For the best experience, open
https://m.punjabitribuneonline.com
on your mobile browser.
Advertisement

ਵੋਟ ਬੈਂਕ ਖ਼ਾਤਰ ਮੁਜਰਾ ਕਰ ਰਿਹੈ ਇੰਡੀਆ ਗੱਠਜੋੜ: ਮੋਦੀ

07:30 AM May 26, 2024 IST
ਵੋਟ ਬੈਂਕ ਖ਼ਾਤਰ ਮੁਜਰਾ ਕਰ ਰਿਹੈ ਇੰਡੀਆ ਗੱਠਜੋੜ  ਮੋਦੀ
ਪਟਨਾ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਪਟਨਾ, 25 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ’ਤੇ ਦਲਿਤਾਂ ਤੇ ਪੱਛੜੇ ਵਰਗਾਂ ਦਾ ਰਾਖਵਾਂਕਰਨ ਖੋਹਣ ਦੀ ਕੋਸ਼ਿਸ਼ ਕਰਨ ਅਤੇ ਆਪਣੇ ਮੁਸਲਿਮ ਵੋਟ ਬੈਂਕ ਖਾਤਰ ਗੁਲਾਮੀ ਤੇ ‘ਮੁਜਰਾ’ ਕਰਨ ਦਾ ਦੋਸ਼ ਲਾਇਆ।
ਬਿਹਾਰ ਦੇ ਪਾਟਲੀਪੁਤਰ ਤੇ ਕਾਰਾਕਾਟ ਲੋਕ ਸਭਾ ਹਲਕਿਆਂ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ‘ਡਰ ਪੈਦਾ ਕਰਨ’ ਵਾਲੀਆਂ ਗਤੀਵਿਧੀਆਂ ਚਲਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਬਿਨਾਂ ਡਰ ਦੇ ਅਤਿਵਾਦ ਤੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ, ‘ਬਿਹਾਰ ਉਹ ਧਰਤੀ ਹੈ ਜਿਸ ਨੇ ਸਮਾਜਿਕ ਨਿਆਂ ਦੀ ਲੜਾਈ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਮੈਂ ਇਸ ਸੂਬੇ ਦੀ ਧਰਤੀ ਤੋਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੈਂ ਐੱਸਸੀ, ਐੱਸਟੀ ਤੇ ਓਬੀਸੀ ਦੇ ਹੱਕਾਂ ਨੂੰ ਲੁੱਟਣ ਤੇ ਉਨ੍ਹਾਂ ਨੂੰ ਮੁਸਲਮਾਨਾਂ ਨੂੰ ਦੇਣ ਦੀਆਂ ‘ਇੰਡੀਆ’ ਗੱਠਜੋੜ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦੇਵਾਂਗਾ। ਉਹ ਗੁਲਾਮ ਬਣੇ ਰਹਿ ਸਕਦੇ ਹਨ ਅਤੇ ਆਪਣੇ ਵੋਟ ਬੈਂਕ ਨੂੰ ਖੁਸ਼ ਕਰਨ ਲਈ ‘ਮੁਜਰਾ’ ਕਰ ਸਕਦੇ ਹਨ।’ ਮੋਦੀ ਨੇ ਇਹ ਵੀ ਦੋਸ਼ ਲਾਇਆ ਕਿ ਵਿਰੋਧੀ ਗੱਠਜੋੜ ਉਨ੍ਹਾਂ ਲੋਕਾਂ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ ਜੋ ‘ਵੋਟ ਜਹਾਦ’ ’ਚ ਸ਼ਾਮਲ ਹਨ। ਉਨ੍ਹਾਂ ਨਾਲ ਹੀ ਕਲਕੱਤਾ ਹਾਈ ਕੋਰਟ ਦੇ ਹੁਕਮ ਦਾ ਹਵਾਲਾ ਦਿੱਤਾ ਜਿਸ ’ਚ ਕਈ ਮੁਸਲਿਮ ਸਮੂਹਾਂ ਨੂੰ ਓਬੀਸੀ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਪੱਛਮੀ ਸਰਕਾਰ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ ਹੈ। ਮੋਦੀ ਨੇ ਦੋਸ਼ ਲਾਇਆ, ‘ਤਿਲੰਗਾਨਾ ਤੇ ਪੰਜਾਬ ਵਿੱਚ ਕਾਂਗਰਸ ਅਤੇ ਪੱਛਮੀ ਬੰਗਾਲ ’ਚ ਟੀਐੱਮਸੀ ਤੇ ਤਾਮਿਲ ਨਾਡੂ ’ਚ ਡੀਐੱਮਕੇ ਦੇ ਆਗੂ ਬਿਹਾਰ ਦੇ ਲੋਕਾਂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ ਪਰ ਇਨ੍ਹਾਂ ਆਰਜੇਡੀ ਦੇ ਲੋਕਾਂ ਵਿਚ ਇਸ ਦਾ ਵਿਰੋਧ ਕਰਨ ਦਾ ਹੌਸਲਾ ਨਹੀਂ ਹੈ, ਜੋ ਆਪਣੀ ਲਾਲਟੈਣ ਲੈ ਕੇ ‘ਮੁਜਰਾ’ ਕਰਦੇ ਰਹਿੰਦੇ ਹਨ। ਇਸੇ ਮਗਰੋਂ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਕਾਰ ’ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਸਾਡੀ ਸੈਨਾ ਦੇ ਜਵਾਨਾਂ ਨੂੰ ‘ਇੱਕ ਰੈਂਕ, ਇੱਕ ਪੈਨਸ਼ਨ’ ਤੱਕ ਨਾ ਮਿਲਣ ਦਿੱਤੀ। -ਪੀਟੀਆਈ

