ਆਜ਼ਾਦ ਉਮੀਦਵਾਰ ਗੁਰਦੀਪ ਬਾਠ ਵੱਲੋਂ ਸਮਰਥਕਾਂ ਸਮੇਤ ਮਾਰਚ
ਰਵਿੰਦਰ ਰਵੀ
ਬਰਨਾਲਾ, 18 ਨਵੰਬਰ
ਜ਼ਿਮਨੀ ਚੋਣ ’ਚ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੋਣ ਕਾਰਨ ਹਰ ਉਮੀਦਵਾਰ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰਾ ਜ਼ੋਰ ਲਾ ਰਿਹਾ ਸੀ। ‘ਆਪ’ ਤੋਂ ਬਾਗੀ ਹੋਏ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਬਾਠ ਵੱਲੋਂ ਫੁਹਾਰਾ ਚੌਕ ਦੇ ਦੁਸਹਿਰਾ ਗਰਾਊਂਡ ਤੋਂ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼ੁਰੂ ਕੀਤਾ ਗਿਆ ਮਾਰਚ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ ’ਚ ਲੰਘਿਆ।
ਇਸ ਦੌਰਾਨ ਹੰਡਿਆਇਆ ਅਤੇ ਧਨੌਲਾ ਵਾਸੀਆਂ ਦਾ ਪਿਆਰ ਕਬੂਲਦਿਆਂ ਉਨ੍ਹਾਂ ਵੋਟਰਾਂ ਨੂੰ ਵੋਟ ਜ਼ਰੂਰ ਪਾਉਣ ਦੀ ਭਾਵੁਕ ਅਪੀਲ ਕੀਤੀ। ਬੀਤੀ ਰਾਤ ਗੁਰਦੀਪ ਸਿੰਘ ਬਾਠ ਵੱਲੋਂ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਕੋਲ ਖਰਚਣ ਲਈ ਕੁੱਝ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਗੱਡੀਆਂ ਦਾ ਕੋਈ ਕਾਫਲਾ ਹੈ। ਉਹ ਤਾਂ ਹਰ ਵਰਕਰ ਦੀ ਹੱਕ ਸੱਚ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਖੁਦ ਹੀ ਆਪਣੇ ਇੰਤਜ਼ਾਮ ਕਰ ਕੇ ਆਖਰੀ ਦਿਨ ਕੱਢੇ ਜਾ ਰਹੇ ਮਾਰਚ ’ਚ ਸ਼ਾਮਲ ਹੋਣਾ ਹੈ। ਇਸ ਭਾਵੁਕ ਅਪੀਲ ਸਦਕਾ ਆਖਰੀ ਦਿਨ ਦੇ ਰੋਡ ਸ਼ੋਅ ’ਚ ਸ਼ਾਮਲ ਭਮੱਕੜਾਂ ਦੀ ਗਿਣਤੀ ਨੇ ਲੋਕਾਂ ’ਚ ਤਾਂ ਚਰਚਾ ਛੇੜੀ ਹੀ ਸਗੋਂ ਵਿਰੋਧੀਆਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਗੁਰਦੀਪ ਬਾਠ ਵੱਲੋਂ ਆਖ਼ਰੀ ਦਿਨ ਕੱਢੇ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਸਾਰੇ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀ ਰਣਨੀਤੀ ਨੂੰ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।