For the best experience, open
https://m.punjabitribuneonline.com
on your mobile browser.
Advertisement

ਰਾਖਵੇਂਕਰਨ ’ਤੇ 50 ਫ਼ੀਸਦੀ ਦੀ ਹੱਦ ਨੂੰ ਖ਼ਤਮ ਕਰੇਗਾ ਇੰਡੀਆ ਗੱਠਜੋੜ: ਰਾਹੁਲ

07:24 AM May 29, 2024 IST
ਰਾਖਵੇਂਕਰਨ ’ਤੇ 50 ਫ਼ੀਸਦੀ ਦੀ ਹੱਦ ਨੂੰ ਖ਼ਤਮ ਕਰੇਗਾ ਇੰਡੀਆ ਗੱਠਜੋੜ  ਰਾਹੁਲ
ਕੁਸ਼ੀਨਗਰ ਵਿੱਚ ਇਕਜੁੱਟਤਾ ਪ੍ਰਗਟਾਉਂਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਹੋਰ। -ਫੋਟੋ: ਏਐੱਨਆਈ
Advertisement

ਬਾਂਸਗਾਓਂ/ਵਾਰਾਣਸੀ, 28 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਰਿਜ਼ਰਵੇਸ਼ਨ ’ਤੇ 50 ਫ਼ੀਸਦੀ ਦੀ ਸੀਮਾ ਨੂੰ ਖਤਮ ਕਰਦਿਆਂ ਹੋਰ ਰਾਖਵਾਂਕਰਨ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਗੱਠਜੋੜ ‘ਦਿਲ, ਜਾਨ ਤੇ ਖੂਨ’ ਨਾਲ ਸੰਵਿਧਾਨ ਦੀ ਰੱਖਿਆ ਕਰੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨਗੇ।
ਉੱਤਰ ਪ੍ਰਦੇਸ਼ ਦੇ ਬਾਂਸਗਾਓਂ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘ਇਹ ਚੋਣਾਂ ਵਿਚਾਰਧਾਰਾ ਦੀ ਲੜਾਈ ਹਨ। ਇੱਕ ਪਾਸੇ ਇੰਡੀਆ ਗੱਠਜੋੜ ਅਤੇ ਸੰਵਿਧਾਨ ਹੈ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੇ ਹਨ।’ ਰਾਹੁਲ ਨੇ ਸੰਵਿਧਾਨ ਦੀ ਕਾਪੀ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਫੜ ਕੇ ਕਿਹਾ ਕਿ ਅੰਬੇਡਕਰ ਨੇ ਆਪਣਾ ਜੀਵਨ ਸੰਵਿਧਾਨ ਨੂੰ ਸਮਰਪਿਤ ਕੀਤਾ। ਦਲਿਤਾਂ ਨੇ ਸਾਲਾਂ ਤੱਕ ਅੱਤਿਆਚਾਰਾਂ ਦਾ ਸਾਹਮਣਾ ਕੀਤਾ। ਉਨ੍ਹਾਂ ਨੂੰ ਸਾਡੇ ਸੰਵਿਧਾਨ ਵਿੱਚ ਸਨਮਾਨ ਦਿੱਤਾ ਗਿਆ ਸੀ ਪਰ ਹੁਣ ਭਾਜਪਾ ਕਹਿੰਦੀ ਹੈ ਕਿ ਉਹ ਅੰਬੇਡਕਰ ਦੇ ਕੀਤੇ ਕੰਮਾਂ ਨੂੰ ਖਤਮ ਕਰ ਦੇਵੇਗੀ। ਰਾਹੁਲ ਨੇ ਕਿਹਾ ਕਿ ਕੋਈ ਵੀ ਤਾਕਤ ਡਾ. ਅੰਬੇਡਕਰ ਅਤੇ (ਜਵਾਹਰ ਲਾਲ) ਨਹਿਰੂ ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਨ ਦੀ ਹਿੰਮਤ ਨਹੀਂ ਕਰ ਸਕਦੀ। ਕਾਂਗਰਸ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਦਿਲੋ-ਜਾਨ ਨਾਲ ਸੰਵਿਧਾਨ ਦੀ ਰੱਖਿਆ ਕਰਨਗੇ।
ਕਾਂਗਰਸ ਆਗੂ ਨੇ ਵਾਰਾਣਸੀ ਵਿਚ ਰੈਲੀ ਵਿਚ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਅਗਲੇ ਪ੍ਰਧਾਨ ਮੰਤਰੀ ਨਹੀਂ ਬਣਨਗੇ। ਉਨ੍ਹਾਂ ਲੋਕਾਂ ਨੂੰ ਗਾਰੰਟੀ ਦਿੰਦਿਆਂ ਕਿਹਾ ਕਿ ਇੱਥੇ ਮੁਕਾਬਲਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਕਾਂਗਰਸ ਦੇ ਉਮੀਦਵਾਰ ਅਜੈ ਰਾਏ ਦਰਮਿਆਨ ਨਹੀਂ ਹੈ ਕਿਉਂਕਿ ਮੋਦੀ ਪ੍ਰਧਾਨ ਮੰਤਰੀ ਵਜੋਂ ਵਾਪਸ ਨਹੀਂ ਆਉਣਗੇ। ਗਾਂਧੀ ਨੇ ਕਿਹਾ, ‘‘ਮੈਂ ਤੁਹਾਨੂੰ ਗਾਰੰਟੀ ਨਾਲ ਦੱਸ ਰਿਹਾ ਹਾਂ ਕਿ 4 ਜੂਨ ਤੋਂ ਬਾਅਦ ਨਰਿੰਦਰ ਮੋਦੀ ਜੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੋਣਗੇ।’’ ਇਸ ਮੌਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਸੰਬੋਧਨ ਕੀਤਾ। ਵਾਰਾਣਸੀ ਵਿੱਚ ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖ਼ਰੀ ਪੜਾਅ ਵਿਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×