ਇਨਸਾਫ਼ ਲਈ ਡੀਐੱਸਪੀ ਦਫ਼ਤਰ ਅੱਗੇ ਅਣਮਿਥੇ ਸਮੇਂ ਲਈ ਧਰਨਾ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 14 ਅਗਸਤ
ਪਿੰਡ ਮੀਏਂਵਾਲ ਅਰਾਈਆਂ ਦੇ ਨੌਜਵਾਨ ਦੀ ਕੁੱਟਮਾਰ ਅਤੇ ਪਿੰਡ ਪੂਨੀਆ ਦੀ ਘਟਨਾ ਸਬੰਧੀ ਢਿੱਲੀ ਪੁਲੀਸ ਕਾਰਵਾਈ ਖ਼ਿਲਾਫ਼ ਜਬਰ ਵਿਰੋਧੀ ਸੰਘਰਸ਼ ਕਮੇਟੀ ਸ਼ਾਹਕੋਟ ਨੇ ਅੱਜ ਡੀਐੱਸਪੀ ਦਫ਼ਤਰ ਸ਼ਾਹਕੋਟ ਅੱਗੇ ਅਣਮਿਥੇ ਸਮੇਂ ਲਈ ਦਿਨ/ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ। ਸੰਘਰਸ਼ ਕਮੇਟੀ ਤੇ ਡੀਐੱਸਪੀ ਦਰਮਿਆਨ ਇਨ੍ਹਾਂ ਮਸਲਿਆਂ ਦੇ ਹੱਲ ਲਈ ਤਿੰਨ ਵਾਰ ਮੀਟਿੰਗ ਹੋਈ।
ਇਸ ਦੇ ਸਿਰੇ ਨਾ ਚੜ੍ਹਨ ਕਾਰਨ ਸੰਘਰਸ਼ ਕਮੇਟੀ ਨੇ ਦਿਨ/ਰਾਤ ਦਾ ਪੱਕਾ ਧਰਨਾ ਮੰਗਾਂ ਮੰਨੇ ਜਾਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਦੇ ਧਰਨੇ ਨੂੰ ਸੰਘਰਸ਼ ਕਮੇਟੀ ਵੱਲੋਂ ਵਰਿੰਦਰ ਪਾਲ ਸਿੰਘ ਕਾਲਾ, ਚਰਨਜੀਤ ਥੰਮੂਵਾਲ, ਜਸਕਰਨਜੀਤ ਸਿੰਘ ਕੰਗ, ਕੇਵਲ ਸਿੰਘ ਦਾਨੇਵਾਲ, ਨਿਰਮਲ ਸਿੰਘ ਮਲਸੀਆਂ, ਸਤਪਾਲ ਸਹੋਤਾ, ਮੇਜਰ ਸਿੰਘ ਖੁਰਲਾਪੁਰ, ਗੁਰਬਖ਼ਸ਼ ਕੌਰ, ਸਿਕੰਦਰ ਸੰਧੂ, ਅਸ਼ੋਕ ਕੁਮਾਰ ਕਾਂਗਣਾ, ਬਾਬਾ ਅਜੀਤ ਸਿੰਘ ਅਤੇ ਆਂਗਣਵਾੜੀ ਵਰਕਰਜ਼ ਯੂਨੀਅਨ ਵੱਲੋਂ ਸੁਨੀਤਾ ਰਾਣੀ ਨੇ ਸੰਬੋਧਨ ਕੀਤਾ। ਸਮੂਹ ਬੁਲਾਰਿਆਂ ਨੇ ਕਿਹਾ ਕਿ ਸ਼ਾਹਕੋਟ ਪੁਲੀਸ ਸੱਤਾਧਾਰੀਆਂ ਦੀ ਸਹਿ ’ਤੇ ਆਮ ਲੋਕਾਂ ਨਾਲ ਘੋਰ ਬੇਇਨਸਾਫ਼ੀ ਕਰ ਰਹੀ ਹੈ। ਪੁਲੀਸ ਕੋਲੋਂ ਇਨਸਾਫ਼ ਲੈਣ ਲਈ ਹੀ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਪਿੰਡ ਮੀਏਂਵਾਲ ਅਰਾਈਆਂ ਦੇ ਨੌਜਵਾਨ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਪਿੰਡ ਪੂਨੀਆਂ ਵਿੱਚ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਘਰਸ਼ ਕਮੇਟੀ ਵੱਲੋਂ ਉਠਾਏ ਸਾਰੇ ਮਸਲਿਆਂ ਦੇ ਹੱਲ ਵਾਸਤੇ ਉਨ੍ਹਾਂ ਕੋਲੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ, ਜਿਸਨੂੰ ਉਨ੍ਹਾਂ ਅਸਵੀਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਕਮੇਟੀ ਨੂੰ ਸਹਿਮਤ ਕਰਨ ਲਈ ਹੋਰ ਯਤਨ ਕਰਨਗੇ।