ਵੱਖ ਵੱਖ ਥਾਈਂ ਤਿਰੰਗਾ ਲਹਿਰਾ ਕੇ ਆਜ਼ਾਦੀ ਦਿਵਸ ਮਨਾਇਆ
ਪੱਤਰ ਪ੍ਰੇਰਕ
ਧਾਰੀਵਾਲ, 16 ਅਗਸਤ
ਸਮਾਜ ਸੇਵੀ ਸੰਸਥਾ ਵਾਈਸ ਆਫ ਧਾਰੀਵਾਲ ਵੱਲੋਂ ਸ਼ਹੀਦ ਭਗਤ ਸਿੰਘ ਚੌਕ ਧਾਰੀਵਾਲ ਵਿੱਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹਿਊਮਨ ਰਾਈਟਸ ਸੁਰੱਕਸ਼ਾ ਸੁਸਾਇਟੀ ਦੇ ਸੂਬਾ ਪ੍ਰਧਾਨ ਜਤਿੰਦਰ ਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਐਸਡੀਓ ਸੁਖਦੇਵ ਸਿੰਘ ਚਾਹਲ, ਸੇਵਾ ਮੁਕਤ ਐੱਸਪੀ ਚਰਨ ਸਿੰਘ ਚਾਹਲ ਅਤੇ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਸੰਸਥਾ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜੇ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਨਗਰ ਕੌਂਸਲ ਦਫਤਰ ਧਾਰੀਵਾਲ ਵਿੱਚ ਮਨਾਏ ਅਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): 78ਵੇਂ ਆਜ਼ਾਦੀ ਦਿਹਾੜੇ ’ਤੇ ਕਾਂਗਰਸ ਭਵਨ ਵਿੱਚ ਸਮਾਗਮ ਕੀਤਾ ਗਿਆ ਜਿਸ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ|
ਦਸੂਹਾ: ਇੱਥੇ ਮਾਤਾ ਰਾਣੀ ਚੌਕ ਵਿੱਚ ਆਜ਼ਾਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਪੰਚਾਇਤ ਸੰਮਤੀ ਸਟੇਡੀਅਮ ਵਿੱਚ ਉਪ ਮੰਡਲ ਪੱਧਰੀ ਸਮਾਰੋਹ ਵਿੱਚ ਐੱਸਡੀਐੱਮ ਦਸੂਹਾ ਪਰਦੀਪ ਸਿੰਘ ਬੈਂਸ (ਪੀਸੀਐਸ) ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਦਫਤਰ ਵਿੱਚ ਕੌਂਸਲ ਪ੍ਰਧਾਨ ਸੁੱਚਾ ਸਿੰਘ ਲੂਫਾ ਤੇ ਬਲੱਗਣਾ ਚੌਕ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਇਲਾਕੇ ਦੇ ਵੱਖ-ਵੱਖ ਥਾਵਾਂ ’ਤੇ ਆਜ਼ਾਦੀ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਸਥਾਨਿਕ ਤਹਿਸੀਲ ਕੰਪਲੈਕਸ ਵਿੱਚ ਮਨਾਏ ਤਹਿਸੀਲ ਪੱਧਰੀ ਆਜ਼ਾਦੀ ਦਿਵਸ ਮੌਕੇ ਐੱਸਡੀਐੱਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇੰਜ ਹੀ ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਕੰਵਰ ਨੀਲ ਕਮਲ ਅਤੇ ਵਾਈਸ ਪ੍ਰਿੰਸੀਪਲ ਐਂਥਨੀ ਮਸ਼ੀਹ ਨੇ ਸੰਯੁਕਤ ਰੂਪ ’ਚ ਰਾਸ਼ਟਰੀ ਤਿਰੰਗਾ ਲਹਿਰਾਇਆ।
