ਮੁੱਖ ਮੰਤਰੀ ਦੇ ਧੂਰੀ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅੱਜ ਤੋਂ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ ਸ਼ੇਰਪੁਰ, 31 ਅਗਸਤ
ਕੰਪਿਊਟਰ ਅਧਿਆਪਕਾਂ ਦੂਆਰਾ ਪੰਜਾਬ ਦੀ ਲਾਰਾ ਲੱਪ ਤੇ ਡੰਗ ਟਪਾਊ ਨੀਤੀ ਦੇ ਵਿਰੁੱਧ ਧੂਰੀ(ਸੰਗਰੂਰ) ਵਿੱਚ ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਕੀਤੀ ਜਾ ਰਹੀ ਭੁੱਖ ਹੜਤਾਲ ਦੀ ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਹਮਾਇਤ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਅਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਜਾਰੀ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਕੰਪਿਊਟਰ ਅਧਿਆਪਕਾਂ ਦੀ ਮੰਗ ਹੈ ਕਿ ਉਨ੍ਹਾਂ ਦੁਆਰਾ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਪੇਅ -ਪ੍ਰੋਟੈਕਟ ਕਰਦੇ ਹੋਏ ਮਰਜ ਕੀਤਾ ਜਾਵੇ, ਉਨ੍ਹਾਂ ’ਤੇ ਨਿਯਮਾਂ ਅਨੁਸਾਰ ਬਣਦਾ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਗਵਰਨਰ ਦੁਆਰਾ ਹਸਤਾਖਰ ਨੋਟੀਫਿਕਸ਼ਨ ਇੰਨ ਬਿੰਨ ਲਾਗੂ ਕਰਦੇ ਹੋਏ ਪੰਜਾਬ ਸਿਵਿਲ ਸੇਵਾਵਾਂ ਨਿਜ਼ਮ ਲਾਗੂ ਕੀਤੇ ਜਾਣ। ਪੰਜਾਬ ਸਰਕਾਰ ਦੁਆਰਾ ਪਹਿਲਾਂ ਵੀ ਲੰਬੇ ਸਮੇਂ ਤੋਂ ਕੰਪਿਊਟਰ ਅਧਿਆਪਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕੰਪਿਊਟਰ ਅਧਿਆਪਕਾਂ ਨੇ ਸਖ਼ਤੀ ਨਾਲ ਫੈਸਲਾ ਲਿਆ ਕਿ ਹੁਣ ਪੰਜਾਬ ਸਰਕਾਰ ਵਿਰੁੱਧ ਰੋਸ ਵੱਜੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਅਤੇ ਹੁਣ 1 ਸਤੰਬਰ ਤੋਂ ਭੁੱਖ ਹੜਤਾਲ/ਮਰਨ ਵਰਤ ਦੀ ਸ਼ੁਰੂਆਤ ਧੂਰੀ(ਸੰਗਰੂਰ) , ਮੁੱਖ ਮੰਤਰੀ ਦਫ਼ਤਰ ਦੇ ਸਾਹਮਣੇ ਕੀਤੀ ਜਾਵੇਗੀ।