ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਲ ਬਾਜ਼ਾਰ ਵਿੱਚ ਵਧਦਾ ਮੁਕਾਬਲਾ ਅਤੇ ਨਵੇਂ ਸੰਸਾਰ ਸਮੀਕਰਨ

07:35 AM Jul 06, 2024 IST
ਮਾਨਵ

ਅਮਰੀਕਾ ਅਤੇ ਚੀਨ ਦੀ ਟੱਕਰ ਹੁਣ ਤੇਲ ਦੇ ਬਾਜ਼ਾਰ ਵਿੱਚ ਵੀ ਤੇਜ਼ ਹੋਣ ਵਾਲੀ ਹੈ। ਪਿਛਲੇ ਦਿਨੀਂ ਸਾਊਦੀ ਅਰਬ ਨੇ ਅਮਰੀਕਾ ਨਾਲ ਆਪਣੇ ਪੰਜਾਹ ਸਾਲ ਪੁਰਾਣੇ ‘ਤੇਲ ਬਦਲੇ ਡਾਲਰ’ ਸਮਝੌਤੇ (ਜਿਸ ਨੂੰ ਪੈਟਰੋਡਾਲਰ ਸਮਝੌਤੇ ਵਜੋਂ ਵੀ ਜਾਣਿਆ ਜਾਂਦਾ ਹੈ) ਦੀ ਮਿਆਦ ਪੁੱਗਣ ’ਤੇ ਨਵਿਆਉਣ ਦੀ ਥਾਂ ਇਸ ਨੂੰ ਖਤਮ ਕਰ ਦਿੱਤਾ। ਸਾਊਦੀ ਅਰਬ ਹੁਣ ਆਪਣੇ ਤੇਲ ਦੀ ਵੇਚ ਬਦਲੇ ਇਕੱਲੇ ਡਾਲਰ ਦੀ ਥਾਂ ਤਿੰਨ ਹੋਰ ਮੁਦਰਾਵਾਂ ਯੈੱਨ, ਯੂਆਨ ਤੇ ਯੂਰੋ ਵਿੱਚ ਵਪਾਰ ਲਈ ਸਹਿਮਤ ਹੋ ਗਿਆ ਹੈ ਜਿਹਨਾਂ ਵਿੱਚੋਂ ਸਭ ਤੋਂ ਅਹਿਮ ਚੀਨ ਦੀ ਮੁਦਰਾ ਯੂਆਨ ਹੈ।
ਸਾਊਦੀ ਅਰਬ ਅਤੇ ਅਮਰੀਕਾ ਦੇ ਦੁਵੱਲੇ ਰਿਸ਼ਤੇ ਪਿਛਲੇ ਪੰਜਾਹ ਸਾਲਾਂ ਤੋਂ ਮਜ਼ਬੂਤ ਚੱਲ ਰਹੇ ਸਨ। ਇਸ ਅਰਸੇ ਅੰਦਰ ਪੰਦਰਾਂ ਅਮਰੀਕੀ ਸਦਰ ਅਤੇ ਸੱਤ ਸਾਊਦੀ ਸੁਲਤਾਨ ਬਦਲੇ; ਦੋ ਖਾੜੀ ਯੁੱਧ, 9/11 ਦਾ ਹਮਲਾ ਤੇ ਫਿਰ ਇਰਾਕ, ਅਫਗਾਨਿਸਤਾਨ ਉੱਤੇ ਅਮਰੀਕਾ ਦਾ ਸਾਮਰਾਜੀ ਹਮਲਾ ਹੋਇਆ ਪਰ ਕੂਟਨੀਤੀ ਦੇ ਖੇਤਰ ਵਿੱਚ ਇਹੀ ਮੰਨਿਆ ਗਿਆ ਕਿ ਸਾਊਦੀ ਅਰਬ ਤੇ ਅਮਰੀਕਾ ਦੇ ਰਿਸ਼ਤਿਆਂ ਦੀ ਜ਼ਮੀਨ ਬਹੁਤ ਮਜ਼ਬੂਤ ਹੈ। ਇਹ ਸੀ ਵੀ ਕਿਉਂ ਜੋ ਇਸ ਦੀ ਬੁਨਿਆਦੀ ਮਜ਼ਬੂਤ ਪੈਟਰੋਡਾਲਰ ਸਮਝੌਤੇ ’ਤੇ ਟਿਕੀ ਸੀ।
1971 ਵਿੱਚ ਅਮਰੀਕਾ ਵੱਲੋਂ ਬ੍ਰੈਟਨ ਵੁਡਜ਼ ਸਮਝੌਤਾ ਅਤੇ ਡਾਲਰ-ਸੋਨ ਮਾਣਕ ਖਤਮ ਕਰਨ ਤੋਂ ਬਾਅਦ ਪੱਛਮੀ ਦੇਸ਼ਾਂ ਦੀਆਂ ਮੁਦਰਾਵਾਂ ਵਿੱਚ ਤੇਜ਼ ਉਤਰਾਅ-ਚੜ੍ਹਾਅ ਆਏ। ਇਸੇ ਦੌਰਾਨ 1973 ਵਿੱਚ ਅਰਬ ਅਤੇ ਇਜ਼ਰਾਈਲ ਦੀ ‘ਯੋਮ ਕਿਪੁਰ’ ਜੰਗ ਛਿੜ ਗਈ ਜਿਸ ਵਿੱਚ ਅਮਰੀਕਾ ਇਜ਼ਰਾਈਲ ਦੀ ਪਿੱਠ ’ਤੇ ਖਲੋ ਗਿਆ। ਇਸ ਤੋਂ ਖਫਾ ਹੋਏ ਅਰਬ ਮੁਲਕਾਂ ਨੇ ਸਾਊਦੀ ਅਗਵਾਈ ਵਿੱਚ ਅਮਰੀਕਾ ਨੂੰ ਤੇਲ ਬਰਾਮਦਾਂ ’ਤੇ ਪਾਬੰਦੀ ਲਾ ਦਿੱਤੀ। ਨਤੀਜੇ ਵਜੋਂ ਅਮਰੀਕਾ ਅੰਦਰ ਵਿਗੜ ਰਹੇ ਆਰਥਿਕ ਹਾਲਾਤ ਹੋਰ ਨਾਜ਼ੁਕ ਹੋ ਗਏ। ਇਸ ਵੱਡੇ ਫੈਸਲੇ ਤੋਂ ਸਾਲ ਮਗਰੋਂ ਹੀ ਸਾਊਦੀ ਅਰਬ ਨੇ ਮੁਕੰਮਲ ਯੂਟਰਨ ਮਾਰਦਿਆਂ ਜੂਨ 1974 ਵਿੱਚ ਉਸੇ ਅਮਰੀਕਾ ਨਾਲ ਪੈਟਰੋਡਾਲਰ ਸਮਝੌਤਾ ਕਰ ਲਿਆ ਜਿਸ ਉੱਪਰ ਉਹ ਪਾਬੰਦੀਆਂ ਦੀ ਅਗਵਾਈ ਕਰ ਰਿਹਾ ਸੀ। ਇਹ ਕਿੰਝ ਸੰਭਵ ਹੋਇਆ?
