ਭਾਰਤ ਦਾ ਟੀਚਾ ਡਰੋਨ ਨਿਰਮਾਣ ’ਚ ਆਲਮੀ ਕੇਂਦਰ ਬਣਨਾ: ਰਾਜਨਾਥ
ਨਵੀਂ ਦਿੱਲੀ, 12 ਨਵੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦਾ ਟੀਚਾ ਡਰੋਨ ਨਿਰਮਾਣ ਦੇ ਖੇਤਰ ’ਚ ਆਲਮੀ ਕੇਂਦਰ ਬਣਨ ਦਾ ਹੈ ਕਿਉਂਕਿ ਨਵੀਆਂ ਤਕਨੀਕਾਂ ਜੰਗ ਦੇ ਢੰਗ-ਤਰੀਕਿਆਂ ’ਚ ਬੁਨਿਆਦੀ ਤਬਦੀਲੀਆਂ ਲਿਆ ਰਹੀ ਹੈ। ਇੱਥੇ ਮਨੋਹਰ ਪਰੀਕਰ ਇੰਸਟੀਚਿਊਟ ’ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਉੱਭਰਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਢੁੱਕਵਾਂ ਰੱਖਿਆ ਨਜ਼ਰੀਆ ਤਿਆਰ ਕਰ ਰਹੀ ਹੈ। ਇਸ ਬਾਰੇ ਵਿਸਤਾਰ ’ਚ ਦਸਦਿਆਂ ਉਨ੍ਹਾਂ ਕਿਹਾ ਕਿ ਢੁੱਕਵੀਂ ਰੱਖਿਆ ਦਾ ਮਤਲਬ ਸਿਰਫ਼ ਜੋ ਹੋਇਆ ਹੈ ਉਸ ਦਾ ਜਵਾਬ ਦੇਣਾ ਨਹੀਂ ਹੈ, ਬਲਕਿ ਜੋ ਹੋ ਸਕਦਾ ਹੈ ਉਸ ਦਾ ਅਨੁਮਾਨ ਲਾਉਣਾ ਅਤੇ ਸਰਗਰਮੀ ਨਾਲ ਉਸ ਦੀ ਤਿਆਰੀ ਕਰਨਾ ਵੀ ਹੈ। ਉਨ੍ਹਾਂ ਕਿਹਾ, ‘ਸੰਖੇਪ ’ਚ ਇਸ ਵਿੱਚ ਅਣਕਿਆਸੀਆਂ ਤੇ ਬਦਲਦੀਆਂ ਹਾਲਤਾਂ ਦਾ ਸਾਹਮਣਾ ਕਰਨ ਲਈ ਵੀ ਢੁੱਕਵੀਂ ਤੇ ਪ੍ਰਗਤੀ ਕਰਨ ਦੀ ਮਾਨਸਿਕਤਾ ਤੇ ਸਮਰੱਥਾ ਵਿਕਸਿਤ ਕਰਨਾ ਸ਼ਾਮਲ ਹੈ।’ ਉਨ੍ਹਾਂ ਕਿਹਾ ਕਿ ਸਥਿਤੀ ਆਧਾਰਿਤ ਜਾਗਰੂਕਤਾ, ਰਣਨੀਤੀ ਅਤੇ ਕੂਟਨੀਤਕ ਪੱਤਰ ’ਤੇ ਲਚਕਤਾ ਅਤੇ ਭਵਿੱਖ ਦੀਆਂ ਤਕਨੀਕਾਂ ਨਾਲ ਏਕੀਕਰਨ ਢੁੱਕਵੀਂ ਰੱਖਿਆ ਨੂੰ ਸਮਝਣ ਤੇ ਬਣਾਉਣ ਦੀ ਕੁੰਜੀ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਢੁੱਕਵੀਂ ਰੱਖਿਆ ਭਾਰਤ ਦੇ ਰਣਨੀਤਕ ਫਾਰਮੂਲੇਸ਼ਨ ਤੇ ਅਪਰੇਸ਼ਨਲ ਪ੍ਰਤੀਕਿਰਿਆਵਾਂ ਦਾ ਮੰਤਰ ਹੋਣਾ ਚਾਹੀਦਾ ਹੈ। ਉਨ੍ਹਾਂ ਢੁੱਕਵੀਂ ਰੱਖਿਆ ਨੂੰ ਨਾ ਸਿਰਫ਼ ਇੱਕ ਰਣਨੀਤਕ ਬਦਲ ਬਲਕਿ ਇੱਕ ਜ਼ਰੂਰੀ ਲੋੜ ਦੱਸਿਆ। ਉਨ੍ਹਾਂ ਕਿਹਾ, ‘ਜਿਵੇਂ ਜਿਵੇਂ ਸਾਡੇ ਦੇਸ਼ ਲਈ ਖਤਰੇ ਵਿਕਸਤ ਹੋਏ ਹਨ, ਸਾਡੀਆਂ ਰੱਖਿਆ ਪ੍ਰਣਾਲੀਆਂ ਤੇ ਰਣਨੀਤੀਆਂ ਵੀ ਵਿਕਸਤ ਹੋਣੀਆਂ ਚਾਹੀਦੀਆਂ ਹਨ। ਸਾਨੂੰ ਭਵਿੱਖ ਦੀਆਂ ਸਾਰੀਆਂ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਕਿਤੇ ਵੱਧ ਸਾਡਾ ਭਵਿੱਖ ਸੁਰੱਖਿਅਤ ਕਰਨ ਬਾਰੇ ਹੈ।’ -ਪੀਟੀਆਈ