ਆਜ਼ਾਦੀ ਦਿਵਸ ਸਮਾਗਮ: ਸਿੰਗਲ ਯੂਜ਼ ਪਲਾਸਟਿਕ ਵਰਤੋਂ ਦੀ ਮਨਾਹੀ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 3 ਅਗਸਤ
ਪ੍ਰਸ਼ਾਸਨ ਨੇ ਸਬ-ਡਿਵੀਜ਼ਨ ਪੱਧਰ ’ਤੇ ਹੋਣ ਵਾਲੇ ਸੁਤੰਤਰਤਾ ਦਿਵਸ ਸਮਾਗਮਾਂ ਵਿੱਚ ਦੇਸ਼ ਭਗਤੀ, ਸੱਭਿਆਚਾਰਕ ਵਿਰਾਸਤ ਅਤੇ ਵਾਤਾਵਰਨ ਦੀ ਸੰਭਾਲ ਦੇ ਤੱਤਾਂ ਨੂੰ ਸ਼ਾਮਲ ਕਰਨ ਲਈ ਵਿਆਪਕ ਰਣਨੀਤੀ ਤਿਆਰ ਕਰਨ ਦਾ ਦਾਅਵਾ ਕੀਤਾ ਹੈ। ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਅਤੇ ਜਸ਼ਨਾਂ ਲਈ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਹਰ ਹਾਲਤ ਵਿੱਚ ਪਲਾਸਟਿਕ ਵਸਤੂਆਂ ’ਤੇ ਪਾਬੰਦੀ ਨੂੰ ਲਾਗੂ ਕੀਤੀ ਜਾਵੇ ਅਤੇ ਸਿਰਫ਼ ਦੇਸ਼ ਭਗਤੀ ਅਤੇ ਵਿਰਾਸਤੀ ਸੱਭਿਆਚਾਰਕ ਆਈਟਮਾਂ ਹੀ ਪੇਸ਼ ਕੀਤੀਆਂ ਜਾਣ। ਕਿਸੇ ਵੀ ਹਾਲਤ ਵਿੱਚ ਜਾਤ-ਪਾਤ ਅਤੇ ਨਸਲੀ ਵਿਤਕਰੇ ਵਾਲੀਆਂ ਉਹ ਆਈਟਮਾਂ ਨਾ ਪੇਸ਼ ਕੀਤੀਆਂ ਜਾਣ ਜਿਨ੍ਹਾਂ ਨਾਲ ਕਿਸੇ ਵਿਸ਼ੇਸ਼ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।
ਐੱਸਡੀਐੱਮ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸਮਾਗਮ ਦੇਸ਼ਭਗਤੀ ਦੇ ਨਾਲ-ਨਾਲ ਵਾਤਾਵਰਨ ਪੱਖੀ ਹੀ ਸਾਬਤ ਹੋਵੇ। ਇੱਥੋਂ ਦੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਣ ਵਾਲੇ ਸਮਾਗਮ ਦੀ ਤਿਆਰੀ ਸ਼ੁਰੂ ਕਰਵਾਉਣ ਵੇਲੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਮਾਗਮ ਦੀ ਸਾਰੀ ਰੂਪ ਰੇਖਾ ਸਮਝਾ ਦਿੱਤੀ ਗਈ ਹੈ ਅਤੇ ਸਮਾਂ ਰਹਿੰਦੇ ਸਫਾਈ ਪ੍ਰਬੰਧ ਪੂਰੇ ਕਰਨ ਲਈ ਕਿਹਾ ਗਿਆ ਹੈ। ਸਮਾਗਮ ਮੌਕੇ ਜੰਗਲਾਤ ਵਿਭਾਗ ਵੱਲੋਂ ਬੂਟੇ ਵੰਡੇ ਜਾਣਗੇ ਤੇ ਨਗਰ ਕੌਂਸਲਾਂ, ਖੇਤੀਬਾੜੀ ਵਿਭਾਗ, ਇਸਤਰੀ ਤੇ ਬਾਲ ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਕੰਮਕਾਜ ਅਤੇ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਝਾਕੀਆਂ ਤੇ ਸਟਾਲਾਂ ਲਗਾਉਣ ਲਈ ਵੀ ਕਿਹਾ ਗਿਆ ਹੈ।