ਕਿਹਾ ਜਾਂਦਾ ਹੈ ਕਿ ਸਿਆਸਤ ਆਰਥਿਕਤਾ ਦਾ ਇਜ਼ਹਾਰ ਹੁੰਦੀ ਹੈ; ਭਾਵ, ਸਰਮਾਏਦਾਰਾ ਸਿਆਸਤ ਵਿੱਚ ਸਭ ਸਿਆਸੀ ਫੈਸਲਿਆਂ, ਸਮਝੌਤਿਆਂ ਪਿੱਛੇ ਸਰਮਾਏਦਾਰਾਂ ਅਤੇ ਉਹਨਾਂ ਦੀਆਂ ਸਰਕਾਰਾਂ ਦੇ ਹਿੱਤ ਲੁਕੇ ਹੁੰਦੇ ਹਨ। ਸਾਊਦੀ ਅਰਬ ਦੇ ਯੂਟਰਨ ਪਿੱਛੇ ਅਜਿਹੇ ਲੁਕੇ ਮਨੋਰਥ ਸ਼ਾਮਿਲ ਸਨ। ਅਰਬ-ਇਜ਼ਰਾਈਲ ਜੰਗ ਵਿੱਚ ਅਰਬ ਦੇਸ਼ਾਂ ਦੀ ਹਾਰ ਮਗਰੋਂ ਸਾਊਦੀ ਅਰਬ ਦੀ ਖੇਤਰੀ ਬਾਦਸ਼ਾਹਤ ਦੀਆਂ ਖਾਹਿਸ਼ਾਂ ਨੂੰ ਝਟਕਾ ਲੱਗਿਆ। ਸਾਊਦੀ ਅਰਬ ਖੁਦ ਨੂੰ ਮੱਧ-ਪੂਰਬ ਦੇ ਖਿੱਤੇ ਵਿੱਚ ਸਭ ਤੋਂ ਵੱਡਾ ਖਿਡਾਰੀ ਦੇਖਣਾ ਚਾਹੁੰਦਾ ਸੀ। ਇਸ ਮਕਸਦ ਲਈ ਉਸ ਨੂੰ ਆਧੁਨਿਕ ਹਥਿਆਰਾਂ ਤੇ ਆਰਥਿਕ ਮਦਦ ਦਰਕਾਰ ਸੀ ਜਿਹੜੀ ਉਸ ਨੂੰ ਅਮਰੀਕਾ ਵੱਲੋਂ ਮਿਲ ਸਕਦੀ ਸੀ। ਦੂਜੇ ਪਾਸੇ, ਆਰਥਿਕ ਮੰਦੀ ਤੋਂ ਉੱਭਰਨ ਵਾਸਤੇ ਆਪਣੇ ਡਾਲਰ ਦਬਦਬੇ ਨੂੰ ਮਜ਼ਬੂਤ ਕਰਨ ਵਾਸਤੇ ਅਮਰੀਕਾ ਨੂੰ ਵੀ ਸਾਊਦੀ ਅਰਬ ਦੀ ਲੋੜ ਸੀ ਕਿਉਂਕਿ ਉਸ ਵੇਲੇ ਅਮਰੀਕਾ ਤੇਲ ਦਾ ਦਰਾਮਦਕਾਰ ਮੁਲਕ ਸੀ ਤੇ ਇਸ ਦੀਆਂ ਤੇਲ ਲੋੜਾਂ ਬਹੁਤ ਜਿ਼ਆਦਾ ਸਨ। ਸਾਊਦੀ ਅਰਬ ਦੁਨੀਆ ਦੇ ਸਭ ਤੋਂ ਵੱਡੇ ਪੈਦਾਕਾਰਾਂ ਤੇ ਬਰਾਮਦਕਾਰਾਂ ਵਿੱਚੋਂ ਆਉਂਦਾ ਸੀ। ਇੱਕ ਤਾਂ ਸਿੱਧੇ ਤੌਰ ’ਤੇ ਅਮਰੀਕਾ ਦੀ ਸਾਊਦੀ ਤੇਲ ’ਤੇ ਨਿਰਭਰਤਾ ਸੀ; ਦੂਜਾ ਦੁਨੀਆ ਭਰ ਵਿੱਚ ਜਿੱਥੇ-ਜਿੱਥੇ ਵੀ ਸਾਊਦੀ ਤੇਲ ਵੇਚਿਆ ਜਾਂਦਾ ਸੀ, ਜੇ ਉਹ ਸਭੇ ਮੁਲਕ ਸਾਊਦੀ ਅਰਬ ਨੂੰ ਤੇਲ ਦਾ ਭੁਗਤਾਨ ਡਾਲਰ ਵਿੱਚ ਕਰਦੇ ਤਾਂ ਉਹਨਾਂ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਡਾਲਰ ਦੀ ਲੋੜ ਪੈਣੀ ਸੀ। ਇਸ ਨਾਲ ਅਮਰੀਕੀ ਡਾਲਰ ਦੀ ਮੰਗ ਲਗਾਤਾਰ ਵਧਣੀ ਸੀ ਅਤੇ ਡਾਲਰ ਨੇ ਹੋਰ ਤਕੜਾ ਹੋਣਾ ਸੀ। ਸੋ, ਦੋਹਾਂ ਧਿਰਾਂ ਨੇ ਜੰਗ ਵੇਲੇ ਦੀ ਕੁੜੱਤਣ ਛੱਡ ਕੇ ਆਪੋ-ਆਪਣੇ ਵਪਾਰ ਹਿੱਤਾਂ ਖਾਤਰ ਜੂਨ 1974 ਵਿੱਚ ਪੈਟਰੋਡਾਲਰ ਸਮਝੌਤਾ ਸਹੀਬੰਦ ਕੀਤਾ।
ਜੇ 1974 ਵਿੱਚ ਡਾਲਰ ਦੇ ਤੇਲ ਨਾਲ ਨੱਥੀ ਹੋ ਜਾਣ ਨੇ ਡਾਲਰ ਦਬਦਬੇ ਨੂੰ ਪੱਕਾ ਕਰਨ ਵਿੱਚ ਐਨਾ ਵੱਡਾ ਰੋਲ ਅਦਾ ਕੀਤਾ ਤਾਂ ਕੀ ਇਹ ਸੁਭਾਵਿਕ ਨਹੀਂ ਸੀ ਕਿ ਹੁਣ ਸਾਊਦੀ ਅਰਬ ਦੇ ਫੈਸਲੇ ਮਗਰੋਂ ਡਾਲਰ ਦੀ ਕੀਮਤ ਵਿੱਚ ਗਿਰਾਵਟ ਆਉਂਦੀ। ਡਾਲਰ ਬਾਜ਼ਾਰ ਵਿੱਚ ਵੱਡੀ ਹਲਚਲ ਛਿੜਨੀ ਚਾਹੀਦੀ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਕਿਉਂ? ਪੈਟਰੋਡਾਲਰ ਸਮਝੌਤਾ ਖਤਮ ਹੋਣ ਮਗਰੋਂ ਵੀ ਅਮਰੀਕੀ ਡਾਲਰ ਦੀ ਸਿਹਤ ’ਤੇ ਫੌਰੀ ਅਸਰ ਨਾ ਪੈਣ ਦਾ ਕਾਰਨ ਹੈ- ਪਿਛਲੇ ਪੰਜਾਹ, ਖਾਸਕਰ ਪਿਛਲੇ ਵੀਹ ਸਾਲਾਂ ਵਿੱਚ ਤੇਲ ਬਾਜ਼ਾਰ ਦੇ ਬਦਲੇ ਸਮੀਕਰਨ।
