ਕੌਮੀ ਰਾਜਧਾਨੀ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 13 ਅਗਸਤ
ਦਿੱਲੀ ਵਿੱਚ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਹੋਣ ਵਾਲੇ ਕੌਮੀ ਸਮਾਗਮ ਦੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਅੱਜ ਲਾਲ ਕਿਲੇ ’ਤੇ ਫੁੱਲ ਡਰੈੱਸ ਰਿਹਰਸਲ ਕੀਤੀ ਗਈ। ਇਸ ਤੋਂ ਇਲਾਵਾ ਰਾਜਧਾਨੀ ’ਚ 12 ਥਾਵਾਂ ’ਤੇ ਵੱਖ ਵੱਖ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਸੈਲਫੀ ਪੁਆਇੰਟ ਬਣਾਏ ਗਏ ਹਨ ਜਿਨ੍ਹਾਂ ’ਤੇ ਲੋਕ ਸੈਲਫੀਆਂ ਖਿੱਚ ਕੇ ਮੁਕਾਬਲੇ ’ਚ ਹਿੱਸਾ ਲੈ ਸਕਦੇ ਹਨ। ਦੂਜੇ ਪਾਸੇ ਦਿੱਲੀ ਪੁਲੀਸ ਨੇ ਸ਼ਹਿਰ ਵਿੱਚ ਭਾਰੀ ਵਾਹਨਾਂ ਦਾ ਦਾਖ਼ਲ ਬੰਦ ਕਰ ਦਿੱਤਾ ਹੈ। ਪੁਲੀਸ ਅਨੁਸਾਰ ਦਿੱਲੀ ਵਿੱਚ ਮੰਗਲਵਾਰ ਤੱਕ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ।
ਜਾਣਕਾਰੀ ਅਨੁਸਾਰ ਹਫ਼ਤਾਵਰੀ ਛੁੱਟੀਆਂ ਹੋਣ ਕਾਰਨ ਲੋਕਾਂ ਵਿੱਚ ਕੌਮੀ ਸਮਾਗਮ ’ਚ ਸ਼ਾਮਲ ਹੋਣ ਲਈ ਭਾਰੀ ਉਤਸ਼ਾਹ ਹੈ, ਜਿਸ ਦੀਆਂ ਤਿਆਰੀਆਂ ਵੱਜੋਂ ਉਨ੍ਹਾਂ ਵੱਲੋਂ ਤਿਰੰਗੇ ਝੰਡਿਆਂ ਵਾਲੇ ਪਤੰਗ, ਟੀ-ਸ਼ਰਟਾਂ ਤੇ ਹੋਰ ਸਾਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਦਿੱਲੀ ਦੇ ਬਾਜ਼ਾਰਾਂ ਤੋਂ ਇਲਾਵਾ ਹਰ ਚੌਕ ’ਤੇ ਕੌਮੀ ਝੰਡਿਆਂ ਦੀ ਵਿਕਰੀ ਹੁੰਦੀ ਦੇਖੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੁਲੀਸ ਨੇ ਦਿੱਲੀ ਤੇ ਐਨਸੀਆਰ ਵਿੱਚ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰ ਲਏ ਹਨ ਤੇ ਸੁਰੱਖਿਆ ਦਸਤਿਆਂ ਵੱਲੋਂ ਜ਼ਮੀਨ ਤੋਂ ਲੈਕੇ ਅਸਮਾਨ ਤੱਕ ਬਾਜ਼ ਅੱਖ ਰੱਖੀ ਹੋਈ ਹੈ। ਇੰਡੀਆ ਗੇਟ ਦੇ ਇਲਾਕੇ ਵਿੱਚ ਪਾਰਿੰਦਾ ਵੀ ਪਰ ਨਹੀਂ ਮਾਰ ਸਕਦਾ। ਦੂਜੇ ਪਾਸੇ ਦਿੱਲੀ ਟ੍ਰੈਫਿਕ ਪੁਲੀਸ ਨੇ ਇਸ ਇਲਾਕੇ ਵੱਲ ਜਾਂਦੀਆਂ ਸੜਕਾਂ ਦੀ ਆਵਾਜਾਈ ਬਦਲ ਦਿੱਤੀ ਹੈ। ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਨੇਤਾਜੀ ਸੁਭਾਸ਼ ਮਾਰਗ, ਐਸਪੀ ਮੁਖਰਜੀ ਮਾਰਗ, ਚਾਂਦਨੀ ਚੌਕ ਰੋਡ, ਨਿਸ਼ਾਦ ਰਾਜ ਮਾਰਗ, ਐਸਪਲੇਨੇਡ ਰੋਡ ਤੇ ਨੇਤਾਜੀ ਸੁਭਾਸ਼ ਮਾਰਗ ਨੂੰ ਜਾਣ ਵਾਲੀ ਲਿੰਕ ਰੋਡ, ਰਾਜਘਾਟ ਤੋਂ ਆਈਐਸਬੀਟੀ ਤੱਕ ਦੀ ਰਿੰਗ ਰੋਡ ਤੇ ਆਈਐਸਬੀਟੀ ਤੋਂ ਆਈਪੀ ਫਲਾਈਓਵਰ ਤੱਕ ਆਊਟਰ ਰਿੰਗ ਰੋਡ ਮੰਗਲਵਾਰ ਨੂੰ ਆਮ ਲਈ ਆਵਾਜਾਈ ਬੰਦ ਰਹੇਗੀ। ਪੁਲੀਸ ਅਨੁਸਾਰ ਜਿਨ੍ਹਾਂ ਵਾਹਨਾਂ ‘ਤੇ ਸੁਤੰਤਰਤਾ ਦਿਵਸ ਲਈ ਪਾਰਕਿੰਗ ਲੇਬਲ ਨਹੀਂ ਹਨ, ਉਹ ਸੀ-ਹੈਕਸਾਗਨ, ਇੰਡੀਆ ਗੇਟ, ਕੋਪਰਨਿਕਸ ਮਾਰਗ, ਮੰਡੀ ਹਾਊਸ, ਸਿਕੰਦਰਾ ਰੋਡ, ਡਬਲਯੂ ਪੁਆਇੰਟ, ਏ ਪੁਆਇੰਟ ਤਿਲਕ ਮਾਰਗ, ਮਥੁਰਾ ਰੋਡ, ਬੀਐਸਜ਼ੈਡ ਮਾਰਗ, ਨੇਤਾਜੀ ਸੁਭਾਸ਼ ਮਾਰਗ, ਜੇ ਐਲ ਨਹਿਰੂ ਮਾਰਗ, ਨਿਜ਼ਾਮੂਦੀਨ ਖੱਟਾ ਤੇ ਆਈਐਸਬੀਟੀ ਕਸ਼ਮੀਰੇ ਗੇਟ ਦੇ ਵਿਚਕਾਰ ਰਿੰਗ ਰੋਡ, ਨਿਜ਼ਾਮੂਦੀਨ ਖੱਟਾ ਤੋਂ ਆਈਐਸਬੀਟੀ ਕਸ਼ਮੀਰੀ ਗੇਟ ਤੱਕ ਸਲੀਮਗੜ੍ਹ ਬਾਈਪਾਸ ਰਾਹੀਂ ਬਾਹਰੀ ਰਿੰਗ ਰੋਡ ਤੋਂ ਆਪਣੀਆਂ ਮੰਜ਼ਿਲਾਂ ਵੱਲ ਜਾਣ।
ਕਾਬਿਲੇਗੌਰ ਹੈ ਕਿ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਅੱਜ ਦਿੱਲੀ ’ਚ ਸੁਤੰਤਰਤਾ ਦਿਵਸ ਤੋਂ ਪਹਿਲਾਂ ਹਰ ਘਰ ਤਿਰੰਗਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।