ਤਲਵਾੜਾ (ਪੱਤਰ ਪ੍ਰੇਰਕ): ਇੱਥੇ ਦੇਸ਼ ਦੀ ਆਜ਼ਾਦੀ ਦਾ 78ਵਾਂ ਦਿਹਾੜਾ ਵੱਖ ਵੱਖ ਸੰਸਥਾਵਾਂ ਵੱਲੋਂ ਮਨਾਇਆ ਗਿਆ। ਨਗਰ ਕੌਂਸਲ ਤਲਵਾੜਾ ਵੱਲੋਂ ਸਥਾਨਕ ਸਬਜ਼ੀ ਮੰਡੀ ਚੌਕ ’ਤੇ ਰੱਖੇ ਸਮਾਗਮ ’ਚ ਵਿਧਾਇਕ ਕਰਮਬੀਰ ਘੁੰਮਣ ਨੇ 100 ਫੁੱਟ ਉੱਚਾ ਤਿਰੰਗਾ ਲਹਿਰਾਇਆ ਅਤੇ ਕਰੀਬ 16 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤੇ ਚੌਕ ਨੂੰ ਲੋਕਾਂ ਦੇ ਸਪੁਰਦ ਕੀਤਾ।
ਫਿਲੌਰ (ਪੱਤਰ ਪ੍ਰੇਰਕ): ਸਥਾਨਕ ਕਮਿਊਨਿਟੀ ਸੈਂਟਰ ’ਚ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸਡੀਐੱਮ ਫਿਲੌਰ ਅਮਨਪਾਲ ਸਿੰਘ ਅਤੇ ਪੰਜਾਬ ਪੁਲੀਸ ਅਕੈਡਮੀ ’ਚ ਡਾਇਰੈਕਟਰ ਅਨੀਤਾ ਪੁੰਜ ਨੇ ਝੰਡਾ ਲਹਿਰਾਇਆ। ਤਹਿਸੀਲ ਪੱਧਰੀ ਸਮਾਗਮ ’ਚ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਤੋਂ ਬਿਨਾਂ ਸਥਾਨਕ ਬੱਸ ਅੱਡੇ ’ਤੇ 103 ਫੁੱਟ ਉਚੇ ਪੋਲ ’ਤੇ ਪਹਿਲੀ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰ. ਪਰੇਮ ਕੁਮਾਰ ਨੇ ਝੰਡਾ ਲਹਿਰਾਇਆ।
ਅਜਨਾਲਾ (ਪੱਤਰ ਪ੍ਰੇਰਕ): ਆਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਸ਼ਹਿਰ ਦੀ ਉਦਯੋਗਿਕ ਸਿਖਲਾਈ ਸੰਸਥਾ ਦੇ ਖੁੱਲ੍ਹੇ ਮੈਦਾਨ ਵਿੱਚ ਤਹਿਸੀਲ ਪੱਧਰੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਐੱਸਡੀਐੱਮ ਅਜਨਾਲਾ ਅਰਵਿੰਦਰਪਾਲ ਸਿੰਘ ਨੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਰਈਆ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਬਾਬਾ ਬਕਾਲਾ ਵਿੱਚ 78ਵਾਂ ਆਜ਼ਾਦੀ ਦਿਹਾੜਾ ਇੱਥੇ ਗੁਰੂ ਤੇਗ਼ ਬਹਾਦਰ ਜੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਰਵਿੰਦਰ ਸਿੰਘ ਅਰੋੜਾ ਐੱਸਡੀਐੱਮ ਬਾਬਾ ਬਕਾਲਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਨਗਰ ਨਿਗਮ ਦਫ਼ਤਰ ’ਚ ਆਜ਼ਾਦੀ ਦਿਵਸ ਮਨਾਇਆ ਗਿਆ। ਮੇਅਰ ਸੁਰਿੰਦਰ ਕੁਮਾਰ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਧਾਰੀਵਾਲ (ਪੱਤਰ ਪ੍ਰੇਰਕ): ਬਾਬਾ ਬੰਦਾ ਸਿੰਘ ਪਬਲਿਕ ਸਕੂਲ ਧਾਰੀਵਾਲ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪ੍ਰਿੰਸੀਪਲ ਕਿਰਨ ਕੇਸਰ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਕਰਤਾਰਪੁਰ (ਪੱਤਰ ਪ੍ਰੇਰਕ): ਕਰਤਾਰਪੁਰ ਵਿੱਚ ਵੱਖ-ਵੱਖ ਥਾਵਾਂ ’ਤੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦਫਤਰ ਵਿੱਚ ਕਾਰਜਸਾਧਕ ਅਫਸਰ ਦੇਸ ਰਾਜ ਨੇ ਤਿਰੰਗਾ ਲਹਿਰਾਇਆ। ਰਾਮਗੜੀਆ ਕੋ ਐਜੂਕੇਸ਼ਨ ਹਾਈ ਸਕੂਲ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਸਾਬਕਾ ਪੁਲੀਸ ਅਧਿਕਾਰੀ ਰਜਿੰਦਰ ਸਿੰਘ ਨੇ ਤਿਰੰਗਾ ਲਹਿਰਾਇਆ। ਸਰਕਾਰੀ ਹਸਪਤਾਲ ਕਰਤਾਰਪੁਰ ਵਿੱਚ ਡਾਕਟਰ ਕਿਰਨ ਕੈਲਾਸ਼ ਨੇ ਤਿਰੰਗਾ ਲਹਿਰਾਇਆ। ਮਾਸਟਰ ਗੁਰਬੰਤਾ ਸਿੰਘ ਕਾਲਜ ਵਿੱਚ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਤਿਰੰਗਾ ਲਹਿਰਾਇਆ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਨਗਰ ਕੌਂਸਲ ਗੁਰਾਇਆ ਵਿੱਚ ਆਜ਼ਾਦੀ ਦਿਵਸ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਦੇ ਈਓ ਨੇ ਅਦਾ ਕੀਤੀ। ਇਸੇ ਤਰ੍ਹਾਂ ਐੱਸਟੀਐੱਸ ਵਰਲਡ ਸਕੂਲ ਦੇ ਵਿਹੜੇ ਵਿੱਚ ਆਜ਼ਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਕੂਲ ਦੀ ਚੇਅਰਪਰਸਨ ਮਾਲਤੀ ਸਨ। ਉਨ੍ਹਾਂ ਦਾ ਸਵਾਗਤ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਅਤੇ ਐਨ.ਸੀ.ਸੀ. ਬੈਂਡ ਦੁਆਰਾ ਕੀਤਾ ਗਿਆ। ਮੁੱਖ ਮਹਿਮਾਨ ਮਾਲਤੀ ਨੂੰ ਗੁਲਦਸਤਾ ਭੇਟ ਕੀਤਾ ਗਿਆ, ਉਪਰੰਤ ਚੇਅਰਪਰਸਨ ਮਾਲਤੀ ਅਤੇ ਪ੍ਰਿੰਸੀਪਲ ਪ੍ਰਭਜੋਤ ਗਿੱਲ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ।
ਅਟਾਰੀ (ਪੱਤਰ ਪ੍ਰੇਰਕ): ਲੋਕ ਭਲਾਈ ਮੰਚ ਪੰਜਾਬ ਦੇ ਅਹੁਦੇਦਾਰਾਂ ਨੇ ਮੰਚ ਦੇ ਮੁੱਖ ਦਫ਼ਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿੱਚ ਦੇਸ਼ ਦਾ ਆਜ਼ਾਦੀ ਦਿਵਸ ਮਨਾਇਆ। ਇਕੱਤਰਤਾ ਵਿੱਚ ਸੂਬਾਈ ਪ੍ਰਧਾਨ ਬਲਬੀਰ ਸਿੰਘ ਝਾਮਕਾ, ਸਰਦੂਲ ਸਿੰਘ ਢਪੱਈ, ਵਕੀਲ ਮਨਿੰਦਰ ਜੀਤ ਸਿੰਘ ਝਾਮਕਾ, ਹਰਦਿਆਲ ਸਿੰਘ ਹਮਦਰਦ ਆਦਿ ਨੇ ਦੱਸਿਆ ਕਿ ਦੇਸ਼ ਨੇ 77 ਸਾਲਾਂ ਵਿੱਚ ਕੀ ਪ੍ਰਾਪਤ ਕੀਤਾ ਤੇ ਕੀ ਗਵਾਇਆ ਹੈ। ਇਕੱਤਰਤਾ ਦੀ ਪ੍ਰਧਾਨਗੀ ਬਾਜ਼ ਸਿੰਘ ਭਰਾੜੀਵਾਲ ਨੇ ਕੀਤੀ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ 78ਵੇਂ ਆਜ਼ਾਦੀ ਦਿਵਸ ਮੌਕੇ ਗੈਸਟ ਹਾਊਸ ਲਾਅਨ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ, ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਸੁਰੱਖਿਆ ਅਫਸਰ ਅਮਰਬੀਰ ਸਿੰਘ ਚਾਹਲ ਤੋਂ ਇਲਾਵਾ ਹੋਰ ਅਮਲਾ ਹਾਜ਼ਰ ਸੀ।