1991 ਵਿੱਚ ਅਮਰੀਕਾ ਅੰਦਰ ਤੇਲ ਕੱਢਣ ਦੀ ਸ਼ੇਲ ਵਿਧੀ ਦਾ ਈਜਾਦ ਹੋਣਾ ਵੱਡੀ ਤਕਨੀਕੀ ਤਰੱਕੀ ਸੀ ਜਿਸ ਨੇ ਤੇਲ ਸਨਅਤ ਨੂੰ ਅਗਲੇ ਵੀਹ ਸਾਲਾਂ ਵਿੱਚ ਬਦਲ ਕੇ ਰੱਖ ਦਿੱਤਾ। ਸ਼ੁਰੂ ਸ਼ੁਰੂ ਵਿੱਚ ਇਸ ਵਿਧੀ ਨਾਲ ਤੇਲ ਕੱਢਣ ਦੀ ਤਕਨੀਕ ਘੱਟ ਵਿਕਸਤ ਹੋਣ ਕਰ ਕੇ ਇਸ ਰਾਹੀਂ ਕੱਢਿਆ ਤੇਲ ਮਹਿੰਗਾ ਪੈਂਦਾ ਸੀ ਤੇ ਇਹ ਸਾਊਦੀ ਜਾਂ ਰੂਸ ਦੇ ਕੱਚੇ ਤੇਲ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਪਰ ਸਮੇਂ ਨਾਲ ਤਕਨੀਕ ਵਿੱਚ ਆਈ ਤੇਜ਼ੀ ਨੇ ਇਹ ਵਿਧੀ ਹੋਰ ਸਸਤਾ ਬਣੀ ਦਿੱਤੀ ਤੇ 2005 ਤੋਂ ਇਸ ਰਾਹੀਂ ਅਮਰੀਕਾ ਦੀ ਤੇਲ ਪੈਦਾਵਾਰ ਤੇਜ਼ੀ ਨਾਲ ਵਧਣ ਲੱਗੀ। 2014 ਆਉਂਦੇ-ਆਉਂਦੇ ਅਮਰੀਕਾ ਕੱਚੇ ਤੇਲ ਦੇ ਮਾਮਲੇ ਵਿੱਚ ਸਵੈ-ਨਿਰਭਰ ਹੋ ਗਿਆ ਤੇ 2016 ਵਿੱਚ ਇਸ ਨੇ ਪਹਿਲੀ ਵਾਰੀ ਸੰਸਾਰ ਮੰਡੀ ਵਿੱਚ ਆਪਣਾ ਤੇਲ ਵੇਚਣਾ ਸ਼ੁਰੂ ਕਰ ਦਿੱਤਾ। ਅੱਜ 2023-24 ਵਿੱਚ ਅਮਰੀਕਾ ਦੁਨੀਆ ਵਿੱਚ ਤੇਲ ਦਾ ਸਭ ਤੋਂ ਵੱਡਾ ਪੈਦਾਕਾਰ ਤੇ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਬਣ ਗਿਆ ਹੈ।
ਤੇਲ ਬਾਜ਼ਾਰ ਵਿੱਚ ਇਸ ਦਾਖਲੇ ਨਾਲ ਅਮਰੀਕਾ ਓਪੇਕ ਮੁਲਕਾਂ ਦਾ ਤਕੜਾ ਮੁਕਾਬਲੇਬਾਜ਼ ਬਣ ਗਿਆ। ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਅਗਵਾਈ ਵਿੱਚ ਪੱਛਮੀ ਯੂਰੋਪ ਦੇ ਕਈ ਮੁਲਕਾਂ ਨੇ ਰੂਸ ਉੱਪਰ ਪਾਬੰਦੀਆਂ ਲਾਈਆਂ ਤਾਂ ਰਵਾਇਤੀ ਤੌਰ ’ਤੇ ਰੂਸ ਦੇ ਤੇਲ ਦੀ ਮੰਡੀ ਰਹੇ ਪੱਛਮੀ ਯੂਰੋਪ ਨੂੰ ਤੇਲ ਦੀ ਪੂਰਤੀ ਬੰਦ ਹੋ ਗਈ। ਅਮਰੀਕਾ ਨੂੰ ਪਤਾ ਸੀ ਕਿ ਅਜਿਹੀ ਹਾਲਤ ਦਾ ਸਭ ਤੋਂ ਵੱਧ ਲਾਭ ਉਸ ਨੂੰ ਹੋਵੇਗਾ, ਇਸੇ ਲਈ ਅੱਜ ਪੱਛਮੀ ਯੂਰੋਪ ਦੇ ਬਾਜ਼ਾਰ ਅਮਰੀਕੀ ਤੇਲ ਨਾਲ ਅੱਟੇ ਪਏ ਹਨ ਜਿਹੜੇ ਪਹਿਲਾਂ ਰੂਸ ਜਾਂ ਸਾਊਦੀ ਤੇਲ ਨਾਲ ਚਲਦੇ ਸਨ। ਇਸ ਲਈ ਸਾਊਦੀ ਅਰਬ ਵੱਲੋਂ ਪੈਟਰੋਡਾਲਰ ਸਮਝੌਤਾ ਬੰਦ ਕਰਨ ਦੇ ਬਾਵਜੂਦ ਡਾਲਰ ’ਤੇ ਸਿੱਧਾ ਅਸਰ ਨਹੀਂ ਪਿਆ।
ਮੱਧ ਪੂਰਬ ਦੇ ਤੇਲ ਬਾਜ਼ਾਰ ਵਿੱਚੋਂ ਅਮਰੀਕਾ ਦੇ ਬਾਹਰ ਹੋਣ ਨੇ ਚੀਨ ਨੂੰ ਇਸ ਖੇਤਰ ਵਿੱਚ ਆਪਣਾ ਪ੍ਰਭਾਵ ਵਧਾਉਣ ਦਾ ਮੌਕਾ ਦਿੱਤਾ। ਪਿਛਲੇ ਦੋ ਸਾਲਾਂ ਵਿਚ ਚੀਨ ਨੇ ਭਾਰਤ ਦੇ ਵਿਰੋਧ ਨੂੰ ਕਿਨਾਰੇ ਕਰਦਿਆਂ ਸਾਊਦੀ ਅਰਬ ਨੂੰ ਬਰਿਕਸ ਗੱਠਜੋੜ ਵਿੱਚ ਸ਼ਾਮਿਲ ਕਰਨ ਲਈ ਅਹਿਮ ਰੋਲ ਅਦਾ ਕੀਤਾ, ਸਾਊਦੀ ਅਰਬ ਦੇ ਰਵਾਇਤੀ ਵਿਰੋਧੀ ਰਹੇ ਇਰਾਨ ਨਾਲ ਪਿਛਲੇ ਸਾਲ ਆਪਣੀ ਅਗਵਾਈ ਵਿੱਚ ਸੁਲਾਹ ਕਰਵਾਈ ਅਤੇ ਹੁਣ ਸਾਊਦੀ ਅਰਬ ਦੀ ਸਭ ਤੋਂ ਵੱਡੀ ਤੇਲ ਕੰਪਨੀ ਸਾਊਦੀ ਅਰਾਮਕੋ ਚੀਨ ਵਿੱਚ ਨਿਵੇਸ਼ ਵਧਾ ਰਹੀ ਹੈ। ਬਦਲੇ ਵਿੱਚ ਚੀਨ ਨੇ ਸਾਊਦੀ ਅਰਬ ਦਾ ਸਭ ਤੋਂ ਵੱਡਾ ਵਪਾਰ ਭਾਈਵਾਲ ਹੋਣ ਨਾਤੇ ਤੇਲ ਬਦਲੇ ਯੂਆਨ ਦੇਣ ਦੀ ਪੇਸ਼ਕਸ਼ ਸਵੀਕਾਰ ਕਰਵਾ ਲਈ। ਚੀਨ ਨੇ ਸਾਊਦੀ ਨੂੰ ਡਿਜੀਟਲ ਮੁਦਰਾ ਦੇ ਆਪਣੇ ਪ੍ਰਾਜੈਕਟ ਐੱਮਬਰਿੱਜ ਵਿੱਚ ਸ਼ਾਮਲ ਕਰ ਲਿਆ ਹੈ।
