ਆੜ੍ਹਤੀਆਂ ਵੱਲੋਂ ਮੰਡੀਆਂ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ
ਪੱਤਰ ਪ੍ਰੇਰਕ
ਜਲੰਧਰ, 11 ਅਕਤੂਬਰ
ਫੈਡਰੇਸ਼ਨ ਆਫ ਕੱਚਾ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਪੰਜਾਬ ਅੰਦਰ ਝੋਨੇ ਦੇ ਖ਼ਰੀਦ ਸਬੰਧੀ ਸਰਕਾਰ ਵੱਲੋਂ ਕਮਿਸ਼ਨ ਘੱਟ ਦੇਣ ਅਤੇ ਆਪਣੀਆਂ ਹੋਰ ਮੰਗਾਂ ਮਨਵਾਉਣ ਲਈ ਪੰਜਾਬ ਵਿੱਚ ਕੀਤੀ ਜਾ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਤਹਿਤ ਅੱਜ ਜਲੰਧਰ ਜ਼ਿਲ੍ਹੇ ਅਧੀਨ ਆਉਂਦੀਆਂ ਸਮੂਹ ਮੰਡੀਆਂ ਦੇ ਆੜ੍ਹਤੀਆਂ ਦੀ ਮੀਟਿੰਗ ਹੋਈ। ਵੱਖ ਵੱਖ ਮੰਡੀਆਂ ਵਿੱਚ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਮਾਰਕੀਟ ਕਮੇਟੀ ਦਫ਼ਤਰ ਪਹੁੰਚ ਕੇ ਸਕੱਤਰ ਵਨਿੋਦ ਕੁਮਾਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਾਈਸ ਪ੍ਰਧਾਨ ਰਮਨ ਪੁਰੰਗ ਬੌਬੀ ਨੇ ਦੱਸਿਆ ਕਿ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿੱਥੇ ਪਹਿਲਾਂ ਕਮਿਸ਼ਨ 2.5 ਫ਼ੀਸਦੀ ਸੀ ਤੇ ਹੁਣ ਪੰਜਾਬ ਸਰਕਾਰ 45.88 ਰੁਪਏ ਕੁਇੰਟਲ ’ਤੇ ਦੇ ਰਹੀ ਹੈ। ਇਸ ਦੇ ਨਾਲ ਨਾਲ ਐਫਸੀਆਈ ਵੱਲੋਂ ਵੀ ਬਣਦੀ ਲੇਬਰ ਵਿੱਚ ਲਗਾਇਆ ਜਾ ਰਿਹਾ ਕੱਟ ਅਤੇ ਬਿਜਲੀ ਵਾਲੇ ਕੰਡੇ ਲਗਵਾਉਣ ਦੇ ਖ਼ਰੀਦ ਏਜੰਸੀਆਂ ਦੇ ਹੁਕਮਾਂ ਨੂੰ ਵਾਪਸ ਨਾ ਲੈਣ ’ਤੇ ਆੜ੍ਹਤੀਆਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਇਸ ਵਿਰੁੱਧ ਫੈੱਡਰੇਸ਼ਨ ਆਫ ਕੱਚਾ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਵਿਜੇ ਕਾਲਰਾ ਵੱਲੋਂ ਖ਼ਰੀਦ ਨਾ ਕਰਨ ਸਬੰਧੀ ਅਣਮਿੱਥੇ ਸਮੇਂ ਦੀ ਹੜਤਾਲ ਦੀ ਕਾਲ ’ਤੇ ਬਲਾਕ ਆਦਮਪੁਰ ਦੇ ਸਮੂਹ ਆੜ੍ਹਤੀ ਤਨਦੇਹੀ ਨਾਲ ਪਹਿਰਾ ਦੇਣਗੇ ਅਤੇ ਸਾਰੀਆਂ ਮੰਗਾਂ ਮੰਨੇ ਨਹੀਂ ਤਾਂ ਕਿਸੇ ਵੀ ਮੰਡੀ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਗੁਰਮੀਤ ਸਿੰਘ ਬਲਾਕ ਵਾਈਸ ਪ੍ਰਧਾਨ, ਮਨੀਸ਼ ਗੁਪਤਾ ਬਲਾਕ ਸਕੱਤਰ, ਆਸ਼ੀਸ਼ ਗੁਪਤਾ, ਜਸਵੰਤ ਸਿੰਘ, ਪਵਨ ਆਵਲ, ਸਾਬਹੀ ਸਿੰਘ, ਆਸ਼ੀਸ਼ ਗੁਪਤਾ ਰੌਕੀ, ਆਸ਼ੂ ਗੁਪਤਾ, ਵਨਿੀਤ ਗੁਪਤਾ ਅਤੇ ਹੋਰ ਹਾਜ਼ਰ ਸਨ।