ਭਾਰਤ ਵੱਲੋਂ ਨਾਗਰਿਕਾਂ ਨੂੰ ਇਜ਼ਰਾਈਲ ਅਤੇ ਇਰਾਨ ਦੀ ਯਾਤਰਾ ਨਾ ਕਰਨ ਦਾ ਮਸ਼ਵਰਾ
ਨਵੀਂ ਦਿੱਲੀ, 12 ਅਪਰੈਲ
ਸੀਰੀਆ ਵਿੱਚ 11 ਦਿਨ ਪਹਿਲਾਂ ਇਰਾਨੀ ਕੌਂਸੁਲੇਟ ’ਤੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਵਧਦੇ ਤਣਾਅ ਵਿਚਾਲੇ ਭਾਰਤ ਨੇ ਅੱਜ ਆਪਣੇ ਨਾਗਰਿਕਾਂ ਨੂੰ ਇਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਰਾਨ ਨੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਡਰ ਹੈ ਕਿ ਤਹਿਰਾਨ ਜਲਦੀ ਹੀ ਇਜ਼ਰਾਈਲ ’ਤੇ ਹਮਲਾ ਕਰ ਸਕਦਾ ਹੈ। ਮੰਤਰਾਲੇ ਨੇ ਇਕ ਐਡਵਾਈਜ਼ਰੀ ਵਿੱਚ ਇਰਾਨ ਤੇ ਇਜ਼ਰਾਈਲ ਵਿੱਚ ਰਹਿੰਦੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਬਾਰੇ ਵਧੇਰੇ ਸਾਵਧਾਨੀ ਵਰਤਣ ਅਤੇ ਆਪਣੀਆਂ ਗਤੀਵਿਧੀਆਂ ਘੱਟੋ-ਘੱਟ ਰੱਖਣ। ਮੰਤਰਾਲੇ ਨੇ ਕਿਹਾ, ‘‘ਖੇਤਰ ਵਿੱਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ।’’ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਉਹ ਸਭ ਜਿਹੜੇ ਇਸ ਸਮੇਂ ਇਰਾਨ ਜਾਂ ਇਜ਼ਰਾਈਲ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਉੱਥੇ ਭਾਰਤੀ ਦੂਤਾਵਾਸਾਂ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟਰੇਸ਼ਨ ਕਰਵਾਉਣ।’’ -ਪੀਟੀਆਈ