿਰ ਦੇ ਮੁਕਾਬਲੇ ਭਾਜਪਾ ਕੋਲ ਜ਼ਰੂਰਤ ਤੋਂ ਵੱਧ ਸਾਮਾਨ ਮੌਜੂਦ ਹੈ। ਭਾਜਪਾ ਜਿਸ ਤਰ੍ਹਾਂ ਖੇਤਰੀ ਦਲਾਂ ਜਿਨ੍ਹਾਂ ਦੀਆਂ ਜੜ੍ਹਾਂ ਵੰਸ਼ਵਾਦੀ ਜਾਂ ਪਛਾਣ ਦੀ ਸਿਆਸਤ ਵਿਚ ਲੱਗੀਆਂ ਹੋਈਆਂ ਹਨ, ਨੂੰ ਐੱਨਡੀਏ ਨਾਲ ਜੋੜ ਰਹੀ ਹੈ, ਉਹ ਆਪਣੇ ਆਪ ਵਿਚ ਵੱਡੀ ਤ੍ਰਾਸਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਨੇ ਸੰਯੁਕਤ ਸ਼ਿਵ ਸੈਨਾ, ਜਨਤਾ ਦਲ (ਯੂ) ਅਤੇ ਸ਼੍ਰੋਮਣੀ ਅਕਾਲੀ ਦਲ ਜਿਹੇ ਪੁਰਾਣੇ ਸਹਿਯੋਗੀ ਗੁਆ ਲਏ ਸਨ। ਹੁਣ ਕੁਝ ਛੋਟੀਆਂ ਪਾਰਟੀਆਂ ਸ਼ਾਮਲ ਹੋਣ ਨਾਲ ਐੱਨਡੀਏ ਦਾ ਦਾਇਰਾ ਕਾਫ਼ੀ ਵਧ ਗਿਆ ਹੈ, ਭਾਵੇਂ ਇਹ ਕੰਮ ਭਾਜਪਾ ਦੀ ਜੋੜ ਤੋੜ ਦੀ ਕਲਾ ਕਰ ਕੇ ਸਿਰੇ ਚਡਿ਼੍ਹਆ ਹੈ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਵਿਚ ਪਈ ਫੁੱਟ ਕਰ ਕੇ ਵੱਡਾ ਧੜਾ ਪਾਰਟੀ ਦੇ ਆਗੂ ਊਧਵ ਠਾਕਰੇ ਤੋਂ ਵੱਖ ਹੋ ਗਿਆ; ਇਸੇ ਤਰ੍ਹਾਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਵਿਚ ਫੁੱਟ ਪੈ ਗਈ ਅਤੇ ਅਜੀਤ ਪਵਾਰ ਦੀ ਅਗਵਾਈ ਵਾਲਾ ਧੜਾ ਐੱਨਡੀਏ ਦਾ ਹਿੱਸਾ ਬਣ ਗਿਆ ਹੈ। ਅਜੀਤ ਪਵਾਰ ਅਤੇ ਏਕਨਾਥ ਸ਼ਿੰਦੇ ਜਿਹੇ ਆਗੂਆਂ ਖਿਲਾਫ਼ ਇਕ ਸਮੇਂ ਭਾਜਪਾ ਸੰਗੀਨ ਦੋਸ਼ ਲਾਉਂਦੀ ਰਹੀ ਹੈ। ਭਾਜਪਾ ਨੇ ਜਨਤਾ ਦਲ (ਯੂ) ਨੂੰ ਵੀ ਆਪਣੇ ਪਾਲ਼ੇ ਵਿਚ ਲੈ ਆਂਦਾ ਹੈ ਅਤੇ ਇਸ ਨਾਟਕੀ ਘਟਨਾਕ੍ਰਮ ਨਾਲ ਬਿਹਾਰ ਵਿਚ ਮਹਾਗਠਬੰਧਨ ਸਰਕਾਰ ਦਾ ਪਤਨ ਹੋ ਗਿਆ ਪਰ ਨਿਤੀਸ਼ ਕੁਮਾਰ ਅਜੇ ਵੀ ਮੁੱਖ ਮੰਤਰੀ ਬਣੇ ਹੋਏ ਹਨ ਜਿਨ੍ਹਾਂ ਦੀ ਸਾਖ਼ ਲਗਾਤਾਰ ਡਿੱਗ ਰਹੀ ਹੈ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਗੱਲਬਾਤ ਮੁੜ ਸ਼ੁਰੂ ਕਰ ਲਈ ਹੈ ਤਾਂ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਮੁਕਾਬਲਾ ਕੀਤਾ ਜਾ ਸਕੇ।
ਭਾਜਪਾ ਦੀ ਇਸ ਮੁਹਿੰਮ ਦਾ ਸਭ ਤੋਂ ਰਹੱਸਮਈ ਪੱਖ ਉੱਤਰ ਪ੍ਰਦੇਸ਼ ਵਿਚ ਰਾਸ਼ਟਰੀ ਲੋਕ ਦਲ ਨੂੰ ਪਤਿਆਉਣ ਨਾਲ ਜੁਡਿ਼ਆ ਹੋਇਆ ਹੈ ਤਾਂ ਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ ਜਿੱਥੇ ਪਾਰਟੀ ਦੀ ਕਾਰਗੁਜ਼ਾਰੀ ਹਮੇਸ਼ਾ ਵਧੀਆ ਰਹੀ ਹੈ। ਇਸ ਪਿੱਛੇ ਇਹ ਵਿਚਾਰ ਕੰਮ ਕਰ ਰਿਹਾ ਹੈ ਕਿ ਵਿਰੋਧੀ ਧਿਰ ਨੂੰ ਖੋਖਲਾ ਕਰ ਦਿੱਤਾ ਜਾਵੇ ਜਿਸ ਨੇ ਪਿਛਲੇ ਸਾਲ ਜੂਨ ਮਹੀਨੇ ਭਾਜਪਾ ਨੂੰ ਤਕੜੀ ਟੱਕਰ ਦਿੱਤੀ ਸੀ ਹਾਲਾਂਕਿ ਸੂਬੇ ਅੰਦਰ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਲੋਂ ‘ਇੰਡੀਆ’ ਗੱਠਜੋੜ ਦੀ ਅਗਵਾਈ ਬਾਰੇ ਭੰਬਲਭੂਸਾ ਬਣਿਆ ਰਿਹਾ ਸੀ।
ਪਿਛਲੇ ਸਾਲ ਦਸੰਬਰ ਵਿਚ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਇੰਡੀਆ’ ਗੱਠਜੋੜ ਦੀ ਅਗਵਾਈ ਦਾ ਖੱਪਾ ਕਾਫ਼ੀ ਉਭਰ ਕੇ ਸਾਹਮਣੇ ਆਇਆ ਸੀ ਜਦੋਂ ਭਾਜਪਾ ਨੇ ਇਸ ਹਿੰਦੀ ਭਾਸ਼ੀ ਖੇਤਰ ਵਿਚ ਆਪਣਾ ਦਬਦਬਾ ਮੁੜ ਸਥਾਪਤ ਕਰ ਲਿਆ। ਇੱਥੋਂ ਮਾਤ ਖਾਣ ਬਾਅਦ ਕਾਂਗਰਸ ਨੇ ਦੱਖਣ ਵੱਲ ਰੁਖ਼ ਕੀਤਾ ਜਿੱਥੇ ਤਾਮਿਲ ਨਾਡੂ ਅਤੇ ਕੇਰਲ ਵਿਚ ਇਸ ਦੇ ਮਜ਼ਬੂਤ ਸਹਿਯੋਗੀ ਰਹੇ ਹਨ। ਦੱਖਣੀ ਸੂਬਿਆਂ ਵਿਚ ਭਾਜਪਾ ਦੀ ਹੋਂਦ ਨਾਮਾਤਰ ਹੈ ਪਰ ਪਾਰਟੀ ਨੇ ਕਰਨਾਟਕ ਵਿਚ ਵਿਧਾਨ ਸਭਾ ਚੋਣਾਂ ਵਿਚ ਸ਼ਿਕਸਤ ਖਾਣ ਪਿੱਛੋਂ ਹੁਣ ਜਨਤਾ ਦਲ (ਸੈਕੁਲਰ) ਨਾਲ ਨਾਤਾ ਗੰਢ ਲਿਆ ਹੈ ਜੋ ਦੇਵਗੌੜਾ ਦੇ ਪਰਿਵਾਰ ਦੀ ਨਿੱਜੀ ਪਾਰਟੀ ਬਣ ਕੇ ਰਹਿ ਗਈ ਹੈ। ਆਂਧਰਾ ਪ੍ਰਦੇਸ਼ ਵਿਚ ਤੈਲਗੂ ਦੇਸਮ ਪਾਰਟੀ ਅਤੇ ਇਸ ਦੀ ਮੁਖ਼ਾਲਫ਼ ਸੱਤਾਧਾਰੀ ਵਾਈਐੱਸਆਰ ਕਾਂਗਰਸ, ਦੋਵੇਂ ਐੱਨਡੀਏ ਨਾਲ ਹੱਥ ਮਿਲਾਉਣ ਲਈ ਤਿਆਰ ਜਾਪਦੀਆਂ ਹਨ; ਤਿਲੰਗਾਨਾ ਵਿਚ ਪਾਰਟੀ ਲੀਡਰਸ਼ਿਪ ਕੇ ਚੰਦਰਸ਼ੇਖਰ ਰਾਓ ਦੀ ਭਾਰਤ ਰਾਸ਼ਟਰ ਸਮਿਤੀ ਨਾਲ ਹੱਥ ਮਿਲਾਉਣ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਕਰ ਸਕੀ।
ਸਿਆਸੀ ਧਰਾਤਲ ਮੁਤਾਬਕ ਭਾਜਪਾ ਦੀ ਦਿੱਕਤ ਇਹ ਹੈ ਕਿ ਬਿਹਾਰ ਅਤੇ ਯੂਪੀ ਤੋਂ ਹੋਰ ਪਾਰਟੀਆਂ ਆਉਣ ਨਾਲ ਇਸ ਕੋਲ ਸਹਿਯੋਗੀਆਂ ਦੀ ਬਹੁਤਾਤ ਹੋ ਗਈ ਹੈ; ਜਨਤਾ ਦਲ (ਯੂ) ਅਤੇ ਅਸ਼ੋਕ ਚਵਾਨ ਜਿਹੇ ਕੁਝ ਕਾਂਗਰਸ ਆਗੂਆਂ ਦੇ ਪਾਲ਼ਾ ਬਦਲਣ ਨਾਲ ‘ਇੰਡੀਆ’ ਗੱਠਜੋੜ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਐੱਨਡੀਏ ਅੰਦਰ ਸੀਟਾਂ ਦੀ ਵੰਡ ਬਾਰੇ ਕਸ਼ਮਕਸ਼ ਪੈਦਾ ਹੋ ਸਕਦੀ ਹੈ ਪਰ ਭਾਜਪਾ ਅਜਿਹੀਆਂ ਦਿੱਕਤਾਂ ’ਤੇ ਪਾਰ ਪਾਉਣ ਲਈ ਕਾਰਗਰ ਰਣਨੀਤੀ ਘੜਨ ਲਈ ਜਾਣੀ ਜਾਂਦੀ ਹੈ। ‘ਇੰਡੀਆ’ ਗੱਠਜੋੜ ਦੇ ਇਹ ਹਾਲਾਤ ਕਿਉਂ ਬਣੇ ਹਨ? ਇਸ ਗੱਠਜੋੜ ਵਿਚ ਸ਼ੁਰੂ ਤੋਂ ਹੀ ਅਸਮੰਜਸ ਦਾ ਮਾਹੌਲ ਸੀ ਕਿਉਂਕਿ ਨਾ ਕਾਂਗਰਸ ਅਤੇ ਨਾ ਹੀ ਇਸ ਦੇ ਖੇਤਰੀ ਭਿਆਲ ਆਪਣੇ ਸਮੀਕਰਨ ਪਰਿਭਾਸ਼ਤ ਕਰ ਸਕੇ। ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਆਪਣੇ ਆਪ ਨੂੰ ਕਾਂਗਰਸ ਦੇ ਬਰਾਬਰ ਭਿਆਲ ਮੰਨਦੇ ਹਨ ਪਰ ਕਾਂਗਰਸ ਬਹੁਤਾ ਕੁਝ ਕਹੇ ਬਗ਼ੈਰ ਹੀ ਕਮਾਂਡ ਆਪਣੇ ਹੱਥ ਰੱਖਣ ਦੀ ਚਾਹਵਾਨ ਹੈ। ਦੂਜੇ ਬੰਨੇ, ਸੂਬਾਈ ਪਾਰਟੀਆਂ ਇਕਜੁੱਟ ਕਮਾਂਡ ਬਾਰੇ ਸਹਿਮਤ ਨਹੀਂ। ਨਿਤੀਸ਼ ਕੁਮਾਰ ਨੂੰ ‘ਇੰਡੀਆ’ ਗੱਠਜੋੜ ਦਾ ਕਨਵੀਨਰ ਨਿਯੁਕਤ ਕਰਨ ਦਾ ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਅਹੁਦੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਾਂਝੇ ਉਮੀਦਵਾਰ ਵਜੋਂ ਉਭਾਰਨ ਲਈ ਵਰਤਿਆ ਜਾ ਸਕਦਾ ਹੈ। ਰਾਹੁਲ ਗਾਂਧੀ ਨੇ ਆਪਣੇ ਤੌਰ ’ਤੇ ਕਈ ਵਾਰ ਇਹ ਗੱਲ ਸਪਸ਼ਟ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੋਈ ਜ਼ੋਰ ਅਜ਼ਮਾਈ ਨਹੀਂ ਕਰਨਗੇ।
ਕਾਂਗਰਸ ਦੀ ਜੇ ਅਜਿਹੀ ਕੋਈ ਖਾਹਸ਼ ਹੋਵੇ ਤਾਂ ਵੀ ਇਸ ਦੀ ਜ਼ਮੀਨੀ ਤਾਕਤ ਇਸ ਨਾਲ ਮੇਲ ਨਹੀਂ ਖਾਂਦੀ। ਪਿਛਲੇ ਦਸੰਬਰ ਵਿਚ ਤਿੰਨ ਸੂਬਿਆਂ ਦੀਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਇਸ ਦੀ ਹੋਣੀ ਲਿਖ ਦਿੱਤੀ ਸੀ। ਜੇ ਤਿੰਨਾਂ ਵਿਚੋਂ ਦੋ ਸੂਬਿਆਂ ਵਿਚ ਵੀ ਕਾਂਗਰਸ ਜਿੱਤ ਜਾਂਦੀ ਤਾਂ ਇਹ ਹੱਕ ਨਾਲ ‘ਇੰਡੀਆ’ ਗੱਠਜੋੜ ਦੀ ਅਗਵਾਈ ਕਰਨ ਦੀ ਉਮੀਦ ਕਰ ਸਕਦੀ ਸੀ ਪਰ ਇਕੱਲੇ ਤਿਲੰਗਾਨਾ ਦੀ ਜਿੱਤ ਨਾਲ ਇਹ ਹਿੰਦੀ ਭਾਸ਼ੀ ਖੇਤਰ ਵਿਚ ਹੋਈ ਹਾਰ ਦੀ ਭਰਪਾਈ ਨਹੀਂ ਕਰ ਸਕਦੀ ਸੀ। ਕੁਲੀਸ਼ਨ ਦੀ ਉਸਾਰੀ ਕਦੇ ਵੀ ਕਾਂਗਰਸ ਦੀ ਤਾਕਤ ਨਹੀਂ ਰਹੀ। ਜਦੋਂ ਇਸ ਕੋਲ ਕੋਈ ਚਾਰਾ ਨਾ ਰਿਹਾ ਅਤੇ ਆਪਣੇ ਦਮ ’ਤੇ ਲੋਕ ਸਭਾ ਵਿਚ ਬਹੁਮਤ ਹਾਸਲ ਨਾ ਕਰ ਸਕੀ ਸੀ ਤਾਂ ਇਸ ਨੇ ਗ਼ੈਰ-ਭਾਜਪਾ ਕੁਲੀਸ਼ਨ ਨੂੰ ਅੱਧੇ ਮਨ ਨਾਲ ਹਮਾਇਤ ਦੇ ਦਿੱਤੀ ਸੀ ਅਤੇ ਫਿਰ ਆਪਣੀ ਮਰਜ਼ੀ ਨਾਲ ਉਸ ਨੂੰ ਇਵੇਂ ਡੇਗ ਦਿੱਤਾ, ਜਿਵੇਂ ਇਹ ਕੋਈ ਖੇਡ ਹੋਵੇ। ਰਾਹੁਲ ਗਾਂਧੀ ਇਸ ਪਰੰਪਰਾ ਵਿਚ ਫਿੱਟ ਬੈਠਦੇ ਹਨ। ਇਹ ਗੱਲ ਸਭ ਨੂੰ ਪਤਾ ਸੀ ਕਿ ਨਿਤੀਸ਼ ਕੁਮਾਰ ‘ਇੰਡੀਆ’ ਗੱਠਜੋੜ ਵਿਚ ਬੇਚੈਨੀ ਮਹਿਸੂਸ ਕਰ ਰਹੇ ਹਨ ਅਤੇ ਆਰਐੱਲਡੀ ਨੂੰ ਨਵੀਆਂ ਚਰਾਂਦਾਂ ਦੀ ਤਲਾਸ਼ ਹੈ। ਰਾਹੁਲ ਗਾਂਧੀ ਨੇ ਇਨ੍ਹਾਂ ਆਗੂਆਂ ਨਾਲ ਕੋਈ ਰਾਬਤਾ ਕਰ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਨਾਖ਼ੁਸ਼ ਕਿਉਂ ਹਨ ਅਤੇ ਕੀ ਚਾਹੁੰਦੇ ਹਨ। ਉਹ ਆਪਣੀ ਪਾਰਟੀ ਦੇ ਆਗੂਆਂ ਖ਼ਾਸਕਰ ਆਪਣੇ ਕਰੀਬੀ ਮਿਲਿੰਦ ਦਿਓੜਾ ਵਰਗਿਆਂ ਦੇ ਚਲੇ ਜਾਣ ਤੋਂ ਵੀ ਅਭਿੱਜ ਨਜ਼ਰ ਆ ਰਹੇ ਹਨ। ਜਿੰਨੀ ਦੇਰ ਤੱਕ ਪਾਰਟੀ ਆਪਣੀ ਮਹਾਨਤਾ ਦੇ ਭਰਮ ’ਚੋਂ ਬਾਹਰ ਨਹੀਂ ਆਉਂਦੀ, ਉਦੋ ਤੱਕ ‘ਇੰਡੀਆ’ ਗੱਠਜੋੜ ਦੀ ਸਫਲਤਾ ਦੀ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ।
*ਲੇਖਕ ਸੀਨੀਅਰ ਪੱਤਰਕਾਰ ਹੈ।

Advertisement
Author Image

joginder kumar

View all posts

Advertisement
Advertisement
×