ਕਲਰਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ
ਪੱਤਰ ਪ੍ਰੇਰਕ
ਯਮੁਨਾਨਗਰ, 5 ਜੁਲਾਈ
ਤਨਖ਼ਾਹਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਅੱਜ 125 ਸਰਕਾਰੀ ਵਿਭਾਗਾਂ ਦੇ ਕਲਰਕ ਯਮੁਨਾਨਗਰ ਸਕੱਤਰੇਤ ਅੱਗੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠ ਗਏ ਹਨ। ਇਸ ਦੌਰਾਨ ਕਲਰਕਾਂ ਨੇ ਯਮੁਨਾਨਗਰ ਸਥਿਤ ਪੰਚਾਇਤ ਭਵਨ ਤੋਂ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ। ਇਸ ਮੌਕੇ ਕਲਰਕ ਸੰਘਰਸ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਜੈਨ ਨੇ ਦੱਸਿਆ ਕਿ ਅੱਜ ਪੂਰੇ ਸੂਬੇ ਵਿੱਚ 125 ਸਰਕਾਰੀ ਵਿਭਾਗਾਂ ਦੇ ਕਲਰਕ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਲਰਕਾਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਤਨਖਾਹ ਨਹੀਂ ਦਿੱਤੀ ਜਾ ਰਹੀ। ਇੰਨਾ ਹੀ ਨਹੀਂ ਉਨ੍ਹਾਂ ਕੋਲੋਂ ਉਹ ਸਾਰੇ ਵੱਖ-ਵੱਖ ਤਰ੍ਹਾਂ ਦੇ ਕੰਮ ਲਏ ਜਾਂਦੇ ਹਨ, ਜਿਸ ਲਈ ਉਹ ਪਾਬੰਦ ਨਹੀਂ ਹਨ। ਉਨ੍ਹਾਂ ਕਿਹਾ ਕਿ ਕਲਰਕਾਂ ਨੂੰ ਦਿੱਤੀ ਜਾ ਰਹੀ 19 ਹਜ਼ਾਰ 900 ਰੁਪਏ ਤਨਖਾਹ ਬਹੁਤ ਘੱਟ ਹੈ ਜੋ ਕਿ ਵਧਾ ਕੇ 35 ਹਜ਼ਾਰ 400 ਰੁਪਏ ਕੀਤੀ ਜਾਣੀ ਚਾਹੀਦੀ ਹੈ। ਤਨਖਾਹ ਵਿੱਚ ਵਾਧੇ ਨੂੰ ਲੈ ਕੇ ਉਨ੍ਹਾਂ ਅਦਾਲਤ ’ਚ ਕੇਸ ਵੀ ਕੀਤਾ ਹੋਇਆ ਹੈ ਪਰ ਇਸ ਦੇ ਜਵਾਬ ਵਿੱਚ ਸਰਕਾਰ ਦੇ ਪੱਖ ਤੋਂ ਸਪੱਸ਼ਟ ਕਿਹਾ ਗਿਆ ਹੈ ਕਿ ਕਲਰਕ ਦਾ ਕੰਮ ਸਿਰਫ਼ ਡਾਇਰੀ ਭੇਜਣਾ ਅਤੇ ਰਿਕਾਰਡ ਰੱਖਣ ਦਾ ਕੰਮ ਹੈ। ਫਿਰ ਵੀ ਕਲਰਕਾਂ ਤੋਂ ਪੋਰਟਲ ਸਮੇਤ ਵਿਭਾਗਾਂ ਦੇ ਵੱਖ-ਵੱਖ ਕੰਮ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੰਗਾਂ ਮੰਨੀਆਂ ਜਾਣ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਇਹ ਉਨ੍ਹਾਂ ਦੀ ਮਜਬੂਰੀ ਹੈ।