Advertisement

ਕੀ ਪ੍ਰਧਾਨ ਮੰਤਰੀ ਨੂੰ ਅਜਿਹੇ ਬਿਆਨ ਦੇਣੇ ਸੋਭਦੇ ਨੇ: ਐੱਨਸੀਪੀ (ਐੱਸਪੀ)

ਮੁੰਬਈ: ਐੱਨਸੀਪੀ (ਸ਼ਰਦਚੰਦਰ ਪਵਾਰ) ਨੇ ਅੱਜ ਇੰਡੀਆ ਬਲਾਕ ’ਤੇ ਆਪਣੇ ਵੋਟ ਬੈਂਕ ਲਈ ‘ਮੁਜਰਾ’ ਕਰਨ ਦਾ ਦੋਸ਼ ਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਜਿਹੇ ਬਿਆਨ ਦੇਣੇ ਸੋਭਦੇ ਹਨ। ਐੱਨਸੀਪੀ (ਐੱਸਪੀ) ਦੇ ਕਲਾਈਡ ਕਰੈਸਟੋ ਨੇ ਸੋਸ਼ਲ ਮੀਡੀਆ ’ਤੇ ਪੁੱਛਿਆ ਕਿ ਪ੍ਰਧਾਨ ਮੰਤਰੀ ਨੂੰ ‘ਐੱਮ’ ਅੱਖਰ ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ ਪ੍ਰਤੀ ਖਿੱਚ ਕਿਉਂ ਹੈ। ਉਨ੍ਹਾਂ ਐਕਸ ’ਤੇ ਲਿਖਿਆ, ‘ਐੱਮ ਅੱਖਰ ਪ੍ਰਤੀ ਇੰਨੀ ਖਿੱਚ ਕਿਉਂ ਹੈ? ਮੁਸਲਮਾਨ, ਮਛਲੀ, ਮੰਗਲਸੂਤਰ, ਮਟਨ ਤੇ ਹੁਣ ਮੁਜਰਾ। ਕੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਬੋਲਣਾ ਸੋਭਾ ਦਿੰਦਾ ਹੈ?’ -ਪੀਟੀਆਈ

