For the best experience, open
https://m.punjabitribuneonline.com
on your mobile browser.
Advertisement

ਆਜ਼ਾਦੀ ਦਿਹਾੜਾ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ

09:07 AM Aug 17, 2023 IST
ਆਜ਼ਾਦੀ ਦਿਹਾੜਾ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ
Advertisement

ਪੱਤਰ ਪ੍ਰੇਰਕ
ਬਠਿੰਡਾ, 16 ਅਗਸਤ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ), ਅਤੇ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਵੱਲੋਂ ਬਠਿੰਡਾ ਵਿਖੇ ਆਜ਼ਾਦੀ ਦਿਵਸ ਯੂਨੀਵਰਸਿਟੀ ਦੇ ਅਥਲੈਟਿਕ ਗਰਾਊਂਡ ਵਿੱਚ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਇਸ ਸਬੰਧੀ ਸਮਾਗਮ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਸੰਬੋਧਨ ਕੀਤਾ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿਰਸਾ ਵਿੱਚ ਵੱਖ-ਵੱਖ ਥਾਈਂ ਧੂਮ-ਧਾਮ ਨਾਲ ਸੁਤੰਤਰਤਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਹੋਇਆ, ਜਿਥੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕੌਮੀ ਝੰਡਾ ਲਹਿਰਾਇਆ ਤੇ ਪਰੇਡ ਦੀ ਸਲਾਮੀ ਲਈ।ਇਸੇ ਤਰ੍ਹਾਂ ਸੀਡੀਐੱਲਯੂ, ਜੇਸੀਡੀ ਤੋਂ ਇਲਾਵਾ ਸਕੂਲਾਂ ਤੇ ਕਾਲਜਾਂ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ
ਰਾਮਾਂ ਮੰਡੀ (ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਟਾਊਨਸ਼ਿਪ ਵਿੱਚ ਐੱਚਐੱਮਈਐਲ ਮਿੱਤਲ ਹਿੰਦੋਸਤਾਨ ਐਨਰਜੀ ਲਿਮਟਿਡ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਕੰਪਨੀ ਦੇ ਸੀਓ ਸ੍ਰੀ ਏਐਸ ਬਾਸੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਪੱਧਰ ਦਾ ਆਜ਼ਾਦੀ ਦਿਹਾੜਾ ਸਵਰਗੀ ਬਲਰਾਜ ਸਿੰਘ ਮੈਮੋਰੀਅਲ ਕਾਲਿਜ ਸਰਦੂਲਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਐੱਸਡੀਐੱਮ ਅਮਰਿੰਦਰ ਸਿੰਘ ਮੱਲੀ ਵੱਲੋਂ ਅਦਾ ਕੀਤੀ ਗਈ। ਪ੍ਰੋਗਰਾਮ ਦੌਰਾਨ ਐੱਸਡੀਐੱਮ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ ਵੀ ਵੰਡੇ ਗਏ।
ਕਾਲਾਂਵਾਲੀ(ਪੱਤਰ ਪ੍ਰੇਰਕ): ਇੱਥੋਂ ਦੀ ਡੱਬਵਾਲੀ ਰੋਡ ਸਥਿਤ ਬਿਸ਼ਨਾ ਮੱਲ ਜੈਨ ਸਕੂਲ ਵਿੱਚ ਮੁੱਖ ਮਹਿਮਾਨ ਕਾਲਾਂਵਾਲੀ ਦੇ ਐੱਸਡੀਐੱਮ ਸੁਰੇਸ਼ ਰਵੀਸ਼ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦੀ ਸਲਾਮੀ ਲਈ।ਇਸੇ ਦੌਰਾਨ ਮਾਤਾ ਪੁੰਨਾ ਦੇਵੀ ਡੀਏਵੀ ਸਕੂਲ, ਮਾਤਾ ਹਰਕੀ ਦੇਵੀ ਸਕੂਲ ਔਢਾਂ, ਸ੍ਰੀ ਚੈਤੰਨਿਆ ਟੈਕਨੋ ਸਕੂਲ ਕਾਲਾਂਵਾਲੀ , ਸਰਕਾਰੀ ਕੰਨਿਆ ਕਾਲਜ ਅਤੇ ਬਿਸ਼ਨਾ ਮੱਲ ਜੈਨ ਸਕੂਲ ਵਿੱਚ ਸਮਾਗਮ ਹੋਏ।
ਸਮਾਲਸਰ (ਪੱੱਤਰ ਪ੍ਰੇਰਕ): ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ (ਰੋਡੇ) ਵਿਚ ਰਾਸ਼ਟਰੀ ਝੰਡਾ ਸਕੂਲ ਮੁਖੀ ਦਿਲਬਾਗ ਸਿੰਘ ਬਰਾੜ ਅਤੇ ਸਟਾਫ਼ ਮੈਂਬਰਾਂ ਵੱਲੋਂ ਲਹਿਰਾਇਆ ਗਿਆ। ਸਕੂਲ ਮੁਖੀ ਦਿਲਬਾਗ ਸਿੰਘ ਦੀ ਅਗਵਾਈ ਹੇਠ ਕੁਇਜ ਕਰਵਾਏ ਅਤੇ ਜੇਤੂ ਵਿਦਿਆਰਥੀਆਂ ਨੂੰ ਅਧਿਆਪਕਾ ਕਿਰਨਦੀਪ ਕੌਰ ਵੱਲੋਂ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਸਟਾਫ਼ ਮੈਂਬਰ ਨਵਜੋਤ ਸਿੰਘ, ਗੁਰਮੀਤ ਸਿੰਘ, ਰਾਮ ਸਿੰਘ, ਜਸਵੀਰ ਸਿੰਘ,ਸਿਮਰਨਜੀਤ ਕੌਰ, ਜਸਪ੍ਰੀਤ ਕੌਰ, ਰਜਿੰਦਰ ਕੌਰ, ਸੁਰਿੰਦਰ ਕੌਰ, ਰਾਜਿੰਦਰ ਕੌਰ ਤੇ ਕਿਰਨਦੀਪ ਕੌਰ ਹਾਜ਼ਰ ਸਨ।