ਕਹਿਣ ਦਾ ਭਾਵ, ਤੇਲ ਮੰਡੀ ਵਿੱਚ, ਘੱਟੋ-ਘੱਟ ਏਸ਼ੀਆ ਦੇ ਬਾਜ਼ਾਰ ਵਿੱਚੋਂ ਡਾਲਰ ਦੀ ਵਿਦਾਈ ਤੈਅ ਹੈ ਪਰ ਇਸ ਖੁੱਸੇ ਬਾਜ਼ਾਰ ਨੂੰ ਅਮਰੀਕਾ ਨੇ ਪੱਛਮੀ ਯੂਰੋਪ ਦੇ ਆਪਣੇ ਪੁਰਾਣੇ ਸੰਗੀਆਂ ਰਾਹੀਂ ਪੂਰ ਕੇ ਫਿਲਹਾਲ ਭਰਪਾਈ ਕਰ ਲਈ ਹੈ। ਦੂਜੇ ਪਾਸੇ, ਏਸ਼ੀਆ ਵਿੱਚ ਡਾਲਰ ਦੀ ਥਾਂ ਹੁਣ ਪੈਟਰੋਯੂਆਨ ਦਾ ਰੁਝਾਨ ਹੋਣਾ ਵੀ ਤੈਅ ਹੈ। ਇਉਂ ਤੇਲ ਮੰਡੀ ਦੇ ਦੋ ਬਾਜ਼ਾਰਾਂ- ਓਪੇਕ ਗੈਰ-ਓਪੇਕ, ਦਰਮਿਆਨ ਮੁਕਾਬਲਾ ਆਉਂਦੇ ਸਾਲਾਂ ਵਿੱਚ ਤਿੱਖਾ ਹੋਣ ਵਾਲਾ ਹੈ। ਓਪੇਕ ਦੇ ਤਿੰਨ ਵੱਡੇ ਮੈਂਬਰਾਂ- ਸਾਊਦੀ ਅਰਬ, ਇਰਾਨ ਤੇ ਸੰਯੁਕਤ ਅਰਬ ਅਮੀਰਾਤ, ਦੇ ਚੀਨ-ਰੂਸ ਅਗਵਾਈ ਵਾਲੇ ਬਰਿਕਸ ਗੱਠਜੋੜ ਵਿੱਚ ਸ਼ਾਮਿਲ ਹੋ ਜਾਣ ਦਾ ਮਤਲਬ ਹੈ ਕਿ ਤੇਲ ਦਾ ਮੁਕਾਬਲਾ ਵੀ ਹੁਣ ਅਮਰੀਕੀ ਤੇ ਪੱਛਮੀ ਯੂਰੋਪੀ ਦੇਸ਼ਾਂ ਤੇ ਜਪਾਨ ਦੀ ਮੈਂਬਰੀ ਵਾਲੇ ਜੀ-7 ਗੱਠਜੋੜ ਤੇ ਚੀਨ-ਰੂਸ ਅਗਵਾਈ ਵਾਲੇ ਬਰਿਕਸ ਗੱਠਜੋੜ ਅਧੀਨ ਆ ਗਿਆ ਹੈ।
ਪੈਟਰੋਡਾਲਰ ਦੀ ਥਾਂ ਪੈਟਰੋਯੂਆਨ ਦਾ ਕਾਇਮ ਹੋਣਾ ਘੱਟੋ-ਘੱਟ ਏਸ਼ੀਆ ਦੇ ਤੇਲ ਬਾਜ਼ਾਰਾਂ ਵਿੱਚ ਅ-ਡਾਲਰੀਕਰਨ ਦੀ ਉਸੇ ਪ੍ਰਕਿਰਿਆ ਦਾ ਵਿਸਥਾਰ ਹੈ ਜਿਸ ਨੂੰ ਚੀਨ-ਰੂਸ ਧੁਰੀ ਸ਼ਿੱਦਤ ਨਾਲ ਅੱਗੇ ਵਧਾ ਰਹੀ ਹੈ। ਅਮਰੀਕਾ ਦੇ ਦਬਦਬੇ ਵਿੱਚ ਡਾਲਰ ਦਾ ਕੇਂਦਰੀ ਰੋਲ ਰਿਹਾ ਹੈ, ਇਸ ਲਈ ਡਾਲਰ ਦੀ ਹਾਲਤ ਨੂੰ ਲੱਗਣ ਵਾਲਾ ਖੋਰਾ ਲਾਜ਼ਮੀ ਤੌਰ ’ਤੇ ਅਮਰੀਕਾ ਦੀ ਸਾਖ ਨੂੰ ਵੀ ਖੋਰਾ ਹੈ। ਕੌਮਾਂਤਰੀ ਮੁਦਰਾ ਕੋਸ਼ ਦੇ ਪੇਪਰ ਮੁਤਾਬਕ 1999 ਵਿੱਚ ਸੰਸਾਰ ਦੇ ਕੇਂਦਰੀ ਬੈਂਕਾਂ ਦੇ ਰਾਖਵੇਂ ਭੰਡਾਰਾਂ ਵਿੱਚ ਡਾਲਰ ਦਾ ਹਿੱਸਾ 71% ਸੀ ਜਿਹੜਾ 2021 ਤੱਕ ਘਟ ਕੇ 59% ਰਹਿ ਗਿਆ। ਅ-ਡਾਲਰੀਕਰਨ ਦਾ ਜੋ ਅਮਲ ਪਿਛਲੇ ਵੀਹ ਸਾਲਾਂ ਤੋਂ ਹੌਲ਼ੀ-ਹੌਲ਼ੀ ਚੱਲ ਰਿਹਾ ਹੈ, ਉਸ ਦੇ ਰੂਸ-ਯੂਕਰੇਨ ਘਟਨਾਕ੍ਰਮ, ਹੁਣ ਸਾਊਦੀ ਅਰਬ ਦੇ ਚੀਨ ਵੱਲ ਮੁੜਨ ਅਤੇ ਬਰਿਕਸ ਦੇ ਵਿਸਥਾਰ ਨਾਲ ਤੇਜੀ ਫੜਨ ਦੀ ਸੰਭਾਵਨਾ ਹੈ।
ਤੇਲ ਬਾਜ਼ਾਰ ਵਿੱਚੋਂ ਡਾਲਰ ਨੂੰ ਲੱਗਣ ਵਾਲਾ ਖੋਰਾ ਸੰਸਾਰ ਸਿਆਸਤ ਵਿੱਚ ਵੱਡੀ ਘਟਨਾ ਹੈ ਤੇ ਇਹ ਸੰਸਾਰ ਸਰਮਾਏਦਾਰਾ ਪ੍ਰਬੰਧ ਨੂੰ ਹੋਰ ਵਧੇਰੇ ਅਸਥਿਰਤਾ ਵੱਲ ਲੈ ਕੇ ਜਾਵੇਗੀ ਪਰ ਇਸ ਨਾਲ ਨਾ ਤਾਂ ਸਾਮਰਾਜ ਤੇ ਨਾ ਸਾਮਰਾਜੀ ਲੁੱਟ ਖਤਮ ਹੋਣੀ ਹੈ। ਦੂਜਾ ਨੁਕਤਾ ਇਹ ਕਿ ਅਮਰੀਕਾ ਨੇ ਡਾਲਰ ਦੀ ਗਿਰਾਵਟ ਨੂੰ ਬੈਠ ਕੇ ਤੱਕਦੇ ਨਹੀਂ ਰਹਿਣਾ। ਆਪਣੀ ਸਾਖ ਲਈ ਇਹ ਨਵੀਆਂ ਮੰਡੀਆਂ ਤਲਾਸ਼ ਰਿਹਾ ਹੈ, ਨਾਲ ਹੀ ਆਪਣੇ ਫੌਜੀ ਗਲਬੇ ਦੇ ਸਹਾਰੇ ਵਧੇਰੇ ਹਿੰਸਕ ਵੀ ਹੋਵੇਗਾ ਜਿਸ ਦਾ ਨਤੀਜਾ ਅਮਰੀਕਾ ਤੇ ਚੀਨ-ਰੂਸ ਧੜਿਆਂ ਵਿਚਕਾਰ ਤਿੱਖਾ ਟਕਰਾਓ ਹੋਵੇਗਾ। ਇਹ ਟਕਰਾਅ ਯੂਕਰੇਨ ਜੰਗ ਵਾਂਗ ਲੋਕਾਈ ਨੂੰ ਤਬਾਹੀ ਤੇ ਉਜਾੜੇ ਵੱਲ ਧੱਕੇਗਾ।
ਸੰਪਰਕ: 98888-08188

Advertisement

Advertisement