ਮੱਛੀ, ਮਟਨ, ਮੰਗਲਸੂਤਰ ਮਗਰੋਂ ਹੁਣ ‘ਮੁਜਰੇ’ ਦੀ ਵਾਰੀ: ਆਰਜੇਡੀ

ਪਟਨਾ: ਪ੍ਰਧਾਨ ਮੰਤਰੀ ਦੀ ‘ਮੁਜਰਾ’ ਟਿੱਪਣੀ ’ਤੇ ਆਰਜੇਡੀ ਨੇ ਅੱਜ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਆਰਜੇਡੀ ਆਗੂ ਮਨੋਜ ਝਾਅ ਨੇ ਕਿਹਾ, ‘ਮੱਛੀ, ਮਟਨ ਤੇ ਮੰਗਲਸੂਤਰ ਮਗਰੋਂ ਹੁਣ ਮੁਜਰੇ ਦੀ ਵਾਰੀ ਹੈ। ਕੀ ਪ੍ਰਧਾਨ ਮੰਤਰੀ ਨੂੰ ਅਜਿਹੀ ਭਾਸ਼ਾ ਸੋਭਾ ਦਿੰਦੀ ਹੈ। ਉਨ੍ਹਾਂ ਸਮਾਜਕ ਚਰਚਾ ਦੇ ਸਾਰੇ ਨੇਮ ਤਾਰ-ਤਾਰ ਕਰ ਦਿੱਤੇ ਹਨ।’ ਝਾਅ ਨੇ ਪ੍ਰਧਾਨ ਮੰਤਰੀ ਦੀ ਮੁਸਲਮਾਨਾਂ ਨੂੰ ਰਾਖਵਾਂਕਰਨ ਸਬੰਧੀ ਟਿੱਪਣੀ ਖਾਰਜ ਕਰਦਿਆਂ ਦਾਅਵਾ ਕੀਤਾ, ‘ਇੱਥੋਂ ਤੱਕ ਕਿ ਗੁਜਰਾਤ ਵਿੱਚ ਵੀ ਮੁਸਲਮਾਨਾਂ ਨੂੰ ਪੱਛੜੇ ਵਰਗਾਂ ਦਾ ਰਾਖਵਾਂਕਰਨ ਮਿਲਿਆ ਹੋਇਆ ਹੈ ਜਿੱਥੇ ਦਹਾਕਿਆਂ ਤੋਂ ਭਾਜਪਾ ਸੱਤਾ ’ਚ ਹੈ ਤੇ ਖੁਦ ਮੋਦੀ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੇ ਹਨ।’ ਝਾਅ ਨੇ ਦਾਅਵਾ ਕੀਤਾ, ‘ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਜਿਸ ਜਾਤੀ ਨਾਲ ਸਬੰਧਤ ਹਨ, ਉਸ ਦੀ ਹਮਜਾਤ ਵੀ ਮੁਸਲਿਮ ਹੈ।’ ਉਨ੍ਹਾਂ ਕਿਹਾ, ‘ਸਾਡੇ ਪ੍ਰਧਾਨ ਮੰਤਰੀ ਨਾਲ ਮਤਭੇਦ ਰਹਿੰਦੇ ਹਨ। ਹੁਣ ਸਾਨੂੰ ਫਿਕਰ ਹੈ ਕਿ ਉਨ੍ਹਾਂ ਨੂੰ ਮੈਡੀਕਲ ਮਦਦ ਦੀ ਲੋੜ ਪੈ ਸਕਦੀ ਹੈ।’ -ਪੀਟੀਆਈ

ਮੋਦੀ ਜਿਹੇ ਸ਼ਬਦ ਇਤਿਹਾਸ ’ਚ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਵਰਤੇ: ਪ੍ਰਿਯੰਕਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਵੱਲੋਂ ਵਿਰੋਧੀ ਧਿਰ ਲਈ ‘ਮੁਜਰਾ’ ਸ਼ਬਦ ਦੀ ਵਰਤੋਂ ਕੀਤੇ ਜਾਣ ਦੀ ਅੱਜ ਕਾਂਗਰਸ ਨੇ ਆਲੋਚਨਾ ਕੀਤੀ ਤੇ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਉੱਤਰ ਪ੍ਰਦੇਸ਼ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘ਕੀ ਤੁਸੀਂ ਬਿਹਾਰ ’ਚ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ? ਉਨ੍ਹਾਂ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਦੇਸ਼ ਦੇ ਇਤਿਹਾਸ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਨਹੀਂ ਵਰਤੇ।’ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ, ‘ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਅਜਿਹੇ ਸ਼ਬਦ ਵਰਤਣੇ ਸੋਭਾ ਨਹੀਂ ਦਿੰਦੇ।’ ਉਨ੍ਹਾਂ ਐਕਸ ’ਤੇ ਲਿਖਿਆ, ‘ਅੱਜ ਮੈਂ ਪ੍ਰਧਾਨ ਮੰਤਰੀ ਦੇ ਮੂੰਹੋਂ ‘ਮੁਜਰਾ’ ਸ਼ਬਦ ਸੁਣਿਆ। ਮੋਦੀ ਜੀ ਇਹ ਕੀ ਹੈ? ਤੁਸੀਂ ਕੁਝ ਲੈਂਦੇ ਕਿਉਂ ਨਹੀਂ। ਹੋ ਸਕਦਾ ਹੈ ਕਿ ਗਰਮੀ ’ਚ ਚੋਣ ਪ੍ਰਚਾਰ ਕਾਰਨ ਉਨ੍ਹਾਂ ਦੇ ਦਿਮਾਗ ’ਤੇ ਕੁਝ ਜ਼ਿਆਦਾ ਹੀ ਅਸਰ ਪੈ ਗਿਆ ਹੈ।’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×