Advertisement

ਭੁੱਚੋ ਮੰਡੀ ਕੌਂਸਲ ਦਫ਼ਤਰ ਵਿੱਚ ਤਿਰੰਗਾ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਜੋਨੀ ਬਾਂਸਲ।-ਫੋਟੋ: ਗੋਇਲ

ਭੁੱਚੋ ਮੰਡੀ (ਪੱਤਰ ਪ੍ਰੇਰਕ): ਪਿੰਡ ਤੁੰਗਵਾਲੀ ਅਤੇ ਦਸ਼ਮੇਸ਼ ਨਗਰ ਦੀਆਂ ਪੰਚਾਇਤਾਂ ਵੱਲੋਂ ਪਿੰਡ ਦੇ ਕਾਮਾਗਾਟਾਮਾਰੂ ਪਾਰਕ ਵਿੱਚ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਮਨਾਇਆ ਗਿਆ। ਇਸ ਮੌਕੇ ਆਪ ਦੇ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬਲਜਿੰਦਰ ਕੌਰ ਮਾਹਲ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕੀਤਾ। ਇਸ ਮੌਕੇ ਕਾਮਾਗਾਟਾਮਾਰੂ ਦੇ ਸ਼ਹੀਦ ਸ਼ੇਰ ਸਿੰਘ ਧਾਲੀਵਾਲ ਦੇ ਪੋਤਰੇ ਨੀਟਾ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਸਿਲਵਰ ਓਕਸ ਸਕੂਲ ਲਹਿਰਾਬੇਗਾ, ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ, ਗੁਰੂ ਤੇਗ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ, ਲਿਟਲ ਕਿਡਜ਼ ਪਲੇਅ ਸਕੂਲ, ਲਿਟਲ ਫੂਟ ਪ੍ਰਿੰਟੇਸ ਪਲੇਅ ਸਕੂਲ, ਗਿਆਨ ਜੋਤੀ ਐਜੂਕੇਸ਼ਨ ਮੁਫ਼ਤ ਕੋਚਿੰਗ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ਭੁੱਚੋ ਮੰਡੀ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ। ਨਗਰ ਕੌਂਸਲ ਦਫ਼ਤਰ ਵਿੱਚ ਪ੍ਰਧਾਨ ਜ਼ੋਨੀ ਬਾਂਸਲ ਨੇ ਤਿਰੰਗਾ ਲਹਿਰਾਇਆ।

ਤਪਾ ਮੰਡੀ (ਪੱਤਰ ਪ੍ਰੇਰਕ): ਇੱਥੇ ਆਜ਼ਾਦੀ ਦਿਹਾੜਾ ਨਵੀਂ ਅਨਾਜ ਮੰਡੀ ਵਿੱਚ ਮਨਾਇਆ ਗਿਆਾ। ਮੁੱਖ ਮਹਿਮਾਨ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਸਨ। ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇੱਥੇ ਮਨਾਏ ਆਜ਼ਾਦੀ ਦਿਵਸ ਸਮਾਗਮ ਦੇ ਮੁੱਖ ਮਹਿਮਾਨ ਤਹਿਸੀਲਦਾਰ ਜਗਸੀਰ ਸਿੰਘ ਸਰਾਂ ਨੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਬੀਡੀਪੀਓ ਭੂਸ਼ਨ ਕੁਮਾਰ, ਕਾਰਜਸਾਧਕ ਅਫਸਰ ਦਵਿੰਦਰ ਸਿੰਘ ਤੂਰ, ਡੀਐਸਪੀ ਮਨਜੀਤ ਸਿੰਘ ਢੇਸੀ ,ਐੱਸਪੀ ਗੁਰਸ਼ਰਨ ਬੀਰ ਸਿੰਘ ਮੌਜੂਦ ਸਨ।
ਭਗਤਾ ਭਾਈ (ਪੱਤਰ ਪ੍ਰੇਰਕ): ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਵਿੱਚ ਸੁਤੰਤਰਤਾ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਅਵਤਾਰ ਸਿੰਘ ਭੰਗੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਪ ਪ੍ਰਿੰਸੀਪਲ ਰਾਮ ਸਿੰਘ ਰੌਂਤਾ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਰਮਨਦੀਪ ਕੌਰ, ਸੁਖਦੇਵ ਸਿੰਘ, ਨਰਿੰਦਰ ਕੁਮਾਰ, ਬਲਜਿੰਦਰ ਕੌਰ, ਸੰਦੀਪ ਕੌਰ ਹਾਜ਼ਰ ਸਨ।

ਬਾਬਾ ਜਸਵੰਤ ਸਿੰਘ ਸਕੂਲ ਰੌਂਤਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਪ੍ਰਿੰਸੀਪਲ ਅਵਤਾਰ ਸਿੰਘ ਭੰਗੂ। -ਫੋਟੋ: ਮਰਾਹੜ

ਜੈਤੋ (ਪੱਤਰ ਪ੍ਰੇਰਕ): ਇਥੇ ਖੇਡ ਸਟੇਡੀਅਮ ਵਿਚ ਮਨਾਏ ਗਏ ਸਬ ਡਿਵੀਜ਼ਨ ਪੱਧਰੀ ਆਜ਼ਾਦੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਐੱਸਡੀਐਮ ਜੈਤੋ ਡਾ. ਨਿਰਮਲ ਓਸੇਪਚਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਫ਼ਰੀਦਕੋਟ ਹਲਕੇ ਤੋਂ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਜੈਤੋ ਹਲਕੇ ਦੇ ਵਿਧਾਇਕ ਅਮੋਲਕ ਸਿੰਘ ਹਾਜ਼ਰ ਸਨ।
ਏਲਨਾਬਾਦ (ਪੱਤਰ ਪ੍ਰੇਰਕ): ਆਜ਼ਾਦੀ ਦਿਹਾੜਾ ਇੱਥੋਂ ਦੇ ਸਰਕਾਰੀ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਐੱਸਡੀਐੱਮ ਵੇਦ ਪ੍ਰਕਾਸ਼ ਬੈਨੀਵਾਲ ਨੇ ਕੌਮੀ ਝੰਡਾ ਲਹਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਲੰਬੀ (ਪੱਤਰ ਪ੍ਰੇਰਕ) : ਇੱਥੇ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਵਿੱਚ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਲਈ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਿੰਸੀਪਲ ਰਿਤੂ ਨੰਦਾ ਵੱਲੋਂ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।
ਬਰੇਟਾ (ਪੱਤਰ ਪ੍ਰੇਰਕ): ਇਥੇ ਆਜ਼ਾਦੀ ਦਿਵਸ ਅਨਾਜ ਮੰਡੀ ਵਿਖੇ ਨਗਰ ਕੌਂਸਲ ਬਰੇਟਾ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਗਾਂਧੀ ਰਾਮ ਵੱਲੋਂ ਅਦਾ ਕੀਤੀ ਗਈ ਅਤੇ ਥਾਣਾ ਮੁਖੀ ਬੂਟਾ ਸਿੰਘ ਦੀ ਅਗਵਾਈ ਵਿੱਚ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ।
ਡੱਬਵਾਲੀ (ਪੱਤਰ ਪ੍ਰੇਰਕ): ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡਿਅਮ ਵਿਖੇ ਕਰਵਾਏ ਉਪਮੰਡਲ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿੰਚ ਵਿਧਾਇਕ ਨੈਨਾ ਸਿੰਘ ਚੌਟਾਲਾ ਨੇ ਝੰਡਾ ਲਹਿਰਾਾਇਆ। ਸ਼ਹਿਣਾ (ਪੱਤਰ ਪ੍ਰੇਰਕ): ਇੱਥੇ ਆਰਪੀ ਇੰਟਰਨੈਸ਼ਨਲ ਸਕੂਲ ਸ਼ਹਿਣਾ ਵਿੱਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਨੈਸ਼ਨਲ ਐਵਾਰਡੀ, ਡਾਇਰੈਕਟਰ ਉਰਮਿਲਾ ਧੀਰ ਅਤੇ ਪ੍ਰਿੰਸੀਪਲ ਸੁਨੀਤਾ ਰਾਜ ਨੇ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਕੂੜੇ ਦੇ ਢੇਰਾਂ ’ਤੇ ਟੈਂਟ ਲਗਾ ਕੇ ਸਮਾਗਮ ਕਰਵਾਇਆ

ਭਦੌੜ (ਪੱਤਰ ਪ੍ਰੇਰਕ): ਇੱਥੇ ਨਗਰ ਕੌਂਸਲ ਦਫ਼ਤਰ ਵਿੱਚ ਪਏ ਕੂੜੇ ਦੇ ਢੇਰਾਂ ਕਾਰਨ ਆਜ਼ਾਦੀ ਦਿਹਾੜਾ ਸਮਾਗਮ ਫਿੱਕਾ ਰਿਹਾ ਜਿਸ ਨੂੰ ਲੈ ਕੇ ਸ਼ਹਿਰ ਵਾਸੀ ਮਾਯੂਸ ਨਜ਼ਰ ਆਏ ਤੇ ਕੌਂਸਲ ਦੇ ਪ੍ਰਬੰਧਕਾਂ ਤੇ ਖ਼ਫਾ ਵੀ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੌਂਸਲ ਦੇ ਪੱਕੇ ਅਤੇ ਕੱਚੇ ਸਫ਼ਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਹਨ। ਇਸ ਕਾਰਨ ਸ਼ਹਿਰ ਵਿੱਚ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਸਫ਼ਾਈ ਕਰਮਚਾਰੀਆਂ ਵੱਲੋਂ ਕੂੜੇ ਦੀ ਭਰੀ ਟਰਾਲੀ ਕੌਂਸਲ ਦਫ਼ਤਰ ਅੰਦਰ ਕੌਂਸਲ ਦੇ ਪ੍ਰਧਾਨ ਦੇ ਕਮਰੇ ਮੂਹਰੇ ਖੜ੍ਹੀ ਕੀਤੀ ਹੋਈ ਸੀ। ਕੌਂਸਲ ਪ੍ਰਧਾਨ ਦੀਆਂ ਹਦਾਇਤਾਂ ਤੇ ਕੂੜੇ ਦੇ ਢੇਰਾਂ ਨੂੰ ਟੈਂਟ ਲਗਾ ਕੇ ਢੱਕ ਦਿੱਤਾ ਗਿਆ। ਨਗਰ ਕੌਂਸਲ ਕੋਲੋਂ ਲੰਘਣ ਵਾਲਿਆਂ ਲਈ ਸਾਰਾ ਦਿਨ ਨਗਰ ਕੌਂਸਲ ਹਾਸੇ ਦਾ ਪਾਤਰ ਬਣੀ ਰਹੀ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਨਗਰ ਕੌਂਸਲ ਵਿੱਚ ਸਾਦਾ ਪਰੋਗਰਾਮ ਕਰਕੇ ਕੌਂਸਲ ਦੇ ਪ੍ਰਧਾਨ ਮੁਨੀਸ਼ ਕੁਮਾਰ ਵੱਲੋਂ ਝੰਡਾ ਲਹਿਰਾਇਆ ਗਿਆ। ਇਹ ਪਹਿਲੀ ਵਾਰ ਹੋਇਆ ਹੈਕਿ ਨਗਰ ਕੌਂਸਲ ਵਿੱਚ ਕੋਈ ਰੰਗਾਰੰਗ ਪ੍ਰੋਗਰਾਮ ਨਹੀਂ ਕਰਵਾਇਆ ਗਿਆ।

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਬਰਨਾਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਦਾਣਾ ਮੰਡੀ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਝੁੱਗੀ ਝੌਪੜੀ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨਾਲ ਭਾਜਪਾ ਸੈਨਿਕ ਸੈੱਲ ਅਤੇ ਰਣਯੋਧੇ ਵੀਰ ਫਾਊਂਡੇਸ਼ਨ ਬਰਨਾਲਾ ਵੱਲੋ ਆਜ਼ਾਦੀ ਦਿਹਾੜਾ ਗੁਰੂ ਨਾਨਕ ਦੇਵ ਸਲੱਮ ਸੰਸਥਾ ਵੱਲੋਂ ਚਲਾਏ ਜਾ ਰਹੇ ਸਕੂਲ ’ਚ ਮਨਾਇਆ ਗਿਆ। ਭਾਜਪਾ ਸੈਨਿਕ ਸੈੱਲ ਦੇ ਸੂਬਾ ਇੰਚਾਰਜ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਸੈਨਿਕਾਂ ਵੱਲੋ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 200 ਦੇ ਕਰੀਬ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਪੈਨਸਲਾਂ, ਰਬੜ, ਪੈਨ, ਚਿੱਟੇ ਰੁਮਾਲ ਵੰਡੇ ਗਏ।

Advertisement
Author Image

Advertisement
Advertisement
×