ਖਰੜ ਨਗਰ ਕੌਂਸਲ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ
ਸ਼ਸ਼ੀ ਪਾਲ ਜੈਨ
ਖਰੜ, 5 ਸਤੰਬਰ
ਨਗਰ ਕੌਂਸਲ ਯੂਨੀਅਨ ਨੇ ਵਾਰਡ ਨੰਬਰ-15 ਦੀ ਕੌਂਸਲਰ ਦੇ ਪਤੀ ’ਤੇ ਕਥਿਤ ਅਪਸ਼ਬਦ ਬੋਲਣ ਦਾ ਦੋਸ਼ ਲਾਉਂਦਿਆਂ ਕੌਂਸਲ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ। ਹਾਲਾਂਕਿ, ਕੌਂਸਲਰ ਦੇ ਪਤੀ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਯੂਨੀਅਨ ਆਗੂਆਂ ਨੇ ਕੌਂਸਲਰ ਮੇਹਰ ਕੌਰ ਦੇ ਪਤੀ ਧਨਵੰਤ ਸਿੰਘ ਛਿੰਦਾ ’ਤੇ ਕੌਂਸਲ ਦੇ ਇੱਕ ਮੁਲਾਜ਼ਮ ਨੂੰ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਾਇਆ।
ਯੂਨੀਅਨ ਦੇ ਪ੍ਰਧਾਨ ਪ੍ਰਦੀਪ ਕੁਮਾਰ, ਰਣਜੀਤ ਸਿੰਘ ਅਤੇ ਹੋਰਨਾਂ ਨੇ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਂਸਲਰ ਦੇ ਪਤੀ ਵੱਲੋਂ ਉਨ੍ਹਾਂ ਦੇ ਇੱਕ ਦਫ਼ਤਰ ਵਿਚ ਡਰਾਈਵਰ ਦੀ ਆਰਜ਼ੀ ਡਿਊਟੀ ਦੇ ਰਹੇ ਮੁਲਾਜ਼ਮ ’ਤੇ ਕਥਿਤ ਜਾਤੀਸੂਚਕ ਸ਼ਬਦ ਬੋਲਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਵਤੀਰੇ ਕਾਰਨ ਕਰਮਚਾਰੀ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁਝ ਦਿਨਾਂ ਪਹਿਲਾਂ ਨਗਰ ਕੌਂਸਲ ਦੀ ਮੀਟਿੰਗ ਵਿੱਚ ਕਰਮਚਾਰੀਆਂ ਦੇ ਕਈ ਮਸਲੇ ਪਾਸ ਕਰਵਾਉਣੇ ਸਨ ਪਰ ਉਨ੍ਹਾਂ ਨੇ ਮੀਟਿੰਗ ਕਥਿਤ ਤੌਰ ’ਤੇ ਮੁਲਤਵੀ ਕਰਵਾ ਦਿੱਤੀ।
ਉਨ੍ਹਾਂ ਖਰੜ ਦੇ ਡੀਐੱਸਪੀ ਨੂੰ ਕੌਂਸਲਰ ਦੇ ਪਤੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਉਧਰ, ਸੰਪਰਕ ਕਰਨ ’ਤੇ ਧਨਵੰਤ ਸਿੰਘ ਛਿੰਦਾ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਕਿਹਾ ਕਿ ਉਹ ਵੀ ਨਗਰ ਕੌਂਸਲ ਦਾ ਮੁਲਾਜ਼ਮ ਰਿਹਾ ਹੈ ਪਰ ਉਸਦੀ ਪਤਨੀ ਕੌਂਸਲਰ ਹੋਣ ਦੇ ਬਾਵਜੂਦ ਉਸ ਨੂੰ ਰੰਜ਼ਿਸ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸਨੇ ਕਿਸੇ ਨੂੰ ਕੋਈ ਅਪਸ਼ਬਦ ਨਹੀਂ ਬੋਲੇ।
ਸਾਬਕਾ ਕੌਂਸਲਰ ਵੱਲੋਂ ਧਰਨੇ ਦੀ ਚਿਤਾਵਨੀ
ਖਰੜ (ਪੱਤਰ ਪ੍ਰੇਰਕ): ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਕਮਲ ਕਿਸ਼ੋਰ ਕਾਲਾ ਵੱਲੋਂ ਖਰੜ ਦੇ ਐੱਸਡੀਐੱਮ ਨੂੰ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਵਾਰਡ ਨੰਬਰ 23 ਵਿੱਚ ਠੇਕੇਦਾਰ ਵੱਲੋਂ ਪਹਿਲਾਂ ਤੋਂ ਅਲਾਟ ਕੀਤੇ ਵਿਕਾਸ ਕਾਰਜ ਸ਼ੁਰੂ ਨਾ ਕਰਵਾਏ ਗਏ ਤਾਂ ਉਹ ਵਾਰਡ ਵਾਸੀਆਂ ਨਾਲ ਲੈ ਕੇ ਖਰੜ ਦੇ ਬੱਸ ਸਟੈਂਡ ’ਤੇ ਧਰਨਾ ਦੇਣਗੇ।