ਧਾਰਮਿਕ ਸਥਾਨ ’ਚ ਬੱਚੇ ਨਾਲ ਬਦਫੈਲੀ; ਕੇਸ ਦਰਜ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਅਕਤੂਬਰ
ਪੁਲੀਸ ਥਾਣਾ ਸ਼ਹਿਰੀ ਜਗਰਾਉਂ ਦੀ ਪੁਲੀਸ ਨੇ ਇੱਕ ਅੱਠ ਸਾਲਾ ਬੱਚੇ ਨਾਲ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੁਕਰਮ ਕਰਨ ਦੇ ਦੋਸ਼ ਹੇਠ ਇੱਕ ਧਾਰਮਿਕ ਅਸਥਾਨ ’ਚ ਰਹਿਣ ਵਾਲੇ ਇੱਕ ਕਥਿਤ ਬਾਬੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਕੋਲ ਮਾਪਿਆਂ ਨਾਲ ਪੁੱਜੇ ਬੱਚੇ ਨੇ ਦੱਸਿਆ ਕਿ ਉਹ ਛੋਟੇ ਹੁੰਦੇ ਪੜ੍ਹਨੋਂ ਹਟ ਜਾਣ ਮਗਰੋਂ ਇਸ ਅਸਥਾਨ ’ਤੇ ਰਹਿਣ ਲੱਗ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਇੱਥੇ ਰਹਿੰਦੇ ਬਾਬਾ ਜੱਸੀ (ਜਿਸ ਦਾ ਪਿੰਡ ਕਾਉਂਕੇ ਕਲਾਂ ਹੈ), ਨੇ ਪ੍ਰਸ਼ਾਦ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਉਸ ਨਾਲ ਬਦਫੈਲੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਉਸ ਨੇ ਇਸ ਦੀ ਵੀਡੀਓ ਵੀ ਬਣਾ ਲਈ ਤੇ ਡਰਾ-ਧਮਕਾ ਕੇ ਉਸ ਨਾਲ ਤਿੰਨ ਸਾਲਾਂ ਤੱਕ ਬਦਫੈਲੀ ਕਰਦਾ ਰਿਹਾ।
ਇਸ ਦੌਰਾਨ ਕੁੱਝ ਦਿਨ ਪਹਿਲਾਂ ਬੱਚੇ ਨੇ ਕਥਿਤ ਦੋਸ਼ੀ ਦੀਆਂ ਹਰਕਤਾਂ ਬਾਰੇ ਆਪਣੀ ਮਾਂ ਨੂੰ ਦੱਸਿਆ ਜਿਸ ਨੇ ਬੱਚੇ ਨੂੰ ਨਾਲ ਲੈ ਕੇ ਪੁਲੀਸ ਕੋਲ ਸ਼ਿਕਾਇਤ ਕੀਤੀ। ਪੁਲੀਸ ਨੇ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਬਾਬਾ ਜੱਸੀ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਭਾਈ ਅੰਮ੍ਰਿਤਪਾਲ ਸਿੰਘ ਮੈਹਰੋਂ ਨੇ ਪੁਲੀਸ ਕਪਤਾਨ ਨੂੰ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪੁਲੀਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ
ਪੁਲੀਸ ਅਧਿਕਾਰੀਆਂ ਨੇ ਬੱਚੇ ਨਾਲ ਬਦਫੈਲੀ ਕਰਨ ਵਾਲੇ ਮੁਲਜ਼ਮ ਜੱਸੀ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਮੁੱਢਲੀ ਪੁੱਛ-ਗਿੱਛ ’ਚ ਪਤਾ ਲੱਗਾ ਕਿ ਮੁਲਜ਼ਮ ਜੱਸੀ ਕੀਰਤਨ ਦੀ ਡਿਊਟੀ ਕਰਦਾ ਸੀ। ਪੁਲੀਸ ਨੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਅਦਾਲਤੀ ਚਾਰਾਜੋਈ ਕਰਨ ਲਈ ਕਾਗਜ਼ੀ ਕਾਰਵਾਈ ਆਰੰਭ ਕਰ ਦਿੱਤੀ ਹੈ।