ਜਮਾਇਕਾ ਦੀ ਵਿਕਾਸ ਯਾਤਰਾ ’ਚ ਭਾਰਤ ਇਕ ਭਰੋਸੇਮੰਦ ਭਾਈਵਾਲ: ਮੋਦੀ
ਨਵੀਂ ਦਿੱਲੀ, 1 ਅਕੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਮਾਇਕਾ ਦੀ ਵਿਕਾਸ ਯਾਤਰਾ ਵਿੱਚ ਭਾਰਤ ਇਕ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਉਹ ਇਸ ਕੈਰੇਬਿਆਈ ਦੇਸ਼ ਦੇ ਨਾਲ ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਜੈਵਿਕ ਬਾਲਣ, ਨਵੀਨਤਾ ਅਤੇ ਸਿਹਤ ਸਣੇ ਕਈ ਖੇਤਰਾਂ ਵਿੱਚ ਮੁਹਾਰਤ ਸਾਂਝੀ ਕਰਨ ਲਈ ਤਿਆਰ ਹੈ। ਮੋਦੀ ਨੇ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡ੍ਰਿਊ ਹੋਲਨੈੱਸ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਇਹ ਟਿੱਪਣੀ ਕੀਤੀ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਹੋਲਨੈੱਸ ਨੇ ਖੇਤਰੀ ਅਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ ਅਤੇ ਇਸ ਗੱਲਬਾਤ ’ਤੇ ਸਹਿਮਤੀ ਪ੍ਰਗਟਾਈ ਕਿ ਸਾਰੇ ਤਣਾਵਾਂ ਅਤੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਆਲਮੀ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਇੱਕੋ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੀਆਂ। ਮੋਦੀ ਨੇ ਕਿਹਾ ਕਿ ਭਾਰਤ ਤੇ ਜਮਾਇਕਾ ਇਸ ਗੱਲ ’ਤੇ ਇਕਮੱਤ ਹਨ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਸਣੇ ਸਾਰੀਆਂ ਆਲਮੀ ਸੰਸਥਾਵਾਂ ਵਿੱਚ ਸੁਧਾਰ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਮਾਇਕਾ ਦੀ ਵਿਕਾਸ ਯਾਤਰਾ ਵਿੱਚ ਇਕ ਭਰੋਸੇਯੋਗ ਤੇ ਵਚਨਬੱਧ ਵਿਕਾਸ ਭਾਈਵਾਲ ਰਿਹਾ ਹੈ ਅਤੇ ਅੱਗੇ ਵੀ ਅਜਿਹਾ ਹੀ ਰਹੇਗਾ। ਪ੍ਰਧਾਨ ਮੰਤਰੀ ਨੇ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅਤਿਵਾਦ ਨੂੰ ਦੋਹਾਂ ਦੇਸ਼ਾਂ ਦੇ ਸਾਹਮਣੇ ਸਾਂਝੀ ਚੁਣੌਤੀਆਂ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ-ਜਮਾਇਕਾ ਸਬੰਧ ਸਾਂਝਾ ਇਤਿਹਾਸ, ਲੋਕਤੰਤਰੀ ਕੀਮਤਾਂ ਅਤੇ ਲੋਕਾਂ ਨਾਲ ਲੋਕਾਂ ਵਿਚਾਲੇ ਮਜ਼ਬੂਤ ਸਬੰਧਾਂ ’ਤੇ ਆਧਾਰਿਤ ਹਨ। ਹੋਲਨੈੱਸ ਅੱਜ ਭਾਰਤ ਪਹੁੰਚੇ। ਇਹ ਜਮਾਇਕਾ ਦੇ ਕਿਸੇ ਪ੍ਰਧਾਨ ਮੰਤਰੀ ਦੀ ਭਾਰਤ ਦੀ ਪਹਿਲੀ ਦੁਵੱਲੀ ਯਾਤਰਾ ਹੈ। -ਪੀਟੀਆਈ